ਰਾਹੁਲ ਵੱਲੋਂ ਬੇਅਦਬੀ ਦੇ ਮੁੱਦੇ ਨਾਲ ਕਾਂਗਰਸ ਦਾ ਬੇੜਾ ਪਾਰ ਕਰਨ ਦੀ ਕੋਸ਼ਿਸ਼


ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਰਹਿਮ ਦੇ ਹੱਕਦਾਰ ਨਹੀ
ਚੀਨ ਨੂੰ ਚੁਣੌਤੀ ਦੇਣ ਲਈ ਲੁਧਿਆਣਾ ਦੇ ਉਦਯੋਗ ਦੀ ਮੁੜ-ਸੁਰਜੀਤੀ ਦਾ ਕੀਤਾ ਵਾਅਦਾ
ਬਰਗਾੜੀ/ਬੇਅਦਬੀ ਦੇ ਮਾਮਲੇ ‘ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ‘ਤੇ ਵਰ੍ਹਦਿਆਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਬੇਅਦਬੀ ਦੇ ਮਾਮਲਿਆਂ ਤੇ ਬਰਗਾੜੀ ਘਟਨਾ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ | ਉਨ੍ਹਾਂ ਕਿਹਾ ਕਿ ਇਹ ਜੁਰਮ ਕਰਨ ਵਾਲਿਆਂ ਅਤੇ ਇਸ ਤੋਂ  ਬਾਅਦ ਪੁਲਿਸ ਗੋਲੀਬਾਰੀ ਦੀਆਂ ਵਾਪਰੀਆਂ ਘਟਨਾਵਾਂ ਦੇ ਸਬੰਧ ‘ਚ ਕਿਸੇ ਨੂੰ ਵੀ ਮੁਆਫ਼ ਨਹੀਂ ਕੀਤਾ ਜਾਵੇਗਾ | ਬਹਿਬਲ ਕਲਾਂ ਤੇ ਕੋਟਕਪੂਰਾ ਦੀਆਂ ਗੋਲੀ ਦੀਆਂ ਘਟਨਾਵਾਂ ਅਤੇ ਬੇਅਦਬੀ ਦੇ ਮਾਮਲਿਆਂ ਦੌਰਾਨ ਇਸ ਖਿੱਤੇ ਦੇ ਆਪਣੇ ਪਿਛਲੇ ਦੌਰੇ ਨੂੰ ਯਾਦ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਕਿਸੇ ਵੀ ਰਹਿਮਦਿਲੀ ਦੇ ਹੱਕਦਾਰ ਨਹੀਂ ਹਨ | ਫ਼ਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਅਤੇ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਦੇ ਸਮਰਥਨ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਪੰਜਾਬ ਅਤੇ ਬਾਕੀ ਭਾਰਤ ਨੂੰ ਬੇਇੱਜ਼ਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖੇ ਹਮਲੇ ਕੀਤੇ | ਰਾਹੁਲ ਗਾਂਧੀ ਨੇ ਲੁਧਿਆਣਾ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਛੋਟੇ ਤੇ ਦਰਮਿਆਨੇ ਵਪਾਰ ਦੀ ਮੁੜ ਸੁਰਜੀਤੀ ਕਰੇਗੀ | ਉਨ੍ਹਾਂ ਕਿਹਾ ਕਿ ‘ਮੇਡ ਇਨ ਲੁਧਿਆਣਾ’ ਤੋਂ ਬਿਨਾਂ ਭਾਰਤ, ਚੀਨ ਨੂੰ ਚੁਣੌਤੀ ਨਹੀਂ ਦੇ ਸਕਦਾ |
ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੁਹੰਮਦ ਸਦੀਕ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਬਰਗਾੜੀ ਵਿਖੇ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕੀਤਾ | ਉਨ੍ਹਾਂ ਆਪਣਾ ਭਾਸ਼ਣ ‘ਚੌਕੀਦਾਰ ਹਾਏ-ਹਾਏ’ ਦੇ ਨਾਅਰਿਆਂ ਨਾਲ ਸ਼ੁਰੂ ਕਰਦਿਆਂ ਕਿਹਾ ਕਿ ਮੋਦੀ ਕਹਿੰਦੇ ਹਨ ਕਿ ਵਿਕਾਸ ਲਈ ਪੈਸਾ ਕਿਥੋਂ ਆਵੇਗਾ, ਪ੍ਰੰਤੂ ਕਾਂਗਰਸ ਦੀ ਸਰਕਾਰ ਹਰ ਗਰੀਬ ਨੂੰ ਪ੍ਰਤੀ ਮਹੀਨਾ 6 ਹਜ਼ਾਰ ਰੁਪਏ ਸਹਾਇਤਾ ਦੇਵੇਗੀ ਅਤੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ | ਕੋਈ ਵੀ ਛੋਟਾ ਕਾਰੋਬਾਰ ਸ਼ੁਰੂ ਕਰਨ ਲਈ ਕਿਸੇ ਸਰਕਾਰੀ ਮਨਜ਼ੂਰੀ ਜਾਂ ਫ਼ੀਸ ਭਰਨ ਦੀ ਲੋੜ ਨਹੀਂ ਪਵੇਗੀ | ਉਨ੍ਹਾਂ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਡਾæ ਮਨਮੋਹਨ ਸਿੰਘ ਦਾ ਮਜ਼ਾਕ ਉਡਾਉਂਦੇ ਸਨ ਪ੍ਰੰਤੂ ਹੁਣ ਸਾਰਾ ਦੇਸ਼ ਨਰਿੰਦਰ ਮੋਦੀ ਦਾ ਮਜ਼ਾਕ ਉਡਾ ਰਿਹਾ ਹੈ, ਕਿਉਂਕਿ ਮੋਦੀ ਦੇ ਕਹੇ ਅਨੁਸਾਰ ਕਿਸੇ ਦੇ ਖਾਤੇ ‘ਚ 15 ਲੱਖ ਰੁਪਏ ਨਹੀਂ ਆਏ ਅਤੇ ਨਾ ਹੀ ਕਿਸੇ ਨੂੰ ਸਰਕਾਰੀ ਨੌਕਰੀ ਮਿਲੀ | ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਦਾਅਵੇ ਕਰਨ ਵਾਲੇ ਮੋਦੀ ਦੇ ਰਾਜ ‘ਚ ਅਨਿਲ ਅੰਬਾਨੀ ਵਰਗਿਆਂ ਨੂੰ ਵਡੇਰੇ ਲਾਭ ਮਿਲੇ ਅਤੇ ਵਿਜੈ ਮਾਲਿਆ, ਨੀਰਵ ਮੋਦੀ ਵਰਗੇ ਅਨੇਕਾਂ ਲੋਕ ਕਰੋੜਾਂ ਰੁਪਇਆ ਲੈ ਕੇ ਫ਼ਰਾਰ ਹੋ ਗਏ | ਕਾਂਗਰਸ ਸਰਕਾਰ ਆਉਣ ‘ਤੇ ਕਿਸੇ ਵੀ ਕਿਸਾਨ ਨੂੰ ਕਰਜ਼ਾ ਨਾ ਭਰਨ ਦੀ ਹਾਲਤ ‘ਚ ਜੇਲ੍ਹ ਨਹੀਂ ਜਾਣਾ ਪਵੇਗਾ ਅਤੇ ਪਹਿਲ ਦੇ ਆਧਾਰ ‘ਤੇ ਹਰ ਕਿਸਾਨ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ | ਕਾਂਗਰਸ ਪਾਰਟੀ ਆਪਣੇ ਮਨ ਦੀ ਬਾਤ ਨਹੀਂ ਕਰੇਗੀ ਸਗੋਂ ਸਾਰੇ ਧਰਮ, ਮਜ਼੍ਹਬ, ਰਾਜਾਂ ਦੇ ਲੋਕਾਂ ਦੀ ਗੱਲ ਕਰੇਗੀ ਅਤੇ ਸਾਰਿਆਂ ਨੂੰ ਨਾਲ ਲੈ ਕੇ ਦੇਸ਼ ਚਲਾਏਗੀ | ਦੇਸ਼ ਕਦੇ ਵੀ ਮੋਦੀ ਵਾਂਗ ਇਕੱਲਾ ਆਦਮੀ ਨਹੀਂ ਚਲਾ ਸਕਦਾ | ਉਨ੍ਹਾਂ ਬੇਅਦਬੀ ਮਾਮਲਿਆਂ ਨੂੰ ਯਾਦ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਆਉਣ ‘ਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਮੋਦੀ ਦੀ ਨੋਟਬੰਦੀ ਕਾਰਨ ਹਰ ਦੇਸ਼ ਵਾਸੀ ਨੂੰ ਬੈਂਕਾਂ ਅੱਗੇ ਆਪਣੇ ਪੈਸੇ ਲੈਣ ਲਈ ਵੀ ਲਾਈਨਾਂ ਵਿਚ ਖੜ੍ਹਨਾ ਪਿਆ | ਉਨ੍ਹਾਂ ਮੋਦੀ ਨੂੰ ਕਿਸੇ ਵੀ ਮੰਚ ‘ਤੇ ਖੁੱਲ੍ਹੀ ਬਹਿਸ ਕਰਨ ਦੀ ਚੁਣੌਤੀ ਦਿੱਤੀ | ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਦੀ ਸਹਾਇਤਾ ਲਈ ਅਨਿਲ ਅੰਬਾਨੀ, ਵਿਜੈ ਮਾਲਿਆ, ਨੀਰਵ ਮੋਦੀ ਵਰਗਿਆਂ ਦੇ ਖਾਤਿਆਂ ‘ਚੋਂ ਪੈਸਾ ਕਢਵਾਇਆ ਜਾਵੇਗਾ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *