ਮੋਦੀ ਨੇ ਫੋਨੀ ਤੂਫਾਨ ਨਾਲ ਤਬਾਹੀ ਦੇ ਖ਼ਤਰੇ ਦਾ ਜਾਇਜ਼ਾ ਲੈਣ ਲਈ ਕੀਤੀ ਉੱਚ ਪੱਧਰੀ ਮੀਟਿੰਗ


ਨਵੀਂ ਦਿੱਲੀ/ਫੋਨੀ ਤੂਫਾਨ ਸਬੰਧੀ ਮੌਸਮ ਵਿਭਾਗ ਵੱਲੋਂ ਦੇਸ਼ ‘ਚ ਜਾਰੀ ਅਲਰਟ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਤੂਫ਼ਾਨ ਨਾਲ ਨਜਿੱਠਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇਕ ਉੱਚ ਪੱਧਰੀ ਬੈਠਕ ਕੀਤੀ ਹੈ। ਇਸ ਬੈਠਕ ‘ਚ ਤੇਜ਼ੀ ਨਾਲ ਵੱਧ ਰਹੇ ਖ਼ਤਰੇ ਦਾ ਮੁਲਾਂਕਣ ਕਰਨ ਤੋਂ ਬਾਅਦ ਪੀਐੱਮ ਮੋਦੀ ਨੇ ਕੇਂਦਰ ਸਰਕਾਰ ਨੇ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪ੍ਰਭਾਵਿਤ ਸੂਬਿਆਂ ਦੇ ਅਧਿਕਾਰੀਆਂ ਨਾਲ ਸੰਪਰਕ ਬਣਾ ਕੇ ਰੱਖਣ, ਬਚਾਅ ਕਾਰਜਾਂ ਨੂੰ ਯਕੀਨੀ ਕਰਨ ਤੇ ਲੋੜੀਂਦੇ ਕਾਰਜਾਂ ਲਈ ਉਚਿਤ ਕਦਮ ਚੁੱਕਣ।
ਇਸ ਬੈਠਕ ‘ਚ ਕੈਬਨਿਟ ਸਕੱਤਰ, ਪੀਐੱਮ ਦੇ ਪ੍ਰਧਾਨ ਸਕੱਤਰ, ਪੀਐੱਮ ਦੇ ਵਧੀਕ ਪ੍ਰਮੁੱਖ ਸਕੱਤਰ, ਗ੍ਰਹਿ ਸਕੱਤਰ ਤੇ ਆਈਐੱਮਡੀ, ਐੱਨਡੀਆਰਐੱਫ, ਐੱਨਡੀਐੱਮਏ ਅਤੇ ਪੀਐੱਮਓ ਆਦਿ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਸ ਸਨ।
ਉੱਥੇ ਹੀ ਓਡੀਸ਼ਾ ‘ਚ ਪੁਰੀ ਦੇ ਤੱਟੀ ਖੇਤਰਾਂ ‘ਚ ਲੋਕਾਂ ਨੂੰ ਅਲਰਟ ਕਰ ਕਿਹਾ ਗਿਆ ਹੈ ਕਿ ਉਹ ਸਮੁੰਦਰ ਲਾਗੇ ਨਾ ਜਾਣ। ਕੋਸਟ ਗਾਰਡ ਦੇ ਆਈਜੀ ਨੇ ਦੱਸਿਆ ਕਿ ਅਸੀਂ 8 ਬਚਾਅ ਦਲ, 4 ਵਿਸ਼ਾਖਾਪਟਨਮ ਤੇ 4 ਚੇਨਈ ‘ਚ ਤਾਇਨਾਤ ਕੀਤੇ ਹਨ। ਨਾਲ ਹੀ ਅਸੀਂ ਬਚਾਅ ਕਾਰਜਾਂ ਲਈ ਵਿਸ਼ਾਖਾਪਟਨਮ ਤੇ ਚੇਨਈ ‘ਚ ਚੇਤਕ ਹੈਲੀਕਾਪਟਰ ਵੀ ਤਾਇਨਾਤ ਕਰ ਦਿੱਤੇ ਹਨ।
ਦੱਸਣਾ ਬਣਦਾ ਹੈ ਕਿ ਫੋਨੀ ਤੂਫਾਨ ਨੇ ਬੇਹੱਦ ਭਿਆਨਕ ਰੂਪ ਧਾਰ ਲਿਆ ਹੈ ਤੇ ਤੇਜ਼ੀ ਨਾਲ ਓਡੀਸ਼ਾ ਵੱਲ ਵਧ ਰਿਹਾ ਹੈ। ਇਸ ਦੀ ਆਮਦ ਤੋਂ ਪਹਿਲਾਂ ਹੀ ਆਂਧਰਾ ਪ੍ਰਦੇਸ਼, ਪੁਰੀ ਤੇ ਹੋਰ ਕੁਝ ਸ਼ਹਿਰਾਂ ‘ਚ ਬਰਿਸ਼ ਸ਼ੁਰੂ ਹੋ ਚੁੱਕੀ ਹੈ। ਸਵੇਰੇ 5 ਵਜੇ ਤਕ ਇਹ ਚੱਕਰਵਾਤ ਓਡੀਸ਼ਾ ਤੱਟ ਤੋਂ 450 ਕਿਮੀ ਦੂਰ ਸੀ ਤੇ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਦੁਪਹਿਰ ਤਕ ਇਹ ਓਡੀਸ਼ਾ ਦੇ ਗੋਪਾਲਪੁਰ ਤੇ ਚਾਂਦਬਲੀ ਵਿਚਾਲੇ ਤੱਟ ਨਾਲ ਟਕਰਾ ਸਕਦਾ ਹੈ। ਚੱਕਰਵਾਤ ਫੋਨੀ ਨੂੰ ਲੈ ਕੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਇਲਾਵਾ ਸਮੁੰਦਰੀ ਫ਼ੌਜ ਵੀ ਪੂਰੀ ਤਰ੍ਹਾਂ ਅਲਰਟ ਹੈ ਤੇ ਸਾਰੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ।
ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨਡੀਐੱਮਏ) ਨੇ ਕਿਹਾ ਕਿ ਫੋਨੀ ਦੇ ਪ੍ਰਭਾਵ ਨਾਲ ਅਰੁਣਾਚਲ ਪ੍ਰਦੇਸ਼, ਆਸਾਮ, ਮੇਘਾਲਿਆ ਦੇ ਕੁਝ ਇਲਾਕਿਆਂ ‘ਚ ਭਾਰੀ ਬਾਰਿਸ਼ ਹੋ ਸਕਦੀ ਹੈ। ਕਈ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ ਕਈਆਂ ਦੇ ਮਾਰਗ ਬਦਲ ਦਿੱਤੇ ਗਏ ਹਨ। ਓਐੱਨਜੀਸੀ ਨੇ ਵੀ ਆਂਧਰਾ ਪ੍ਰਦੇਸ਼ ਦੇ ਤੱਟ ਕੋਲ ਬੰਗਾਲ ਦੀ ਖਾੜੀ ‘ਚ ਤੇਲ ਅਤੇ ਗੈਸ ਦੀ ਖੋਜ ਲਈ ਸਥਾਪਿਤ ਆਪਣੇ ਛੇ ਰਿਗ ਤੋਂ 480 ਮੁਲਾਜ਼ਮਾਂ ਨੂੰ ਬਾਹਰ ਕੱਢ ਲਿਆ ਹੈ। ਇਨ੍ਹਾਂ ‘ਚੋਂ ਪੰਜ ਰਿਗ ‘ਚ ਹੁਣ ਇਕ ਵੀ ਮੁਲਾਜ਼ਮ ਨਹੀਂ ਰਿਹਾ ਹੈ।
ਇਸੇ ਦੌਰਾਨ ਐੱਨਡੀਐੱਮਏ ਨੇ ਕਿਹਾ ਕਿ ਫੋਨੀ ਦੇ ਪ੍ਰਭਾਵ ਨਾਲ ਆਂਧਰ ਪ੍ਰਦੇਸ਼ ਦੇ ਤੱਟਵਰਤੀ ਇਲਾਕਿਆਂ ਆਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਜੰਮੂ-ਕਸ਼ਮੀਰ, ਪੱਛਮੀ ਬੰਗਾਲ ਤੇ ਸਿੱਕਮ ਦੇ ਕੁਝ ਹਿਮਾਲਈ ਖੇਤਰਾਂ ‘ਚ 40-50 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਨੇਵੀ ਤੇ ਤੱਟ ਰੱਖਿਆ ਬਲ ਦੇ ਬੇੜੇ ਤੇ ਹੈਲੀਕਾਪਟਰ ਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਬਲ ਦੇ ਬਚਾਅ ਦਲ ਸਾਰੇ ਅਹਿਮ ਸਥਾਨਾਂ ‘ਤੇ ਤਾਇਨਾਤ ਕਰ ਦਿੱਤੇ ਗਏ ਹਨ। ਕਿਸੇ ਵੀ ਸਥਿਤੀ ਨਾਲ ਨਿਜੱਠਣ ਲਈ ਫ਼ੌਜ ਤੇ ਹਵਾਈ ਫ਼ੌਜ ਦੀਆਂ ਟੁਕੜੀਆਂ ਨੂੰ ਵੀ ਤਿਆਰ ਰੱਖਿਆ ਗਿਆ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *