ਪ੍ਰਧਾਨ ਮੰਤਰੀ ਮੋਦੀ ਨੇ ਸਰਦਾਰ ਪਰਕਾਸ਼ ਸਿੰਘ ਬਾਦਲ ਤੋਂ ਆਸ਼ੀਰਵਾਦ ਲਿਆ


ਵਾਰਾਨਸੀ/ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਸਾਬਕਾ ਮੁੱਖ ਮੰੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਆਸ਼ੀਰਵਾਦ ਲੈ ਕੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਇਸ ਮੌਕੇ ਭਾਜਪਾ ਦੇ ਚੋਟੀ ਦੇ ਆਗੂ ਅਤੇ ਐਨਡੀਏ ‘ਚ ਸ਼ਾਮਲ ਕਈ ਹੋਰ ਪਾਰਟੀਆਂ ਦੇ ਮੁਖੀ ਵੀ ਹਾਜ਼ਰ ਸਨ। ਵੀਆਈਪੀ ਕਾਫ਼ਲਿਆਂ ਨੂੰ ਦੇਖਣ ਲਈ ਸ਼ੁੱਕਰਵਾਰ ਨੂੰ ਸੜਕਾਂ ਦੇ ਕੰਢਿਆਂ ‘ਤੇ ਭਾਰੀ ਭੀੜ ਜਮਾਂ ਸੀ ਜਿਸ ਕਾਰਨ ਮੰਦਰਾਂ ਦੇ ਸ਼ਹਿਰ ‘ਚ ਆਵਾਜਾਈ ਠੱਪ ਹੋ ਕੇ ਰਹਿ ਗਈ। ਦੂਜੀ ਵਾਰ ਵਾਰਾਨਸੀ ਤੋਂ ਲੋਕ ਸਭਾ ਚੋਣ ਲੜ ਰਹੇ ਸ੍ਰੀ ਮੋਦੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਮੁਖੀ ਨਿਤੀਸ਼ ਕੁਮਾਰ, ਲੋਕ ਜਨਸ਼ਕਤੀ ਪਾਰਟੀ ਮੁਖੀ ਰਾਮ ਵਿਲਾਸ ਪਾਸਵਾਨ, ਸ਼ਿਵ ਸੈਨਾ ਮੁਖੀ ਊਧਵ ਠਾਕਰੇ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਰਾਜਨਾਥ ਸਿੰਘ ਅਤੇ ਸੁਸ਼ਮਾ ਸਵਰਾਜ ਦੀ ਹਾਜ਼ਰੀ ‘ਚ ਕੁਲੈਕਟਰ ਦਫ਼ਤਰ ‘ਚ ਕਾਗਜ਼ ਭਰੇ। ਸ੍ਰੀ ਮੋਦੀ ਦੇ ਨਾਮ ਦੀ ਤਜਵੀਜ਼ ਰੱਖਣ ਵਾਲੇ ਚਾਰ ਵਿਅਕਤੀਆਂ ‘ਚ ਬਨਾਰਸ ਹਿੰਦੂ ਯੂਨੀਵਰਸਿਟੀ ਮਹਿਲਾ ਕਾਲਜ ਦੀ ਸਾਬਕਾ ਪ੍ਰਿੰਸੀਪਲ ਅੰਨਪੂਰਨਾ ਸ਼ੁਕਲਾ, ‘ਡੋਮ ਰਾਜਾ’ ਵਜੋਂ ਜਾਣੇ ਜਾਂਦੇ ਦਾਹ ਸਸਕਾਰ ਕਰਨ ਵਾਲਿਆਂ ਦੇ ਮੁਖੀ ਜਗਦੀਸ਼ ਚੌਧਰੀ, ਲੰਬੇ ਸਮੇਂ ਤੋਂ ਭਾਜਪਾ ਵਰਕਰ ਸੁਭਾਸ਼ ਚੰਦਰ ਗੁਪਤਾ ਅਤੇ ਖੇਤੀਬਾੜੀ ਵਿਗਿਆਨੀ ਰਾਮ ਸ਼ੰਕਰ ਪਟੇਲ (ਜਿਨ੍ਹਾਂ ਨੂੰ ਮੋਦੀ ਬਚਪਨ ਤੋਂ ਜਾਣਦੇ ਹਨ) ਸ਼ਾਮਲ ਸਨ। ਚਾਰ ਪ੍ਰਸਤਾਵਕਾਂ ਦੇ ਨਾਮ ਬੜੇ ਧਿਆਨ ਨਾਲ ਚੁਣੇ ਗਏ ਹਨ ਜੋ ਵੱਖ ਵੱਖ ਜਾਤਾਂ ਨਾਲ ਸਬੰਧਤ ਹਨ। ਸ੍ਰੀ ਸ਼ੁਕਲਾ ਬ੍ਰਾਹਮਣ, ਚੌਧਰੀ ਦਲਿਤ, ਪਟੇਲ ਓਬੀਸੀ ਅਤੇ ਗੁਪਤਾ ਬਾਣੀਆ ਹਨ। ਸ੍ਰੀ ਮੋਦੀ ਨੇ ਆਦਰ ਵਜੋਂ ਸ੍ਰੀ ਬਾਦਲ ਅਤੇ ਸ੍ਰੀ ਸ਼ੁਕਲਾ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ। ਕੁਲੈਕਟਰ ਦਫ਼ਤਰ ‘ਚ ਪਰਚੇ ਭਰਨ ਤੋਂ ਪਹਿਲਾਂ ਸ੍ਰੀ ਮੋਦੀ ਨੇ ਮੰਦਰ ਜਾ ਕੇ ਉਥੇ ਪੂਜਾ ਪਾਠ ਵੀ ਕੀਤਾ।
ਇੱਥੇ ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਢਾਈ ਕਰੋੜ ਰੁਪਏ ਦੀ ਸੰਪਤੀ ਹੈ ਜਿਸ ‘ਚ ਗੁਜਰਾਤ ਦੇ ਗਾਂਧੀਨਗਰ ‘ਚ ਰਿਹਾਇਸ਼ੀ ਪਲਾਟ, 1æ27 ਕਰੋੜ ਰੁਪਏ ਦੀ ਐਫਡੀਜ਼ ਅਤੇ 38,750 ਰੁਪਏ ਨਗਦ ਸ਼ਾਮਲ ਹਨ। ਚੋਣ ਕਮਿਸ਼ਨ ਕੋਲ ਦਾਖ਼ਲ ਹਲਫ਼ਨਾਮੇ ‘ਚ ਸ੍ਰੀ ਮੋਦੀ ਦੀ ਸੰਪਤੀ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ 1æ41 ਕਰੋੜ ਰੁਪਏ ਦੀ ਚੱਲ ਅਤੇ 1.1 ਕਰੋੜ ਰੁਪਏ ਦੀ ਅਚੱਲ ਸੰਪਤੀ ਐਲਾਨੀ ਹੈ। ਹਲਫ਼ਨਾਮੇ ‘ਚ ਉਨ੍ਹਾਂ ਜਸ਼ੋਦਾਬੇਨ ਨੂੰ ਆਪਣੀ ਪਤਨੀ ਦੱਸਿਆ ਹੈ ਅਤੇ ਗੁਜਰਾਤ ਯੂਨੀਵਰਸਿਟੀ ਤੋਂ 1983 ‘ਚ ਐਮਏ ਦੀ ਡਿਗਰੀ ਹਾਸਲ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦਿੱਲੀ ਯੂਨੀਵਰਸਿਟੀ ਤੋਂ 1978 ‘ਚ ਆਰਟਸ ‘ਚ ਗ੍ਰੈਜੂਏਸ਼ਨ ਅਤੇ ਐਸਐਸਸੀ ਪ੍ਰੀਖਿਆ 1967 ‘ਚ ਗੁਜਰਾਤ ਬੋਰਡ ਤੋਂ ਪਾਸ ਕੀਤੀ ਹੈ। ਪ੍ਰਧਾਨ ਮੰਤਰੀ ਨੇ 2014 ‘ਚ 1.65 ਕਰੋੜ ਰੁਪਏ ਦੀ ਕੁੱਲ ਸੰਪਤੀ ਐਲਾਨੀ ਸੀ। ਉਨ੍ਹਾਂ 20 ਹਜ਼ਾਰ ਰੁਪਏ ਟੈਕਸ ਬੱਚਤ ਇੰਫਰਾ ਬਾਂਡਾਂ, 7.61 ਲੱਖ ਰੁਪਏ ਨੈਸ਼ਨਲ ਸੇਵਿੰਗ ਸਰਟੀਫਿਕੇਟ ਅਤੇ 1æ9 ਲੱਖ ਰੁਪਏ ਐਲਆਈਸੀ ਪਾਲਿਸੀ ‘ਚ ਨਿਵੇਸ਼ ਕੀਤੇ ਹਨ। ਉਨ੍ਹਾਂ ਕੋਲ ਬੈਂਕ ਦੇ ਬੱਚਤ ਖਾਤੇ ‘ਚ 4143 ਰੁਪਏ ਹਨ ਅਤੇ 45 ਗ੍ਰਾਮ ਦੀਆਂ 1.13 ਲੱਖ ਰੁਪਏ ਮੁੱਲ ਦੀਆਂ ਸੋਨੇ ਦੀਆਂ ਚਾਰ ਮੁੰਦਰੀਆਂ ਹਨ। ਉਨ੍ਹਾਂ ਕੋਲ ਗਾਂਧੀਨਗਰ ਦੇ ਸੈਕਟਰ 1 ‘ਚ 3531 ਸਕੁਏਅਰ ਫੁੱਟ ਦਾ ਪਲਾਟ ਹੈ ਜਿਸ ਦੀ ਕੀਮਤ 1.1 ਕਰੋੜ ਰੁਪਏ ਬਣਦੀ ਹੈ। ਹਲਫ਼ਨਾਮੇ ਮੁਤਾਬਕ ਉਨ੍ਹਾਂ ਖ਼ਿਲਾਫ਼ ਕੋਈ ਵੀ ਅਪਰਾਧਿਕ ਕੇਸ ਬਕਾਇਆ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੇ ਕੋਈ ਸਰਕਾਰੀ ਕਰਜ਼ਾ ਅਦਾ ਕਰਨਾ ਹੈ। ਸ੍ਰੀ ਮੋਦੀ ਨੇ ਆਮਦਨ ਦਾ ਹਵਾਲਾ ਸਰਕਾਰ ਤੋਂ ਮਿਲਦੀ ਤਨਖ਼ਾਹ ਅਤੇ ਬੈਂਕ ਦਾ ਵਿਆਜ ਦੱਸਿਆ ਹੈ ਜਦਕਿ ਉਨ੍ਹਾਂ ਦੀ ਪਤਨੀ ਦੀ ਆਮਦਨ ਦੇ ਸਰੋਤ ਬਾਰੇ ਕੁਝ ‘ਪਤਾ ਨਹੀਂ’ ਹੈ। ਜਸ਼ੋਦਾਬੇਨ ਦੇ ਕਿੱਤੇ ਵਾਲੇ ਖਾਨੇ ‘ਚ ਵੀ ‘ਪਤਾ ਨਹੀਂ’ ਦੱਸਿਆ ਗਿਆ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *