ਟਰੂਡੋ ਸਰਕਾਰ ਨੇ ਕਾਰਬਨ ਟੈਕਸ ਨੂੰ ਲਾਗੂ ਕਰਨ ਲਈ ਕਾਨੂੰਨੀ ਰਾਹ ਫੜਿਆ


ਰੈਜੀਨਾ/ਫੈਡਰਲ ਸਰਕਾਰ ਨੇ ਆਪਣਾ ਕਾਰਬਨ ਟੈਕਸ ਦਾ ਫੈਸਲਾ ਲਾਗੂ ਕਰਵਾਉਣ ਲਈ ਸ਼ੁੱਕਰਵਾਰ ਨੂੰ ਇੱਕ ਅਦਾਲਤੀ ਫੈਸਲੇ ਦਾ ਸਹਾਰਾ ਲੈਂਦਿਆਂ ਸਾਰੇ ਪ੍ਰੀਮੀਅਰਾਂ ਉੱਪਰ ਦਬਾਅ ਪਾਇਆ ਹੈ ਕਿ ਉਹ ਕਾਰਬਨ ਟੈਕਸ ਦਾ ਵਿਰੋਧ ਕਰਨਾ ਬੰਦ ਕਰ ਦੇਣ।
ਇੱਥੇ ਦੱਸਣਯੋਗ ਹੈ ਕਿ ਸਸਕੈਚਵਨ ਕੋਰਟ ਆਫ ਅਪੀਲ ਨੇ ਇੱਕ ਫੈਸਲਾ ਦਿੰਦਿਆਂ ਕਿਹਾ ਹੈ ਕਿ ਬਿਨਾਂ ਕੋਈ ਕਾਰਬਨ ਦੀ ਕੀਮਤ ਵਸੂਲੇ ਸੂਬਿਆਂ ਉੱਤੇ ਲਾਇਆ ਗਿਆ ਟੈਕਸ ਸੰਵਿਧਾਨਿਕ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਵਾਤਾਵਰਣ ਮੰਤਰੀ ਕੈਥਰੀਨ ਮੈਕਕੇਨਾ ਨੇ ਓਟਵਾ ਵਿਚ ਦੱਸਿਆ ਕਿ ਅੱਜ ਦਾ ਫੈਸਲਾ ਕੈਨੇਡੀਅਨਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਵੱਡੀ ਜਿੱਤ ਹੈ। ਇਹ ਫੈਸਲਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਕਾਰਬਨ ਪ੍ਰਦੂਸ਼ਨ ਵਾਸਤੇ ਜੁਰਮਾਨਾ ਲਾਉਣਾ ਵਾਤਾਵਰਣ ਤਬਦੀਲੀ ਦੀ ਆਲਮੀ ਚੁਣੌਤੀ ਨਾਲ ਨਜਿੱਠਣ ਲਈ ਇੱਕ ਬਹੁਤ ਹੀ ਜਰੂਰੀ ਅਤੇ ਪ੍ਰਭਾਵਸ਼ਾਲੀ ਕਦਮ ਹੈ।
ਉਹਨਾਂ ਕਿਹਾ ਕਿ ਕੰਜ਼ਵੇਟਿਵ ਸਿਆਸਤਦਾਨਾਂ ਨੂੰ ਹੁਣ ਪੱਖਪਾਤੀ ਖੇਡਾਂ ਖੇਡਣੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਅਤੇ ਵਾਤਾਵਰਣ ਦੀ ਰਾਖੀ ਲਈ ਸੰਜੀਦਾ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਨੀ ਚਾਹੀਦੀ ਹੈ।
ਮੈਕਕੇਨਾ ਨੇ ਅਲਬਰਟਾ ਪ੍ਰੀਮੀਅਰ ਜੈਸਨ ਕੇਨੀ, ਓਟਾਂਰੀਓ ਪ੍ਰੀਮੀਅਰ ਡੱਗ ਫੋਰਡ, ਸਸਕੈਚਵਨ ਦੇ ਸਕੌਟ ਮੋਅ ਅਤੇ ਫੈਡਰਲ ਵਿਰੋਧੀ ਧਿਰ ਦੇ ਆਗੂ ਐਂਡਰਿਊ ਸ਼ੀਅਰ ਨੂੰ ਸਿੱਧੀ ਚੁਣੌਤੀ ਦਿੱਤੀ ਕਿ ਕੀ ਤੁਸੀਂ ਵਾਤਾਵਰਣ ਤਬਦੀਲੀ ਖ਼ਿਲਾਫ ਲੜਾਈ ਵਿਚ ਅੜਿੱਕੇ ਪਾਉਣੇ ਬੰਦ ਕਰੋਗੇ ਅਤੇ ਸਾਡਾ ਸਾਥ ਦਿਓਗੇ?
ਸਸਕੈਚਵਨ ਦਾ ਜੁਆਬ ਨਾਂਹ ਵਿਚ ਸੀ। ਇਸ ਬਾਰੇ ਟਿੱਪਣੀ ਕਰਦਿਆਂ ਪ੍ਰੀਮੀਅਰ ਮੋਅ ਨੇ ਕਿਹਾ ਕਿ ਭਾਵੇਂਕਿ ਮੈ ਅਦਾਲਤ ਦੇ ਅੱਜ ਦੇ ਫੈਸਲੇ ਤੋਂ ਨਿਰਾਸ਼ ਹਾਂ। ਸਸਕੈਚਵਨ ਦੇ ਉਹਨਾਂ ਲੋਕਾਂ ਵਾਸਤੇ ਸਾਡੀ ਲੜਾਈ ਜਾਰੀ ਰਹੇਗੀ, ਜੋ ਅਸਰਹੀਣ ਅਤੇ ਨੌਕਰੀਆਂ-ਖਾਣੇ ਟਰੂਡੋ ਕਾਰਬਨ ਟੈਕਸ ਦੇ ਖ਼ਿਲਾਫ ਹਨ। ਅਦਾਲਤ ਦਾ ਫੈਸਲਾ 3-2 ਸਪਲਿਟ ਫੈਸਲਾ ਸੀ ਅਤੇ ਇਸ ਵਿਰੁੱਧ ਕੈਨੇਡਾ ਦੀ ਸੁਪਰੀਮ ਕੋਰਟ ਵਿਚ ਅਪੀਲ ਕਰਾਂਗੇ।
ਜੋਅ ਨੇ ਕਿਹਾ ਕਿ ਇਸ ਦੇਸ਼ ਵਿਚ ਕਿਸੇ ਨੂੰ ਵੀ ਵਾਤਾਵਰਣ ਤਬਦੀਲੀ ਖ਼ਿਲਾਫ ਕਾਰਵਾਈ ਨੂੰ ਕਾਰਬਨ ਟੈਕਸ ਨਾਲ ਰਲਗਡ ਨਹੀਂ ਕਰਨਾ ਚਾਹੀਦਾ। ਅਸੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਰਹੀਣ ਕਾਰਬਨ ਟੈਕਸ ਨੂੰ ਰੋਕਣ ਦੀਆਂ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਾਂਗੇ। ਇਸ ਦੇ ਨਾਲ ਹੀ ਅਸੀਂ ਆਪਣੇ ਸੂਬੇ ਅੰਦਰ ਵਾਤਾਰਵਰਣ ਤਬਦੀਲੀ ਖ਼ਿਲਾਫ ਆਪਣੀ ਲੜਾਈ ਜਾਰੀ ਰੱਖਾਂਗੇ।
ਅਲਬਰਟਾ ਵਿਚ ਪਿਛਲੀ ਐਨਡੀਪੀ ਸਰਕਾਰ ਵੱਲੋਂ ਕਾਰਬਨ ਟੈਕਸ ਲਿਆਂਦਾ ਜਾ ਚੁੱਕਾ ਹੈ,ਪਰੰਤੂ ਨਵੇਂ ਬਣੇ ਪ੍ਰੀਮੀਅਰ ਕੇਨੀ ਨੇ ਇਸ ਟੈਕਸ ਨੂੰ ਖ਼ਤਮ ਕਰਨ ਅਤੇ ਓਟਵਾ ਵੱਲੋਂ ਥੋਪੇ ਟੈਕਸ ਦਾ ਵਿਰੋਧ ਕਰਨ ਦਾ ਵਾਅਦਾ ਕੀਤਾ ਹੈ।
ਕੇਨੀ ਨੇ ਇਸ ਬਾਰੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਅਸੀਂ ਬਹੁਮੱਤ ਵਾਲੇ ਇਸ ਫੈਸਲੇ ਨਾਲ ਸਹਿਮਤ ਨਹੀਂ ਹਾਂ ਕਿ ਫੈਡਰਲ ਸਰਕਾਰ ਨੂੰ ਇੱਕ ਸੂਬੇ ਵਾਸਤੇ ਕਾਰਬਨ ਦੀ ਘੱਟੋ ਘੱਟ ਕੀਮਤ ਤੈਅ ਕਰਨ ਦਾ ਅਧਿਕਾਰ ਹੈ ਅਤੇ ਸਸਕੈਚਵਨ ਨਾਲ ਰਲ ਕੇ ਇਸ ਅਦਾਲਤੀ ਫੈਸਲੇ ਖ਼ਿਲਾਫ ਕੈਨੇਡਾ ਦੀ ਸੁਪਰੀਮ ਕੋਰਟ ਵਿਚ ਜਾਵਾਂਗੇ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *