ਕਰਤਾਰਪੁਰ ਲਾਂਘੇ ਦੀ ਉਸਾਰੀ ਲਈ ‘ਦਰਸ਼ਨ ਸਥਲ’ ਢਾਹਿਆ


ਗੁਰਦਾਸਪੁਰ/ਦੂਰਬੀਨ ਰਾਹੀਂ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਣੇ ‘ਦਰਸ਼ਨ ਸਥਲ’ ਨੂੰ ਮੰਗਲਵਾਰ ਸਵੇਰੇ ਸਵਾ ਗਿਆਰਾਂ ਵਜੇ ਦੇ ਕਰੀਬ ਢਾਹੁਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ। ਸਾਢੇ ਤਿੰਨ ਮੀਟਰ ਉੱਚਾ, 20 ਫੁੱਟ ਲੰਬਾ ਤੇ 15 ਫੁੱਟ ਚੌੜਾ ਇਹ ਪਲੇਟਫਾਰਮ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰੇ ਤੱਕ ਲਾਂਘਾ ਬਣਾਏ ਜਾਣ ਦੇ ਮੱਦੇਨਜ਼ਰ ਢਾਹਿਆ ਗਿਆ ਹੈ। ਬਾਬਾ ਗੁਰਚਰਨ ਸਿੰਘ ਬੇਦੀ ਜਗਜੀਤ ਸਿੰਘ ਬੇਦੀ ਮੈਮੋਰੀਅਲ ਚੈਰੀਟੇਬਲ ਹਸਪਤਾਲ ਵੱਲੋਂ ਬਣਵਾਏ ਇਸ ਸਥਾਨ ਦਾ ਉਦਘਾਟਨ 6 ਮਈ 2008 ਨੂੰ ਬੀਐੱਸਐੱਫ (ਪੰਜਾਬ ਫਰੰਟੀਅਰ) ਦੇ ਤਤਕਾਲੀ ਆਈਜੀ ਹਿੰਮਤ ਸਿੰਘ ਨੇ ਕੀਤਾ ਸੀ।
ਇਸ ਸਥਾਨ ਤੋਂ ਲੱਖਾਂ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਦੇ ਦੂਰਬੀਨ ਰਾਹੀਂ ਦਰਸ਼ਨ ਕਰ ਚੁੱਕੇ ਹਨ। ਲਾਂਘੇ ਦਾ ਨਿਰਮਾਣ ਕਰ ਰਹੀ ਪ੍ਰਾਈਵੇਟ ਕੰਪਨੀ ਸੀਗਲ ਇੰਡੀਆ ਲਿਮਟਿਡ ਦੇ ਉਪ ਪ੍ਰਧਾਨ ਜਤਿੰਦਰ ਸਿੰਘ ਵੱਲੋਂ ਦਰਸ਼ਨ ਸਥਲ ਦੀਆਂ ਦੂਰਬੀਨਾਂ ਬੀਐੱਸਐੱਫ ਨੂੰ ਸੌਂਪ ਦਿੱਤੀਆਂ ਗਈਆਂ। ਇਸ ਜਗ੍ਹਾ ਤੋਂ ਕਰਤਾਰਪੁਰ ਸਾਹਿਬ ਦੀ ਸਿੱਧੀ ਦੂਰੀ ਸਾਢੇ ਚਾਰ ਕਿਲੋਮੀਟਰ ਹੈ। ਦੱਸਣਯੋਗ ਹੈ ਕਿ ਸ਼ਰਧਾਲੂਆਂ ਨੂੰ ਅਪਰੈਲ ਦੇ ਆਖ਼ਰੀ ਹਫ਼ਤੇ ਸੂਚਿਤ ਕਰ ਦਿੱਤਾ ਗਿਆ ਸੀ ਕਿ ਉਹ 6 ਮਈ ਤੱਕ ਇਸ ਸਥਾਨ ਤੋਂ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਦੇ ਦਰਸ਼ਨ ਕਰ ਸਕਦੇ ਹਨ। ਕੁਝ ਧਾਰਮਿਕ ਸੰਗਠਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਇਸ ਸਥਾਨ ਨੂੰ ਕੁੱਝ ਦੇਰ ਹੋਰ ਨਾ ਤੋੜਿਆ ਜਾਵੇ ਪਰ ਕੌਰੀਡੋਰ ਦੇ ਕੰਮ ਦੇ ਚੱਲਦਿਆਂ ਇਸ ਨੂੰ ਬੂਰ ਨਹੀਂ ਪਿਆ।
ਦੱਸਣਯੋਗ ਹੈ ਕਿ ਅਗਲੇ ਤਿੰਨ ਮਹੀਨੇ ਵਿੱਚ ਸੌ ਮੀਟਰ ਦੇ ਪੁਲ ਦੀ ਉਸਾਰੀ ਵੀ ਸ਼ੁਰੂ ਹੋ ਜਾਵੇਗੀ। ਇਹ ਪੁਲ ਲਾਂਘੇ ਦਾ ਹਿੱਸਾ ਹੈ। ਭਾਰਤ ਵਾਲੇ ਪਾਸੇ ਲਾਂਘੇ ਦੇ ਨਿਰਮਾਣ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ ਅਤੇ ਇਹ ਕੰਮ ਗੁਰੂ ਨਾਨਕ ਦੇਵ ਦੇ 550ਵੇਂ ਜਨਮ ਦਿਹਾੜੇ ਦੇ ਨਵੰਬਰ ਵਿੱਚ ਹੋਣ ਵਾਲੇ ਸਮਾਗਮਾਂ ਤੋਂ ਪਹਿਲਾਂ ਸਤੰਬਰ ਦੇ ਆਖ਼ਰੀ ਹਫ਼ਤੇ ਪੂਰਾ ਹੋਣ ਦੀ ਉਮੀਦ ਹੈ।
ਪੰਜਾਬ ਸਰਕਾਰ ਵੱਲੋਂ ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਲਾਂਘੇ ਦੇ ਨਿਰਮਾਣ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਦਰਸ਼ਨ ਸਥਲ ਨੂੰ ਢਾਹੁਣਾ ਭਾਵੁਕ ਕਰਨ ਵਾਲਾ ਸੀ। ਉਨ੍ਹਾਂ ਕਿਹਾ ਕਿ ਕਈ ਵਾਰ ਛੋਟੀਆਂ ਚੀਜ਼ਾਂ ਨੂੰ ਵੱਡੀਆਂ ਪ੍ਰਾਪਤੀਆਂ ਲਈ ਕੁਰਬਾਨ ਕਰਨਾ ਪੈਂਦਾ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *