ਪੰਜਾਬ ‘ਚ ਬੇਅਦਬੀ ਅਤੇ 1984 ਕਤਲੇਆਮ ਦੁਆਲੇ ਸਿਮਟੀਆਂ ਲੋਕ ਸਭਾ ਚੋਣਾਂ


ਚਿੱਕੜਬਾਜ਼ੀ ਦੀ ਇਸ ਦੋੜ ‘ਚ ਪੰਜਾਬ ਦੇ ਭਖ਼ਦੇ ਮੁੱਦੇ ਅਣਗੌਲੇ ਰਹਿ ਗਏ
ਕਦੋਂ ਤੱਕ ਸਿੱਖਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਦੀ ਰਹੇਗੀ ਕਾਂਗਰਸ:ਮੋਦੀ
ਰਾਹੁਲ ਵੱਲੋਂ ਬੇਅਦਬੀ ਦੇ ਮੁੱਦੇ ਨਾਲ ਕਾਂਗਰਸ ਦਾ ਬੇੜਾ ਪਾਰ ਕਰਨ ਦੀ ਕੋਸ਼ਿਸ਼
ਚੰਡੀਗੜ੍ਹ/ਆ ਰਹੇ ਐਤਵਾਰ ਯਾਨੀ 19 ਮਈ ਨੂੰ ਪੰਜਾਬ ਅੰਦਰ ਲੋਕ ਸਭਾ ਦੀਆਂ 13 ਸੀਟਾਂ ਵਾਸਤੇ ਵੋਟਾਂ ਪੈ ਜਾਣੀਆਂ ਹਨ। ਚੋਣ ਪ੍ਰਚਾਰ ਦੇ ਆਖਰੀ ਦੋ ਹਫ਼ਤਿਆਂ ਦੌਰਾਨ ਪੰਜਾਬ ਅੰਦਰ ਸੱਤਾ ਦੀਆਂ ਦਾਅਵੇਦਾਰ ਦੋਵੇਂ ਵੱਡੀਆਂ ਧਿਰਾਂ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਪਾਰਟੀ ਨੇ ਜਿਸ ਤਰ੍ਹਾਂ ਸੂਬੇ ਦੇ ਅਸਲ ਮੁੱਦਿਆਂ ਤੋਂ ਕਿਨਾਰਾ ਕਰਕੇ ਸੰਵੇਦਲਸ਼ੀਲ ਅਤੇ ਭੜਕਾਊ ਮੁੱਦਿਆਂ ਨੂੰ ਉਛਾਲਿਆ ਹੈ ਅਤੇ ਇੱਕ ਦੂਜੇ ਉੱਤੇ ਚਿੱਕੜਬਾਜ਼ੀ ਕੀਤੀ ਹੈ, ਉਸ ਨਾਲ ਪੰਜਾਬ ਦੇ ਭਖ਼ਦੇ ਮੁੱਦੇ ਬੁਰੀ ਤਰ੍ਹਾਂ ਅਣਗੌਲੇ ਗਏ ਹਨ।
ਭੜਕਾਊ ਮੁੱਦਿਆਂ ਦੀ ਰਾਜਨੀਤੀ ਦੀ ਪਹਿਲ ਕਾਂਗਰਸ ਵੱਲੋਂ ਹੋਈ, ਜਿਹੜੀ ਆਪਣੀ ਦੋ ਸਾਲਾਂ ਦੀ ਮਾੜੀ ਕਾਰਗੁਜ਼ਾਰੀ ਅਤੇ ਲੋਕਾਂ ਨਾਲ ਵਿਧਾਨ ਸਭਾ ਚੋਣਾਂ ਮੌਕੇ ਕੀਤੀ ਵਾਅਦਾਖ਼ਿਲਾਫੀ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਬਰਗਾੜੀ ਕਾਂਡ ਵਾਲਾ ਬੇਅਦਬੀ ਦਾ ਮੁੱਦਾ ਕੱਢ ਕੇ ਬੈਠ ਗਈ। ਜੇਕਰ ਇੰਝ ਕਹੀਏ ਕਿ ਕਾਂਗਰਸ ਨੇ ਲੋਕ ਸਭਾ ਚੋਣਾਂ ਸਿਰਫ ਬਰਗਾੜੀ ਕਾਂਡ ਦੇ ਸਹਾਰੇ ਲੜੀਆਂ ਹਨ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਆਖਰੀ ਹਫਤੇ ਵਿਚ ਤਾਂ ਕਾਂਗਰਸ ਪਾਰਟੀ ਨੇ ਹੱਦ ਹੀ ਕਰ ਦਿੱਤੀ। ਪੰਜਾਬ ਅੰਦਰ ਪਹਿਲਾਂ ਹੀ ਆਪਰੇਸ਼ਨ ਬਲਿਊ ਸਟਾਰ ਅਤੇ ਦਿੱਲੀ ਸਿੱਖ ਕਤਲੇਆਮ ਕਰਕੇ ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਸਿੱਖਾਂ ਦੀ ਨਾਰਾਜ਼ਗੀ ਝੱਲ ਰਹੇ ਗਾਂਧੀ ਪਰਿਵਾਰ ਦੇ ਜਾਨਸ਼ੀਨਾਂ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਰਾਹੁਲ ਗਾਂਧੀ ਨੂੰ ਬਰਗਾੜੀ ਸੱਦ ਕੇ ਉਹਨਾਂ ਨੂੰ ਸਿੱਖ ਪੰਥ ਦੇ ਰਖਵਾਲੇ ਬਣਾ  ਕੇ ਪੇਸ਼ ਕਰ ਦਿੱਤਾ।
ਕਾਂਗਰਸ ਦੀ ਵਾਰ ਵਾਰ ਬੇਅਦਬੀ ਦਾ ਮੁੱਦਾ  ਉਛਾਲਣ ਦੀ ਰਣਨੀਤੀ ਨੇ ਅਕਾਲੀ-ਭਾਜਪਾ ਨੂੰ ਵੀ ਹਮਲਾਵਰ ਰੁਖ ਅਪਣਾਉਣ ਲਈ ਮਜ਼ਬੂਰ ਕਰ ਦਿੱਤਾ। ਅਕਾਲੀ-ਭਾਜਪਾ ਨੇ ਕਾਂਗਰਸ ਖ਼ਿਲਾਫ 1984 ਕਤਲੇਆਮ ਦਾ ਮੁੱਦਾ ਚੁੱਕ ਲਿਆ, ਜਿਸ ਨੂੰ ਭਾਂਬੜ ਬਣਾਉਣ ਦਾ ਕੰਮ ਰਾਹੁਲ ਗਾਂਧੀ ਦੇ ਸਿਆਸੀ ਗੁਰੂ ਸੈਮ ਪਿਤਰੋਦਾ ਦੀ ਸਿੱਖ ਕਤਲੇਆਮ  ਬਾਰੇ ਕੀਤੀ ਟਿੱਪਣੀ ‘ਹੂਆ ਤੋਂ ਹੂਆ’ਨੇ ਕੀਤਾ। ਇਸ ਤਰ੍ਹਾਂ ਆਖਰੀ ਦੋ ਹਫਤਿਆਂ ਵਿਚ ਅਕਾਲੀ-ਭਾਜਪਾ ਲਈ ਪੰਜਾਬ ਅੰਦਰ ਮੁੱਖ ਚੋਣ ਮੁੱਦਾ 1984 ਸਿੱਖ ਕਤਲੇਆਮ ਦਾ ਬਣ ਗਿਆ। ਆਖਰੀ ਹਫਤੇ ਪੰਜਾਬ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਸਮੇਤ ਜਿੰਨੇ ਵੀ ਚੋਟੀ ਦੇ ਆਗੂ ਆਏ, ਉਹਨਾਂ ਨੇ ਕਾਂਗਰਸ ਲੀਡਰਸ਼ਿਪ ਨੂੰ 1984 ਕਤਲੇਆਮ ਦੇ ਮੁੱਦੇ ਉੱਤੇ ਕਰੜੇ ਹੱਥੀਂ ਲਿਆ।
ਇਸ ਸਾਰੇ ਰਾਮ ਰੌਲੇ ਵਿਚ ਪੰਜਾਬ ਦੇ ਅਸਲੀ ਮੁੱਦੇ ਜਿਵੇਂ ਕਿਸਾਨੀ ਸੰਕਟ, ਨਸ਼ੇ, ਬੇਰੁਜ਼ਗਾਰੀ, ਨਵੀਂ ਪੀੜ੍ਹੀ ਦਾ ਵਿਦੇਸ਼ਾਂ ਵੱਲ ਹੋ ਰਿਹਾ ਪਰਵਾਸ, ਸਿਹਤ ਅਤੇ ਸਿੱਖਿਆ ਦੀਆਂ ਬੁਨਿਆਦੀ ਸਹੂਲਤਾਂ ਦੀ ਕਮੀ ਆਦਿ ਕਿਸੇ ਵੀ ਪਾਰਟੀ ਦੇ ਰਾਡਾਰ ਉੱਤੇ ਹੀ ਨਹੀਂ ਆਏ। ਇਸ ਤਰ੍ਹਾਂ ਪੰਜਾਬ ਵਿਚ ਲੋਕ ਸਭਾ ਚੋਣਾਂ ਦੀ ਸਾਰੀ ਜੰਗ ਬੇਅਦਬੀ ਅਤੇ 1984 ਸਿੱਖ ਕਤਲੇਆਮ ਦੇ ਮੁੱਦਿਆਂ ਉੱਤੇ ਲੜੀ ਗਈ ਹੈ। ਹੁਣ ਲੋਕਾਂ ਨੂੰ ਕਿਸ ਧਿਰ ਦੀ ਗੱਲ ਜਚੀ ਹੈ ਅਤੇ ਕਿਹੜੀ ਦੀ ਅੱਖਰੀ ਹੈ, ਇਸ ਦਾ ਭੇਤ 23 ਮਈ ਨੂੰ ਵੋਟਾਂ ਦੀ ਗਿਣਤੀ ਮਗਰੋਂ ਹੀ ਖੁੱਲ੍ਹੇਗਾ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *