ਓਟਾਂਰੀਓ ਨੇ ਚਾਈਲਡ ਕੇਅਰ ਵਾਲੇ 50 ਮਿਲੀਅਨ ਡਾਲਰ ਫੰਡ ਉੱਤੇ ਲੀਕ ਫੇਰੀ


ਟੋਰਾਂਟੋ/ ਓਟਾਂਰੀਓ ਨੇ ਉਸ 50 ਮਿਲੀਅਨ ਡਾਲਰ ਦੇ ਫੰਡ ਨੂੰ ਖ਼ਤਮ ਕਰ ਦਿੱਤਾ ਹੈ, ਜੋ ਕਿ ਜਣੇਪੇ ਦੇ ਵਧ ਰਹੇ ਖਰਚਿਆਂ ਦਾ ਬੋਝ ਮਾਪਿਆਂ ਉੱਤੇ ਨਾ ਪਾਉਣ ਲਈ ਚਾਈਲਡ ਕੇਅਰ ਸੈਂਟਰਾਂ ਦੀ ਮੱਦਦ ਕਰਦਾ ਸੀ।
ਸਰਕਾਰ ਵੱਲੋਂ ਚੁੱਕੇ ਇਸ ਕਦਮ ਤੋਂ ਬਾਅਦ ਪੱਛਮੀ ਟੋਰਾਂਟੋ ਵਿਚ ਪੈਂਦੇ ਪੀਲ ਖੇਤਰ ਦੇ ਇੱਕ ਚਾਈਲਡ ਕੇਅਰ ਸੈਂਟਰ ਨੇ ਮਾਪਿਆਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਨਵ ਜਨਮੇ ਦੀ ਬੱਚੇ ਦੀ ਸੰਭਾਲ ਦੇ ਖਰਚੇ ਵਾਸਤੇ ਉਹਨਾਂ ਨੂੰ 72 ਡਾਲਰ ਪ੍ਰਤੀ ਮਹੀਨਾ ਵਾਧੂ ਦੇਣੇ ਪੈਣਗੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਓਟਾਂਰੀਓ ਕੁਲੀਸ਼ਨ ਫਾਰ ਬੈਟਰ ਚਾਈਲਡ ਕੇਅਰ ਦੀ ਕੈਰੋਲਿਨ ਫਰਨਜ਼ ਨੇ ਦੱਸਿਆ ਕਿ ਇਹ ਖਰਚੇ ਹੋਰ ਵਧਣਗੇ। ਇਹ ਫੰਡ ਓਟਾਂਰੀਓ ਪਰਿਵਾਰਾਂ ਦੀ ਚਾਈਲਡ ਕੇਅਰ ਫੀਸ ਨੂੰ ਕੰਟਰੋਲ ਵਿਚ ਰੱਖਣ ਵਿਚ ਮੱਦਦ ਕਰਦਾ ਸੀ। ਜੇਕਰ ਇਸ ਵਿਚ 50 ਮਿਲੀਅਨ ਡਾਲਰ ਦੀ ਕਟੌਤੀ ਕੀਤੀ ਜਾ ਰਹੀ ਹੈ ਤਾਂ ਇਸ ਦਾ ਸਿੱਧਾ ਅਸਰ ਪਰਿਵਾਰਾਂ ਦੇ ਖਰਚਿਆਂ ਉੱਤੇ ਪਵੇਗਾ। ਉਹਨਾਂ ਕਿਹਾ ਕਿ ਇਸ ਨਾਲ ਮਾਪਿਆਂ ਵੱਲੋਂ ਦਿੱਤੀ ਜਾਣ ਵਾਲੀ ਫੀਸ ਹੋਰ ਵਧ ਜਾਵੇਗੀ, ਜਦਕਿ ਦੇਸ਼ ਅੰਦਰ ਓਟਾਂਰੀਓ ਵਿਚ ਲੋਕਾਂ ਵੱਲੋਂ ਪਹਿਲਾਂ ਹੀ ਚਾਈਲਡ ਕੇਅਰ ਦੀ ਸਭ ਤੋਂ ਵੱਧ ਫੀਸ ਦਿੱਤੀ ਜਾ ਰਹੀ ਹੈ।
ਟੋਰਾਂਟੋ ਵਿਚ ਮਾਪੇ 20 ਹਜ਼ਾਰ ਡਾਲਰ ਤੋਂ ਵੱਧ ਫੀਸ ਦੇ ਸਕਦੇ ਹਨ, ਜੋ ਕਿ 18 ਮਹੀਨਿਆਂ ਤੋਂ ਘੱਟ ਬੱਚਿਆਂ ਲਈ 2 ਹਜ਼ਾਰ ਡਾਲਰ ਪ੍ਰਤੀ ਮਹੀਨਾ ਤੋਂ ਵੱਧ ਬਣਦੀ ਹੈ। ਇੱਕ ਤਾਜ਼ਾ ਰਿਪੋਰਟ ਵਿਚ ਇਸ ਫੀਸ ਦੀ ਔਸਤ ਟੋਰਾਂਟੋ ਵਿਚ 1685 ਡਾਲਰ, ਵੈਨਕੂਵਰ ਵਿਚ 1400 ਡਾਲਰ, ਕੈਲਗਰੀ ਵਿਚ 1100 ਡਾਲਰ ਅਤੇ ਮੌਂਟਰੀਅਲ ਵਿਚ 175 ਡਾਲਰ ਕੱਢੀ ਗਈ ਹੈ। ਪਿਛਲੇ ਸਾਲ ਲਿਬਰਲ ਸਰਕਾਰ ਵੱਲੋਂ ਓਟਾਂਰੀਓ ਵਿਚ ਇਸ ਫੀਸ ਨੂੰ ਸਥਿਰ ਰੱਖਣ ਲਈ ਘੱਟੋ ਘੱਟ ਮਜ਼ਦੂਰੀ 11.60 ਡਾਲਰ ਪ੍ਰਤੀ ਘੰਟੇ ਤੋਂ ਵਧਾ ਕੇ 14 ਡਾਲਰ ਪ੍ਰਤੀ ਘੰਟਾ ਕਰ ਦਿੱਤੀ ਗਈ ਸੀ।
ਇਸ ਫੰਡ ਨੂੰ ਰੱਦ ਕਰਨ ਸੰਬੰਧੀ ਪੁੱਛੇ ਜਾਣ ਤੇ ਸਿੱਖਿਆ ਮੰਤਰੀ ਲੀਜ਼ਾ ਥਾਮਸਨ ਨੇ ਹਾਲ ਹੀ ਵਿਚ ਐਲਾਨੇ ਚਾਈਲਡ ਕੇਅਰ ਟੈਕਸ ਕਰੈਡਿਟ ਦੀ ਸ਼ਲਾਘਾ ਕੀਤੀ, ਜਿਹੜਾ ਕਿ 150,000 ਡਾਲਰ ਤਕ ਦੀ ਆਮਦਨ ਵਾਲੇ ਪਰਿਵਾਰਾਂ ਉੱਤੇ ਲਾਗੂ ਹੁੰਦਾ ਹੈ। ਇਹ ਸੱਤ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ 6 ਹਜ਼ਾਰ ਡਲਾਰ ਪ੍ਰਤੀ ਬੱਚਾ ਦੀ ਛੋਟ ਪ੍ਰਦਾਨ ਕਰੇਗਾ ਅਤੇ ਸੱਤ ਤੋਂ 16 ਸਾਲ ਤਕ ਦੇ ਬੱਚਿਆਂ ਲਈ 3750 ਡਾਲਰ ਪ੍ਰਤੀ ਬੱਚਾ ਤਕ ਦੀ ਛੋਟ ਪ੍ਰਦਾਨ ਕਰੇਗਾ।
ਉਹਨਾਂ ਕਿਹਾ ਕਿ ਜਦੋਂ ਅਸੀਂ ਇਸ ਮਾਮਲੇ ਨੂੰ ਜ਼ਰਾ ਡੂੰਘਾਈ ਵਿਚ ਜਾ ਕੇ ਵੇਖਦੇ ਹਾਂ ਤਾਂ ਮਾਪਿਆਂ ਨੂੰ ਲੋੜੀਂਦੀ ਸਹਾਇਤਾ ਅਜੇ ਵੀ ਉਸੇ ਤਰ੍ਹਾਂ ਦਿੱਤੀ ਜਾ ਰਹੀ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *