ਜੈਸ਼ ਮੁਖੀ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ

ਸੰਯੁਕਤ ਰਾਸ਼ਟਰ/ ਲੰਬੀ ਕੂਟਨੀਤਿਕ ਜੱਦੋਜਹਿਦ ਮਗਰੋਂ ਭਾਰਤ ਨੇ  ਜੈਸ਼ ਸਰਗਨੇ ਮਸੂਦ ਅਜ਼ਹਰ ਨੂੰ  ਕੌਮਾਂਤਰੀ ਅੱਤਵਾਦੀ ਘੋਸ਼ਿਤ ਕਰਵਾਉਣ ਦੇ ਮਕਸਦ ਵਿਚ ਸਫਲਤਾ ਹਾਸਿਲ ਕਰ ਲਈ ਹੈ। ਬੁੱਧਵਾਰ ਨੂੰ ਸੰਯੁਕਤ ਰਾਸ਼ਟਰੀ ਵੱਲੋਂ ਭਾਰਤ ਅੰਦਰ ਸੰਸਦ, ਪਠਾਨਕੋਟ, ਊਰੀ ਅਤੇ ਪੁਲਵਾਮਾ ਵਰਗੇ ਅੱਤਵਾਦੀ ਹਮਲਿਆਂ ਨੂੰ ਅੰਜ਼ਾਮ ਦੇਣ ਵਾਲੇ ਮਸੂਦ ਅਜ਼ਹਰ ਨੂੰ  ਕੌਮਾਂਤਰੀ ਅੱਤਵਾਦੀ ਐਲਾਨ ਦਿੱਤਾ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਮਸੂਦ ਅਜ਼ਹਰ ਨੂੰ ਅੱਤਵਾਦੀ ਘੋਸ਼ਿਤ ਕਰਨ ਸੰਬੰਧੀ ਜਰਮਨੀ, ਫਰਾਂਸ ਅਤੇ ਕਈ ਹੋਰ ਮੁਲਕਾਂ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰੰਤੂ ਹਰ ਵਾਰ ਚੀਨ ਮਸੂਦ ਦੇ ਹੱਕ ਵਿਚ ਖਲੋ ਕੇ ਸਾਰੀ ਖੇਡ ਵਿਗਾੜ ਦਿੰਦਾ ਸੀ। ਪਰ ਇਸ ਵਾਰ ਚੀਨ ਵਲੋਂ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪਾਬੰਦੀਸ਼ੁਦਾ ਕਮੇਟੀ ਦੀ ਕਾਲੀ ਸੂਚੀ ‘ਚ ਸ਼ਾਮਿਲ ਕਰਨ ਦੇ ਪ੍ਰਸਤਾਵ ਤੋਂ ਰੋਕ ਹਟਾ ਲਏ ਜਾਣ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਆਧਾਰਿਤ ਅੱਤਵਾਦੀ ਸਮੂਹ ‘ਜੈਸ਼-ਏ-ਮੁਹੰਮਦ’ ਦੇ ਮੁਖੀ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਦਿੱਤਾ |
ਚੀਨ ਨੇ ਅੱਤਵਾਦੀ ਸੰਗਠਨ ‘ਜੈਸ਼-ਏ-ਮੁਹੰਮਦ’ ਦੇ ਸਰਗਨੇ ਮਸੂਦ ਅਜ਼ਹਰ ਨੂੰ ਵਿਸ਼ਵ-ਵਿਆਪੀ ਅੱਤਵਾਦੀ ਐਲਾਨਣ ਦੇ ਪ੍ਰਸਤਾਵ ਖ਼ਿਲਾਫ਼ ਆਪਣੇ ਤਕਨੀਕੀ ਵਿਰੋਧ ਨੂੰ ਵਾਪਿਸ ਲੈਂਦਿਆ ਕਿਹਾ ਹੈ ਕਿ ਉਨ੍ਹਾਂ ਇਹ ਫ਼ੈਸਲਾ ਇਸ ਲਈ ਲਿਆ ਹੈ ਕਿਉਂਕਿ ਅਮਰੀਕਾ, ਯੂ ਕੇ ਅਤੇ ਫਰਾਂਸ ਵਲੋਂ ਪੇਸ਼ ਕੀਤੇ ਸੋਧੇ ਹੋਏ ਪ੍ਰਸਤਾਵ ਦਾ ਧਿਆਨ ਪੂਰਬਕ ਨਿਰੀਖਣ ਕਰਨ ‘ਤੇ ਇਸ ‘ਚ ਕੁਝ ਵੀ ਇਤਰਾਜ਼ਯੋਗ ਨਹੀਂ ਲੱਗਾ | ਚੀਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ-ਸ਼ੁਆਂਗ ਨੇ ਦੱਸਿਆ ਕਿ ਹਾਲ ਹੀ ‘ਚ ਸਬੰਧਿਤ ਦੇਸ਼ਾਂ ਵਲੋਂ ਮਸੂਦ ਅਜ਼ਹਰ ਨੂੰ ਅੱਤਵਾਦੀ ਸੂਚੀ ‘ਚ ਸ਼ਾਮਿਲ ਕਰਨ ਲਈ 1267 ਕਮੇਟੀ ਰਾਹੀਂ ਸਹੀ ਢੰਗ ਨਾਲ ਪੇਸ਼ ਕੀਤੇ ਪ੍ਰਸਤਾਵ ‘ਚ ਕੁਝ ਵੀ ਗ਼ਲਤ ਨਹੀਂ ਸੀ, ਇਸੇ ਲਈ ਚੀਨ ਨੇ ਇਸ ਪ੍ਰਸਤਾਵ ‘ਤੇ ਕੋਈ ਇਤਰਾਜ਼ ਨਹੀਂ ਉਠਾਇਆ ਹੈ |
ਇਹ ਫੈਸਲਾ ਸੰਯੁਕਤ ਰਾਸ਼ਟਰ ਪ੍ਰੀਸ਼ਦ ਦੀ ਬੁੱਧਵਾਰ ਨੂੰ ਹੋਈ ਬੈਠਕ ‘ਚ ਲਿਆ ਗਿਆ | ਇਸ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਪ੍ਰਤੀਨਿਧ ਸਈਦ ਅਕਬਰੂਦੀਨ ਨੇ ਟਵੀਟ ਕਰਦਿਆਂ ਕਿਹਾ ਕਿ ਛੋਟੇ ਵੱਡੇ ਸਾਰੇ ਦੇਸ਼ਾਂ ਨੇ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਦੀ ਪਾਬੰਦੀਸ਼ੁਦਾ ਸੂਚੀ ‘ਚ ਸ਼ਾਮਿਲ ਕਰਾਉਣ ‘ਚ ਮਦਦ ਕੀਤੀ | ਉਨ੍ਹਾਂ ਸਾਰੇ ਦੇਸ਼ਾਂ ਦੇ ਸਮਰਥਨ ਦਾ ਭਾਰਤ ਧੰਨਵਾਦ ਕਰਦਾ ਹੈ ਇਸ ਤੋਂ ਪਹਿਲਾਂ ਚੀਨ ਨੇ ਮੰਗਲਵਾਰ ਨੂੰ ਹੀ ਇਹ ਸੰਕੇਤ ਦੇ ਦਿੱਤੇ ਸਨ ਕਿ ਉਹ ਇਸ ਵਾਰ ਮਸੂਦ ਦਾ ਨਾਂਅ ਪਾਬੰਦੀਸ਼ੁਦਾ ਸੂਚੀ ‘ਚ ਸ਼ਾਮਿਲ ਕਰਵਾਉਣ ਦੀਆਂ ਕੋਸ਼ਿਸ਼ਾਂ ‘ਚ ਰੋੜਾ ਨਹੀਂ ਬਣੇਗਾ | ਹਾਲਾਂਕਿ ਇਸ ਤੋਂ ਪਹਿਲਾਂ ਚੀਨ ਨੇ ਮਾਰਚ 2016 ਤੋਂ ਇਸ ਸਾਲ ਦੀ ਸ਼ੁਰੂਆਤ ਤੱਕ 4 ਵਾਰ ਭਾਰਤ ਦੀਆਂ ਕੋਸ਼ਿਸ਼ਾਂ ਨੂੰ ਤਕਨੀਕੀ ਕਾਰਨ ਦੱਸ ਕੇ ਰੋਕਿਆ ਸੀ | ਜ਼ਿਕਰਯੋਗ ਹੈ ਕਿ ਚੀਨ ਸੰਯੁਕਤ ਰਾਸ਼ਟਰ ਪ੍ਰੀਸ਼ਦ ਦਾ ਸਥਾਈ ਮੈਂਬਰ ਹੈ ਤੇ ਇਸ ਪ੍ਰਸਤਾਵ ‘ਤੇ ਵਾਰ-ਵਾਰ ਵੀਟੋ ਦਾ ਇਸਤੇਮਾਲ ਕਰਦਾ ਰਿਹਾ ਹੈ | ਸਰਕਾਰੀ ਸੂਤਰਾਂ ਅਨੁਸਾਰ ਪਾਕਿ ਦੇ ਬਾਲਾਕੋਟ ‘ਚ ਭਾਰਤ ਦੇ ਹਵਾਈ ਹਮਲੇ ਤੋਂ ਬਾਅਦ ਮਸੂਦ ਅਜ਼ਹਰ ਨੂੰ ਬਹਾਵਲਪੁਰ ‘ਚ ਨਜ਼ਰਬੰਦ ਰੱਖਿਆ ਗਿਆ ਸੀ ਤੇ ਉਸ ਨੂੰ ਹਾਲ ਹੀ ‘ਚ ਇਸਲਾਮਾਬਾਦ ‘ਚ ਕਿਸੇ ਸੁਰੱਖਿਅਤ ਜਗ੍ਹਾ ‘ਤੇ ਤਬਦੀਲ ਕੀਤਾ ਗਿਆ ਹੈ | ਮੀਡੀਆ ਰਿਪੋਰਟਾਂ ‘ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹਾਲ ਹੀ ‘ਚ ਚੀਨ ਦੇ ਦੌਰੇ ‘ਤੇ ਗਏ ਸਨ, ਜਿਸ ਦੌਰਾਨ ਉਨ੍ਹਾਂ ਦੀ ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਨਾਲ ਮੁਲਾਕਾਤ ਹੋਈ ਤਾਂ ਚੀਨ ਨੇ ਇਮਰਾਨ ਨੂੰ ਮਸੂਦ ਅਜ਼ਹਰ ਬਾਰੇ ਆਪਣੇ ਫੈਸਲੇ ਦੀ ਜਾਣਕਾਰੀ ਦੇ ਦਿੱਤੀ ਸੀ | ਇਹ ਵੀ ਪਤਾ ਲੱਗਾ ਹੈ ਕਿ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਚੀਨ ‘ਤੇ ਦੁਨੀਆ ਦੇ ਕਈ ਦੇਸ਼ਾਂ ਦਾ ਦਬਾਅ ਸੀ |  ਫ਼ਰਾਂਸ ਦੀ ਸਰਕਾਰ ਨੇ ਕਿਹਾ ਹੈ ਕਿ ਉਹ ਸੰਯੁਕਤ ਰਾਸ਼ਟਰ ਦੇ ਫੈਸਲੇ ਦਾ ਸਵਾਗਤ ਕਰਦਾ ਹੈ | ਉਨ੍ਹਾਂ ਕਿਹਾ ਕਿ ਅਸੀਂ ਲਗਾਤਾਰ ਮਸੂਦ ਅਜ਼ਹਰ ‘ਤੇ ਪਾਬੰਦੀ ਲਗਾਉਣ ਦੀ ਅਪੀਲ ਕਰ ਰਹੇ ਸੀ | ਫਰਾਂਸ ‘ਚ 15 ਮਾਰਚ ਨੂੰ ਹੀ ਮਸੂਦ ਅਜ਼ਹਰ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ | ਪ੍ਰਸਤਾਵ ਪੇਸ਼ ਕਰਨ ਦੇ ਨਾਲ ਹੀ ਫਰਾਂਸ ਨੇ ਆਪਣੇ ਦੇਸ਼ ‘ਚ ਮਸੂਦ ਦੀਆਂ ਜਾਇਦਾਦਾਂ ਜ਼ਬਤ ਕਰਨ ਦਾ ਵੀ ਫੈਸਲਾ ਲਿਆ ਸੀ | 1994 ‘ਚ ਮਸੂਦ ਅਜ਼ਹਰ ਪੁਰਤਗਾਲ ਦੇ ਹਵਾਈ ਅੱਡੇ ‘ਤੇ ਬੰਗਲਾਦੇਸ਼ ਦੇ ਰਸਤੇ ਭਾਰਤ ‘ਚ ਦਾਖਲ ਹੋਇਆ ਸੀ | ਇਸ ਤੋਂ ਬਾਅਦ ਉਹ ਕਸ਼ਮੀਰ ਪਹੁੰਚਿਆ | 1994 ‘ਚ ਉਸ ਨੂੰ ਅਨੰਤਨਾਗ ਤੋਂ ਗਿਰਫਤਾਰ ਕੀਤਾ ਗਿਆ ਸੀ | ਹਾਲਾਂਕਿ 1999 ‘ਚ ਕੰਧਾਰ ਜਹਾਜ਼ ਅਗਵਾ ਤੋਂ ਬਾਅਦ ਯਾਤਰੀਆਂ ਦੀ ਸਲਾਮਤੀ ਦੇ ਇਵਜ਼ ‘ਚ ਮਸੂਦ ਅਜ਼ਹਰ ਨੂੰ ਤਤਕਾਲੀ ਭਾਜਪਾ ਸਰਕਾਰ ਨੇ ਛੱਡ ਦਿੱਤਾ ਸੀ |

 

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *