ਕਦੋਂ ਤੱਕ ਸਿੱਖਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਦੀ ਰਹੇਗੀ ਕਾਂਗਰਸ: ਮੋਦੀ


ਕਿਹਾ ਕਿ 1984 ਕਤਲੇਆਮ ਦੇ ਦੋਸ਼ੀਆਂ ਨੂੰ ਸਲਾਖ਼ਾਂ ਪਿੱਛੇ ਪਹੁੰਚਾ ਕੇ ਪੀੜਤਾਂ ਨਾਲ ਵਾਅਦਾ ਪੂਰਾ ਕੀਤਾ
ਬਠਿੰਡਾ/ਬਠਿੰਡਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਕਾਲੀ-ਭਾਜਪਾ ਗੱਠਜੋੜ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ‘ਚ ਕੀਤੀ ‘ਵਿਜੈ ਸੰਕਲਪ ਰੈਲੀ’ ਨੂੰ ਸਥਾਨਕ ਥਰਮਲ ਗਰਾਊਂਡ ਵਿਖੇ ਸੰਬੋਧਨ ਕਰਦਿਆਂ ਇਕ ਵਾਰ ਫਿਰ ਕਾਂਗਰਸ ‘ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ 1984 ਸਿੱਖ ਕਤਲੇਆਮ ਨੂੰ ਸਹੀ ਠਹਿਰਾਅ ਕੇ ਕਦੋਂ ਤੱਕ ਸਿੱਖਾਂ ਦੇ ਜ਼ਖ਼ਮਾਂ ‘ਤੇ ਕਾਂਗਰਸ ਲੂਣ ਛਿੜਕਦੀ ਰਹੇਗੀ। ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਆਪਣੇ ਸਿਆਸੀ ਗੁਰੂ ਤੇ ਸਲਾਹਕਾਰ ਦੇ 1984 ‘ਚ ਸਿੱਖਾਂ ਦੇ ਕਤਲੇਆਮ ਨੂੰ ਸਹੀ ਠਹਿਰਾਉਣ ਵਾਲੇ ਬਿਆਨ ਉੱਤੇ ਸ਼ਰਮ ਆਉਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਇਸ ਪ੍ਰਭਾਵਸ਼ਾਲੀ ਰੈਲੀ ਨੂੰ ਮੋਦੀ ਨੇ ‘ਜੋ ਬੋਲੇ ਸੋ ਨਿਹਾਲ’ ਦੇ ਜੈਕਾਰੇ ਨਾਲ ਸ਼ੁਰੂ ਕਰਦਿਆਂ ਕਿਹਾ ਕਿ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਨੂੰ ਉਹ ਨਮਨ ਕਰਦੇ ਹਨ। ਗੁਰੂਆਂ ਕੋਲ ਆ ਕੇ ਉਨ੍ਹਾਂ ਨੂੰ ਹਮੇਸ਼ਾ ਸ਼ਾਂਤੀ ਦਾ ਅਹਿਸਾਸ ਹੋਇਆ ਹੈ। ਸ: ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਸੀਨੀਅਰ ਆਗੂਆਂ ਨਾਲ ਜੋ ਵੀ ਸਮਾਂ ਉਨ੍ਹਾਂ ਪੰਜਾਬ ‘ਚ ਬਿਤਾਇਆ ਉਸ ਨੇ ਉਨ੍ਹਾਂ ਨੂੰ ਬਹੁਤ ਕੁਝ ਸਿਖਾਇਆ। ਤੁਸੀਂ 5 ਸਾਲ ਪਹਿਲਾਂ ਜੋ ਮਜ਼ਬੂਤ ਸਰਕਾਰ ਬਣਾਈ ਉਸ ਦਾ ਰਿਪੋਰਟ ਕਾਰਡ ਤੁਹਾਡੇ ਸਭ ਦੇ ਸਾਹਮਣੇ ਹੈ। ਅੱਜ ਪੂਰੀ ਦੁਨੀਆ ‘ਚ ਭਾਰਤ ਦੀ ਸਾਖ ਨਵੀਂ ਬੁਲੰਦੀ ‘ਤੇ ਪਹੁੰਚੀ ਹੈ। ਭਾਰਤ ਨੂੰ 21ਵੀਂ ਸਦੀ ਦੀ ਵੱਡੀ ਤਾਕਤ ਬਣਾਉਣ ਲਈ ਇਕ ਵਾਰ ਮੁੜ ਤੋਂ ਮਜ਼ਬੂਤ ਸਰਕਾਰ ਦੀ ਦੇਸ਼ ਨੂੰ ਲੋੜ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਬਣਾਉਣ ਵਾਲੇ ਰਾਜੀਵ ਗਾਂਧੀ ਦੇ ਖ਼ਾਸ ਸਲਾਹਕਾਰ ਤੇ ਵਰਤਮਾਨ ‘ਚ ਨਾਮਦਾਰ (ਰਾਹੁਲ ਗਾਂਧੀ) ਦੇ ਗੁਰੂ ਨੇ ’84 ਦੇ ਦੰਗਿਆਂ ਨੂੰ ਲੈ ਕੇ ਜੋ ਕਿਹਾ ਉਸ ਦੀ ਪੂਰੇ ਦੇਸ਼ ਨੇ ਨਿੰਦਾ ਕੀਤੀ ਹੈ, ਜੋ ਕਾਂਗਰਸ ਦੀ ਸੋਚ ਅਤੇ ਹੰਕਾਰ ਨੂੰ ਦਰਸਾਉਂਦਾ ਹੈ। ਉਹ ਬਠਿੰਡਾ ਦੀ ਧਰਤੀ ਤੋਂ ਪੂਰੇ ਪੰਜਾਬ ਦੀ ਤਰਫ਼ੋਂ ਕਾਂਗਰਸ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਹ ਕਦੋਂ ਤੱਕ ਸਾਡੇ ਜ਼ਖ਼ਮਾਂ ‘ਤੇ ਨਮਕ ਛਿੜਕਦੀ ਰਹੇਗੀ। ਮੋਦੀ ਨੇ ਕਿਹਾ ਕਿ ਕਾਂਗਰਸ ਦੀਆਂ ਕਰਤੂਤਾਂ ਕਰਕੇ 34 ਸਾਲ ਤੱਕ ਦੰਗਾ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ ਪਰ ਤੁਹਾਡੇ ‘ਚੌਕੀਦਾਰ’ ਨੇ 2014 ‘ਚ ਜੋ ਵਾਅਦਾ ਬਾਦਲ ਸਾਹਿਬ ਨਾਲ ਖੜ੍ਹ ਕੇ ਕੀਤਾ ਸੀ ਉਹ ਪੂਰਾ ਕਰਕੇ ਵਿਖਾਇਆ ਹੈ। ਉਨ੍ਹਾਂ ਨੇ ਇਕ ਦੋਸ਼ੀ ਨੂੰ ਫਾਂਸੀ ਦੇ ਫੰਦੇ ਤੱਕ ਪਹੁੰਚਾਇਆ ਹੈ ਅਤੇ ਬਾਕੀਆਂ ਨੂੰ ਉਮਰ ਕੈਦ ਮਿਲੀ ਹੈ, ਜੋ ਰਹਿ ਗਏ ਹਨ ਉਹ ਵੀ ਜ਼ਿਆਦਾ ਦਿਨ ਬਾਹਰ ਨਹੀਂ ਰਹਿਣਗੇ। ਇਸ ਮੌਕੇ ਪੰਡਾਲ ‘ਚ ਸਮਰਥਕਾਂ ਵਲੋਂ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਉਨ੍ਹਾਂ ਕਿਹਾ ਕਿ ਐਨæ ਡੀæ ਏæ ਸਰਕਾਰ ਕਰਤਾਰਪੁਰ ਸਾਹਿਬ ਲਾਂਘਾ ਬਣਾਉਣ ਦਾ ਕੰਮ ਕਰ ਰਹੀ ਹੈ। ਮੋਦੀ ਨੇ ਕਿਹਾ ਕਿ ਐਨæ ਡੀæ ਏæ ਸਰਕਾਰ ਵਲੋਂ ਕਿਸਾਨਾਂ ਨੂੰ ਰਾਹਤ ਦੇਣ ਲਈ ਜੋ ਪੈਸੇ ਸਿੱਧੇ ਉਨ੍ਹਾਂ ਦੇ ਖਾਤੇ ‘ਚ ਜਮਾਂ ਕਰਵਾਏ ਜਾ ਰਹੇ ਹਨ ਦੁਬਾਰਾ ਸਰਕਾਰ ਬਣਨ ‘ਤੇ ਇਸ ਯੋਜਨਾ ਦਾ ਦਾਇਰਾ ਹੋਰ ਵਧਾਇਆ ਜਾਵੇਗਾ। ਮੋਦੀ ਨੇ ਕਿਹਾ ਕਿ ਇੰਨੇ ਲੰਬੇ ਸਮੇਂ ਤੋਂ ਭਾਰਤ ਦੇ ਹੱਕ ਦਾ ਪਾਣੀ ਪਾਕਿਸਤਾਨ ਜਾ ਰਿਹਾ ਸੀ ਜਿਸ ਨੂੰ ਰੋਕਣ ਦਾ ਕੰਮ ਉਨ੍ਹਾਂ ਨੇ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਮੋਦੀ ਨੇ ਹਰਸਿਮਰਤ ਕੌਰ ਬਾਦਲ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦਿੱਤਾ ਗਿਆ ਵੋਟ ਮਜ਼ਬੂਤ ਸਰਕਾਰ ਦੀ ਨੀਂਹ ਰੱਖੇਗਾ। ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 34 ਸਾਲ ਕਾਂਗਰਸ ਨੇ ’84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਇਆ ਪਰ ਮੋਦੀ ਸਰਕਾਰ ਨੇ ਇਨ੍ਹਾਂ ਨੂੰ ਜੇਲ੍ਹਾਂ ‘ਚ ਸੁੱਟ ਕੇ ਪੀੜਤਾਂ ਦੇ ਜ਼ਖ਼ਮਾਂ ‘ਤੇ ਮਲ੍ਹਮ ਲਗਾਈ ਹੈ। ਸੁਖਬੀਰ ਨੇ ਕਿਹਾ ਕਿ ਕੈਪਟਨ ਦੇ ਢਾਈ ਸਾਲ ਦੇ ਕਾਰਜਕਾਲ ਦੌਰਾਨ 80 ਥਾਵਾਂ ‘ਤੇ ਬੇਅਦਬੀ ਦੀ ਘਟਨਾ ਵਾਪਰੀ ਹੈ, ਜਿਸ ਸਬੰਧੀ ਕੈਪਟਨ ਚੁੱਪ ਕਿਉਂ ਹਨ। ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਵਿਚਾਰ ਸੁਣਨ ਪੁੱਜੇ ਸਮਰਥਕਾਂ ਦੇ ਭਾਰੀ ਇਕੱਠ ਨੇ ਐਨæ ਡੀæ ਏæ ਸਰਕਾਰ ਦੀਆਂ ਨੀਤੀਆਂ ‘ਤੇ ਮੋਹਰ ਲਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਵੀ ਕੀਤਾ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *