ਪਿਤਰੋਦਾ ਨੂੰ 1984 ਬਿਆਨ ਬਾਰੇ ਮੁਆਫ਼ੀ ਮੰਗਣ ਲਈ ਕਹਿ ਦਿੱਤਾ: ਰਾਹੁਲ


ਹੁਸ਼ਿਆਰਪੁਰ/ਖੰਨਾ/ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਇੱਥੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਡਾæ ਰਾਜ ਕੁਮਾਰ ਚੱਬੇਵਾਲ ਦੇ ਹੱਕ ‘ਚ ਰੈਲੀ ਨੂੰ ਸੰਬੋਧਨ ਕਰਦਿਆਂ 1984 ਦੇ ਦੰਗਿਆਂ ਬਾਰੇ ਕਾਂਗਰਸ ਆਗੂ ਸੈਮ ਪਿਤਰੋਦਾ ਵੱਲੋਂ ਕੀਤੀ ਗਈ ਟਿੱਪਣੀ ਨੂੰ ਜਾਇਜ਼ ਨਾ ਦੱਸਦਿਆਂ ਕਿਹਾ ਕਿ ’84 ‘ਚ ਜੋ ਕੁੱਝ ਵੀ ਹੋਇਆ, ਗਲਤ ਹੋਇਆ। ਉਨ੍ਹਾਂ ਕਿਹਾ ਕਿ ਇਸ ਲਈ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਤੇ ਹੋਵੇਗੀ। ਰਾਹੁਲ ਨੇ ਕਿਹਾ ਕਿ ਉਨ੍ਹਾਂ ਖੁਦ ਸੈਮ ਪਿਤਰੋਦਾ ਨੂੰ ਫ਼ੋਨ ਕਰ ਕੇ ਆਪਣੀ ਟਿੱਪਣੀ ਲਈ ਮੁਆਫ਼ੀ ਮੰਗਣ ਲਈ ਕਿਹਾ ਸੀ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅੱਜ ਸਾਰੇ ਦੇਸ਼ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਸਲੀਅਤ ਦਾ ਗਿਆਨ ਹੋ ਗਿਆ ਹੈ ਅਤੇ ਲੋਕ ਜਾਣ ਗਏ ਹਨ ਕਿ ‘ਚੌਕੀਦਾਰ’ ਨੇ ਹੀ ਦੇਸ਼ ਦੇ ਖ਼ਜ਼ਾਨੇ ਲੁਟਾਏ ਹਨ। ਉਨ੍ਹਾਂ ਚੁਣੌਤੀ ਦੁਹਰਾਉਂਦਿਆਂ ਕਿਹਾ ਕਿ ਜੇ ਰਾਫਾਲ ਮੁੱਦੇ ‘ਤੇ ਮੋਦੀ 15 ਮਿੰਟ ਵੀ ਉਨ੍ਹਾਂ ਦੀ ਅੱਖ ਵਿਚ ਅੱਖ ਪਾ ਕੇ ਸੰਸਦ ‘ਚ ਬਹਿਸ ਕਰ ਲੈਂਦੇ ਤਾਂ ਦੇਸ਼ ਨੂੰ ਮੂੰਹ ਦਿਖਾਉਣ ਜੋਗੇ ਨਾ ਰਹਿੰਦੇ। ਗਾਂਧੀ ਨੇ ਂ ਕਿਹਾ ਕਿ ਨੋਟਬੰਦੀ ਨੇ ਲੋਕਾਂ ਦਾ ਲੱਕ ਤੋੜ ਦਿੱਤਾ, ਵਪਾਰ ਖ਼ਤਮ ਹੋ ਗਏ। ਭਾਜਪਾ ਕਾਰਜਕਾਲ ਦੌਰਾਨ ਬੇਰੁਜ਼ਗਾਰੀ ਸਭ ਤੋਂ ਉਤਲੇ ਪੱਧਰ ‘ਤੇ ਹੈ। ਕਾਂਗਰਸ ਨੇ ਗਰੀਬੀ ਦੂਰ ਕਰਨ ਲਈ ‘ਨਿਆਏ’ ਯੋਜਨਾ ਤਿਆਰ ਕੀਤੀ ਹੈ ਤੇ ਇਸ ਦੇ ਸਾਰਥਕ ਨਤੀਜੇ ਨਿਕਲਣਗੇ। ਕਾਂਗਰਸ ਸਰਕਾਰ ਬਣਨ ‘ਤੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ ਤੇ ਦੇਸ਼ ਦੀ ਆਰਥਿਕਤਾ ਨੂੰ ਇਕ ਵਾਰ ਫ਼ਿਰ ਪੱਟੜੀ ‘ਤੇ ਲਿਆਂਦਾ ਜਾਵੇਗਾ। ਰਾਹੁਲ ਨੇ ਕਿਹਾ ਕਿ ਸਰਕਾਰ ਬਣਨ ਦੀ ਸੂਰਤ ਵਿਚ ਕਾਂਗਰਸ ਕੌਮੀ ਮੈਨੀਫ਼ੈਸਟੋ ਦੇ ਨਾਲ-ਨਾਲ ਪੰਜਾਬ ਦੇ ਕਿਸਾਨਾਂ ਲਈ ਵੱਖਰਾ ਮੈਨੀਫ਼ੈਸਟੋ ਜਾਰੀ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਕੋਈ ਵੀ ਕਿਸਾਨ ਕਰਜ਼ਾ ਨਾ ਮੋੜਨ ਦੇ ਦੋਸ਼ ‘ਚ ਜੇਲ੍ਹ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਨਿਆਂ ਸਕੀਮ ਤਹਿਤ 25 ਕਰੋੜ ਗਰੀਬ ਲੋਕਾਂ ਦੇ ਖ਼ਾਤਿਆਂ ‘ਚ ਹਰ ਸਾਲ ਆਉਣ ਵਾਲੇ 72 ਹਜ਼ਾਰ ਰੁਪਏ ਔਰਤਾਂ ਦੇ ਖਾਤਿਆਂ ‘ਚ ਪਾਏ ਜਾਣਗੇ। ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਦਲਿਤ ਵਿਰੋਧੀ ਦੱਸਦਿਆਂ ਕਿਹਾ ਕਿ ਇਸੇ ਸਰਕਾਰ ਦੇ ਰਾਜ ਵਿਚ ਰੋਹਿਤ ਵੇਮੁਲਾ ਵਰਗੇ ਦਲਿਤ ਨੌਜਵਾਨਾਂ ਨੂੰ ਜਾਨ ਤੋਂ ਹੱਥ ਧੋਣੇ ਪਏ, ਦਲਿਤਾਂ, ਆਦਿਵਾਸੀਆਂ ਤੇ ਘੱਟ ਗਿਣਤੀਆਂ ਨੂੰ ਮਾਰਿਆ ਕੁੱਟਿਆ ਗਿਆ ਪਰ ਪ੍ਰਧਾਨ ਮੰਤਰੀ ਇਕ ਸ਼ਬਦ ਨਹੀਂ ਬੋਲੇ। ਰਾਹੁਲ ਨੇ ਵਾਅਦਾ ਕੀਤਾ ਕਿ ਕਾਂਗਰਸ ਦੇ ਸੱਤਾ ਵਿਚ ਆਉਣ ਤੋਂ ਬਾਅਦ ਮਨਰੇਗਾ ਸਕੀਮ ਤਹਿਤ ਸੌ ਦਿਨ ਦੀ ਥਾਂ ‘ਤੇ ਡੇਢ ਸੌ ਦਿਨ ਰੁਜ਼ਗਾਰ ਦਿੱਤਾ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਪੰਜਾਬ ਸਰਕਾਰ ਦੀਆਂ ਦੋ ਸਾਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਚ ਸਮਝ ਕੇ ਵੋਟਾਂ ਪਾਉਣ। ਉਨ੍ਹਾਂ ਫ਼ੌਜੀਆਂ ਲਈ ਇਕ ਰੈਂਕ ਇਕ ਪੈਨਸ਼ਨ ਸੰਪੂਰਨ ਤੌਰ ‘ਤੇ ਲਾਗੂ ਕਰਨ ਦਾ ਵਾਅਦਾ ਵੀ ਕੀਤਾ। ਰੈਲੀ ਵਿਚ ਪੰਜਾਬ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ, ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਹੰਸ ਪਾਲ, ਉਮੀਦਵਾਰ ਡਾæ ਰਾਜ ਕੁਮਾਰ ਚੱਬੇਵਾਲ ਤੋਂ ਇਲਾਵਾ ਜਲੰਧਰ ਤੋਂ ਉਮੀਦਵਾਰ ਚੌਧਰੀ ਸੰਤੋਖ ਸਿੰਘ ਵੀ ਸ਼ਾਮਲ ਹੋਏ। ਖੰਨਾ ‘ਚ ਕੀਤੀ ਰੈਲੀ ਵਿਚ ਰਾਹੁਲ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ ‘ਤੇ ਖਾਲੀ ਪਈਆਂ ਸਰਕਾਰੀ ਅਸਾਮੀਆਂ ਭਰੀਆਂ ਜਾਣਗੀਆਂ, 10 ਲੱਖ ਨੌਜਵਾਨਾਂ ਨੂੰ ਪੰਚਾਇਤਾਂ ਵਿਚ ਰੁਜ਼ਗਾਰ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਪਾਰਟੀ ਉਮੀਦਵਾਰ ਡਾæ ਅਮਰ ਸਿੰਘ ਨੂੰ ਜਿਤਾਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਸੂਬੇ ‘ਚ ਵਿਧਾਨ ਸਭਾ ਚੋਣਾਂ ਦੌਰਾਨ ਮੈਨੀਫੈਸਟੋ ‘ਚ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਕੈਪਟਨ ਨੇ ਕਿਹਾ ਕਿ ਇਕ ਮਹਿਕਮਾ ਬਣਾਇਆ ਜਾ ਰਿਹਾ ਹੈ ਜੋ ਵਿਦੇਸ਼ ਜਾਣ ਵਾਲੇ ਬੱਚਿਆਂ ਦੀ ਮਦਦ ਕਰੇਗਾ। ਦਿਲਚਸਪ ਗੱਲ ਇਹ ਸੀ ਕਿ ਰੈਲੀ ਵਿਚ ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਮੌਜੂਦਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਇਸ ਰੈਲੀ ਵਿਚ ਨਹੀਂ ਪੁੱਜੇ। ਜਦਕਿ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਕੈਪਟਨ ਅਮਰਿੰਦਰ ਸਿੰਘ ਸਟੇਜ ‘ਤੇ ਰਾਹੁਲ ਗਾਂਧੀ ਦੇ ਖੱਬੇ ਸੱਜੇ ਬੈਠੇ ਰਹੇ, ਪਰ ਦੋਵਾਂ ਨੇ ਦੁਆ-ਸਲਾਮ ਨਹੀਂ ਕੀਤੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *