ਮਾਓਵਾਦੀਆਂ ਵੱਲੋ ਕੀਤੇ ਬਾਰੂਦੀ ਸੁਰੰਗ ਧਮਾਕੇ ‘ਚ 15 ਜਵਾਨ ਸ਼ਹੀਦ


ਹਮਲੇ ਤੋਂ ਪਹਿਲਾਂ 36 ਗੱਡੀਆਂ ਸਾੜੀਆਂ
ਗੜ੍ਹਚਿਰੌਲੀ (ਮਹਾਰਾਸ਼ਟਰ)/ਮਾਓਵਾਦੀਆਂ ਵੱਲੋਂ ਮਹਾਰਾਸ਼ਟਰ ਦੇ ਗੜ੍ਹਚਿਰੌਲੀ ‘ਚ ਬੁੱਧਵਾਰ ਨੂੰ ਕੀਤੇ ਗਏ ਬਾਰੂਦੀ ਸੁਰੰਗ ਧਮਾਕੇ ‘ਚ ਪੁਲੀਸ ਦੇ 15 ਕਮਾਂਡੋ ਅਤੇ ਇਕ ਆਮ ਨਾਗਰਿਕ ਹਲਾਕ ਹੋ ਗਏ। ਇਹ ਹਮਲਾ ਉਦੋਂ ਹੋਇਆ ਜਦੋਂ ਮਹਾਰਾਸ਼ਟਰ ਆਪਣੇ ਸਥਾਪਨਾ ਦਿਵਸ ਦੇ ਜਸ਼ਨ ਮਨਾ ਰਿਹਾ ਸੀ। ਮਹਾਰਾਸ਼ਟਰ ਪੁਲੀਸ ਦੇ ਸੀ-60 ਕਮਾਂਡੋਜ਼ ਨੂੰ ਲੈ ਕੇ ਜਾ ਰਿਹਾ ਵਾਹਨ ਕੁਰਖੇੜਾ ਇਲਾਕੇ ‘ਚ ਕਰੀਬ ਸਾਢੇ 12 ਵਜੇ ਬਾਰੂਦੀ ਸੁਰੰਗ ਦੀ ਲਪੇਟ ‘ਚ ਆ ਗਿਆ। ਇਹ ਹਮਲਾ ਉਸ ਸਮੇਂ ਹੋਇਆ ਜਦੋਂ 10 ਕੁ ਘੰਟੇ ਪਹਿਲਾਂ ਮਾਓਵਾਦੀਆਂ ਨੇ ਗੜ੍ਹਚਿਰੌਲੀ ਦੇ ਦਾਦਰਪੁਰ ਪਿੰਡ ‘ਚ ਸੜਕ ਉਸਾਰੀ ਦੇ ਕੰਮਾਂ ‘ਚ ਲੱਗੇ 36 ਵਾਹਨਾਂ ਅਤੇ ਠੇਕੇਦਾਰ ਦੇ ਦੋ ਦਫ਼ਤਰਾਂ ਨੂੰ ਅੱਗ ਹਵਾਲੇ ਕਰ ਦਿੱਤਾ ਸੀ। ਸੂਤਰਾਂ ਮੁਤਾਬਕ ਜੰਗਲੀ ਇਲਾਕੇ ‘ਚ ਪੈਂਦੀ ਸੁੰਨਸਾਨ ਸੜਕ ‘ਤੇ ਜਦੋਂ ਕਮਾਂਡੋਜ਼ ਦਾ ਵਾਹਨ ਜਾ ਰਿਹਾ ਸੀ ਤਾਂ ਅੱਗੇ ਦਰੱਖਤ ਡੇਗ ਕੇ ਰਾਹ ਬੰਦ ਕੀਤਾ ਹੋਇਆ ਸੀ। ਜਵਾਨਾਂ ਨੇ ਜਦੋਂ ਵਾਹਨ ਤੋਂ ਉਤਰ ਕੇ ਸੜਕ ਤੋਂ ਦਰੱਖਤਾਂ ਨੂੰ ਹਟਾਉਣਾ ਸ਼ੁਰੂ ਕੀਤਾ ਤਾਂ ਧਮਾਕਾ ਹੋ ਗਿਆ ਜਿਸ ਕਾਰਨ ਥਾਂ ‘ਤੇ ਹੀ ਜਵਾਨਾਂ ਦੀ ਮੌਤ ਹੋ ਗਈ। ਕਮਾਂਡੋਜ ਨੂੰ ਮਾਓਵਾਦੀਆਂ ਬਾਰੇ ਸੂਹ ਮਿਲੀ ਸੀ ਜਿਨ੍ਹਾਂ ਨਾਲ ਨਜਿੱਠਣ ਲਈ ਉਹ ਅੱਗੇ ਵੱਧ ਰਹੇ ਸਨ। ਮਹਾਰਾਸ਼ਟਰ ਦੇ ਡੀਜੀਪੀ ਸੁਬੋਧ ਜੈਸਵਾਲ ਨੇ ਕਿਹਾ ਕਿ ਸੁਰੱਖਿਆ ਬਲਾਂ ਦਾ ਵਾਹਨ ਬਾਰੂਦੀ ਸੁਰੰਗ ਦੀ ਲਪੇਟ ‘ਚ ਆ ਗਿਆ ਜਿਸ ‘ਚ 15 ਜਵਾਨ ਸਵਾਰ ਸਨ। ਇਸ ਤੋਂ ਇਲਾਵਾ ਇਕ ਸਿਵਲੀਅਨ ਵਾਹਨ ਵੀ ਧਮਾਕੇ ‘ਚ ਨੁਕਸਾਨਿਆ ਗਿਆ।
ਮੁੰਬਈ ‘ਚ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ 15 ਜਵਾਨਾਂ ਦੀ ਸ਼ਹਾਦਤ ਦਾ ਦੁੱਖ ਹੈ ਪਰ ਹਮਲੇ ਨਾਲ ਸੁਰੱਖਿਆ ਬਲਾਂ ਦਾ ਹੌਸਲਾ ਡਿੱਗੇਗਾ ਨਹੀਂ ਅਤੇ ਮਾਓਵਾਦੀਆਂ ਖ਼ਿਲਾਫ਼ ਅਪਰੇਸ਼ਨ ਜਾਰੀ ਰਹਿਣਗੇ ਜਿਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਸ੍ਰੀ ਜੈਸਵਾਲ ਨੇ ਕਿਹਾ ਕਿ ਮਾਓਵਾਦੀਆਂ ਦਾ ਮਕਸਦ ਮੁਲਕ ‘ਚੋਂ ਲੋਕਤੰਤਰ ਨੂੰ ਖ਼ਤਮ ਕਰਨਾ ਹੈ ਪਰ ਅਸੀਂ ਯਤਨ ਕਰਾਂਗੇ ਕਿ ਅਜਿਹੇ ਹਮਲੇ ਭਵਿੱਖ ‘ਚ ਨਾ ਹੋਣ। ਉਨ੍ਹਾਂ ਹਮਲੇ ਨੂੰ ‘ਇੰਟੈਲੀਜੈਂਸ ਦੀ ਨਾਕਾਮੀ’ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਸਬੰਧੀ ਜਾਂਚ ਕੀਤੀ ਜਾਵੇਗੀ। ਪੁਲੀਸ ਮੁਖੀ ਨੇ ਕਿਹਾ ਕਿ ਹਮਲਾ ਦੇਸ਼ ‘ਚ ਚਲ ਰਹੀਆਂ ਚੋਣਾਂ ਨਾਲ ਸਬੰਧਤ ਨਹੀਂ ਹੈ ਕਿਉਂਕਿ ਗੜ੍ਹਚਿਰੌਲੀ ‘ਚ ਪਹਿਲੇ ਪੜਾਅ ਦੌਰਾਨ 11 ਅਪਰੈਲ ਨੂੰ ਹੀ ਵੋਟਾਂ ਪੈ ਚੁੱਕੀਆਂ ਹਨ ਜਦਕਿ ਮਹਾਰਾਸ਼ਟਰ ਦੀਆਂ ਸਾਰੀਆਂ 48 ਸੀਟਾਂ ‘ਤੇ 29 ਅਪਰੈਲ ਨੂੰ ਵੋਟਾਂ ਦਾ ਅਮਲ ਮੁਕੰਮਲ ਹੋ ਚੁੱਕਾ ਹੈ। ਮੁੱਖ ਮੰਤਰੀ ਦੇਵੇਂਦਰ ਫੜਨੀਵਸ ਨੇ ਹਮਲੇ ‘ਤੇ ਦੁੱਖ ਜ਼ਾਹਰ ਕਰਦਿਆਂ ਸੁਰੱਖਿਆ ਹਾਲਾਤ ਬਾਰੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਵਿਚਾਰ ਵਟਾਂਦਰਾ ਕੀਤਾ। ਸੂਬੇ ਦੇ ਗ੍ਰਹਿ ਮੰਤਰੀ ਦੀਪਕ ਕੇਸਾਰਕਰ ਨੇ ਕਿਹਾ ਕਿ ਕਮਾਂਡੋਜ਼ ਦੇ ਰੂਟ ਬਾਰੇ ਜਾਣਕਾਰੀ ਲੀਕ ਕਿਵੇਂ ਹੋਈ ਅਤੇ ਉਹ ਪ੍ਰਾਈਵੇਟ ਵੈਨ ‘ਚ ਕਿਉਂ ਜਾ ਰਹੇ ਸਨ। ਸੂਬੇ ਦੇ ਵਿੱਤ ਮੰਤਰੀ ਸੁਧੀਰ ਮੁਨਗੰਤੀਵਾਰ ਨੇ ਕਿਹਾ ਕਿ ਮਹਾਰਾਸ਼ਟਰ ਦਿਵਸ ਮੌਕੇ ਇਹ ਵੱਡਾ ਹਮਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਓਵਾਦੀ ਗੜ੍ਹਚਿਰੌਲੀ-ਚਿਮੂਰ ਲੋਕ ਸਭਾ ਹਲਕੇ ‘ਚ ਭਾਰੀ ਵੋਟਿੰਗ ਤੋਂ ਗੁੱਸੇ ‘ਚ ਸਨ ਜਿਸ ਕਾਰਨ ਉਨ੍ਹਾਂ ਹਿੰਸਕ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸੂਬੇ ‘ਚ ਅੱਜ ਸੁਰੱਖਿਆ ਬਲਾਂ ‘ਤੇ ਹੋਇਆ ਹਮਲਾ ਬੀਤੇ 10 ਸਾਲਾਂ ‘ਚ ਦੂਜਾ ਸਭ ਤੋਂ ਵੱਡਾ ਹਮਲਾ ਦੱਸਿਆ ਜਾ ਰਿਹਾ ਹੈ। ਅਕਤੂਬਰ 2009 ‘ਚ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਵੇਲੇ ਗੜ੍ਹਚਿਰੌਲੀ ਦੇ ਜੰਗਲਾਂ ‘ਚ ਮਾਓਵਾਦੀਆਂ ਨਾਲ ਮੁਕਾਬਲੇ ਦੌਰਾਨ 17 ਪੁਲੀਸ ਕਰਮੀ ਹਲਾਕ ਹੋ ਗਏ ਸਨ।
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਓਵਾਦੀ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਗੜ੍ਹਚਿਰੌਲੀ ਹਿੰਸਾ ਦੇ ਸਾਜ਼ਿਸ਼ਘਾੜਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਉਂਦਿਆਂ ਕਿਹਾ ਕਿ ਦੁੱਖ ਦੀ ਇਸ ਘੜੀ ‘ਚ ਉਹ ਉਨ੍ਹਾਂ ਨਾਲ ਖੜ੍ਹੇ ਹਨ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਗੜ੍ਹਚਿਰੌਲੀ ‘ਚ ਮਾਓਵਾਦੀ ਹਮਲੇ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਓਵਾਦੀਆਂ ਦੇ ਕਾਇਰਾਨਾ ਹਮਲੇ ਬਾਬਤ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਨੂੰ ਹਾਲਾਤ ਬਾਰੇ ਜਾਣਕਾਰੀ ਦਿੱਤੀ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *