ਜੇਸਨ ਕੇਨੀ ਨੇ ਅਲਬਰਟਾ ਦੇ ਨਵੇਂ ਪ੍ਰੀਮੀਅਰ ਦਾ ਅਹੁਦਾ ਸੰਭਾਲਿਆ


ਕੈਲਗਰੀ/ਕੈਨੇਡੀਅਨ ਸੂਬੇ ਅਲਬਰਟਾ ਦੇ 18ਵੇਂ ਪ੍ਰੀਮੀਅਰ ਵਜੋਂ ਜੇਸਨ ਕੇਨੀ ਨੇ ਸਹੁੰ ਚੁੱਕ ਲਈ ਹੈ। ਅਲਬਰਟਾ ਅਸੈਂਬਲੀ ਵਿਚ ਹੋਏ ਸ਼ਾਨਦਾਰ ਸਹੁੰ ਚੁੱਕ ਸਮਾਗਮ ਦੌਰਾਨ ਪ੍ਰੀਮੀਅਰ ਜੇਸਨ ਕੇਨੀ ਸਮੇਤ 20 ਮੰਤਰੀਆਂ ਤੇ 3 ਸਹਾਇਕ ਮੰਤਰੀਆਂ ਨੇ ਸਹੁੰ ਚੁੱਕੀ। ਨਵੀਂ ਸਰਕਾਰ ਦਾ ਪਹਿਲਾ ਸੈਸ਼ਨ 21 ਮਈ ਨੂੰ ਹੋਵੇਗਾ। ਨਵੇਂ ਮੰਤਰੀ ਮੰਡਲ ਵਿਚ ਕੈਲਗਰੀ ਦੇ 13 ਵਿਧਾਇਕ ਮੰਤਰੀ ਬਣੇ ਹਨ ਜਦਕਿ ਕੈਬਨਿਟ ਵਿਚ ਐਡਮਿੰਟਨ ਦੇ ਇਕੋ-ਇਕ ਯੂਸੀਪੀ ਵਿਧਾਇਕ ਕੇਸੀ ਮਾਡੂ ਨੂੰ ਜਗ੍ਹਾ ਮਿਲੀ ਹੈ। ਸੱਤ ਔਰਤਾਂ ਨੇ ਵੀ ਬਤੌਰ ਮੰਤਰੀ ਸਹੁੰ ਚੁੱਕੀ ਹੈ।
ਸਹੁੰ ਚੁੱਕਣ ਮਗਰੋਂ ਕੇਨੀ ਨੇ ਕਿਹਾ ਹੈ ਕਿ ਬ੍ਰਿਟਿਸ਼ ਕੋਲੰਬੀਆ (ਬੀਸੀ) ਨੂੰ ਤੇਲ ਸਪਲਾਈ ਬੰਦ ਕਰਨ ਦਾ ਹਾਲ ਦੀ ਘੜੀ ਉਨ੍ਹਾਂ ਦੀ ਸਰਕਾਰ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਸਰਕਾਰ ਸਾਰੇ ਨੁਕਤਿਆਂ ‘ਤੇ ਵਿਚਾਰ ਕਰ ਕੇ ਬੀਸੀ ਸਰਕਾਰ ‘ਤੇ ਦਬਾਅ ਬਣਾਏਗੀ। ਇਸ ਤੋਂ ਪਹਿਲਾਂ ਕੇਨੀ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਬਹੁ-ਸਭਿਆਚਾਰ ਬਾਰੇ ਮੰਤਰੀ ਰਹਿ ਚੁੱਕੇ ਹਨ। ਜੇਸਨ ਕੇਨੀ ਫੈਡਰਲ ਸਰਕਾਰ ਵਿੱਚ ਮੰਤਰੀ ਹੁੰਦਿਆਂ ਕਈ ਅਹਿਮ ਇਮੀਗਰੇਸ਼ਨ ਨੀਤੀਆਂ ‘ਤੇ ਕੰਮ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਕੇਨੀ ਨੇ ਆਪਣੀ ਇਕ ਤਕਰੀਰ ਵਿਚ ਕਿਹਾ ਸੀ ਕਿ ਉਹ ਯੂਸੀਪੀ ਸਰਕਾਰ ਬਣਨ ‘ਤੇ ਸਭ ਤੋਂ ਪਹਿਲਾਂ ਬੀਸੀ ਨੂੰ ਤੇਲ ਸਪਲਾਈ ਬੰਦ ਕਰਨਗੇ ਕਿਉਂਕਿ ਇਹ ਸੂਬਾ ਤੇਲ ਪਾਈਪਲਾਈਨ ਵਿਚ ਅੜਿੱਕੇ ਪਾ ਰਿਹਾ ਹੈ। ਸਪਲਾਈ ਬੰਦ ਕਰਨ ਬਾਰੇ ਬਿੱਲ-12 ਪਿਛਲੀ ਐਨਡੀਪੀ ਸਰਕਾਰ ਨੇ ਪਹਿਲਾਂ ਹੀ ਪਾਸ ਕਰ ਦਿੱਤਾ ਸੀ ਪਰ ਲਾਗੂ ਨਹੀਂ ਕੀਤਾ ਗਿਆ ਸੀ। ਦੂਜੇ ਪਾਸੇ ਬੀਸੀ ਸੂਬੇ ਦੀ ਐਨਡੀਪੀ ਸਰਕਾਰ ਨੇ ਇਸ ਫ਼ੈਸਲੇ ਨੂੰ ਲਾਗੂ ਕਰਨ ਵਿਰੁੱਧ ਅਦਾਲਤ ਜਾਣ ਦੀ ਚਿਤਾਵਨੀ ਪਹਿਲਾਂ ਹੀ ਦਿੱਤੀ ਹੋਈ ਹੈ। ਫੈਡਰਲ ਸਰਕਾਰ ਦੇ ਕਾਰਬਨ ਟੈਕਸ ਸਬੰਧੀ ਲਏ ਫ਼ੈਸਲੇ ਵਿਰੁੱਧ ਅਪੀਲ ਦਾ ਮੁੱਦਾ ਵੀ ਹਾਲ ਦੀ ਘੜੀ ਠੰਢੇ ਬਸਤੇ ਵਿਚ ਪੈ ਗਿਆ ਹੈ। ਜੇਸਨ ਕੇਨੀ ਨੇ ਕਿਹਾ ਹੈ ਕਿ ਇਸ ਬਾਰੇ ਉਨ੍ਹਾਂ ਦੀ ਸਰਕਾਰ ਸੋਚ-ਵਿਚਾਰ ਕੇ ਫ਼ੈਸਲਾ ਲਵੇਗੀ। ਦੱਸਣਯੋਗ ਹੈ ਕਿ ਤੇਲ ਦੇ ਖੂਹਾਂ ਦੁਆਰਾ ਕਾਰਬਨ ਪੈਦਾ ਕਰਨ ਉੱਤੇ 100 ਮੈਗਾਟਨ ਦੀ ਹੱਦ ਮੁਕੱਰਰ ਕੀਤੀ ਹੋਈ ਹੈ। ਜੇਸਨ ਕੇਨੀ ਨੇ ਚੋਣਾਂ ਤੋਂ ਪਹਿਲਾਂ ਇਹ ਵੀ ਕਿਹਾ ਸੀ ਕਿ ਕਾਰਬਨ ਟੈਕਸ ਕਾਰਨ ਅਲਬਰਟਾ ਸੂਬੇ ‘ਚ ਨਵੇਂ ਉਦਯੋਗ ਲੱਗਣ ਵਿਚ ਅੜਿੱਕਾ ਪੈ ਰਿਹਾ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *