ਫਿਲੀਪੀਨਜ਼ ਰਾਸ਼ਟਰਪਤੀ ਡੂਟਰਟੇ ਵੱਲੋਂ ਕਬਾੜ ਦੇ ਮੁੱਦੇ ਉੱਤੇ ਕੈਨੇਡਾ ਨੂੰ ਜੰਗ ਦੀ ਧਮਕੀ


ਓਟਵਾ/ ਫਿਲੀਪੀਨਜ਼ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਜੇਕਰ ਕੈਨੇਡਾ ਨੇ ਅਗਲੇ ਹਫਤੇ ਤਕ ਆਪਣਾ ਸਾਰਾ ਕਬਾੜ ਨਹੀਂ ਚੁੱਕਿਆ ਤਾਂ ਉਹ ਜੰਗ ਦਾ ਐਲਾਨ ਕਰ ਦੇਣਗੇ ਅਤੇ ਜਹਾਜ਼ ਵਿਚ ਭਰ ਕੇ ਖੁਦ ਇਸ ਕਬਾੜ ਨੂੰ ਕੈਨੇਡਾ ਸੁੱਟ ਕੇ ਆਉਣਗੇ।
ਇਸ ਸੰਬੰਧੀ ਸਾਹਮਣੇ ਆਈ ਇੱਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਰੌਡਰੀਗੋ ਡੂਟਰਟੇ ਨੇ ਮੰਗਲਵਾਰ ਨੂੰ ਇਹ ਧਮਕੀ ਕੈਨੇਡਾ ਦੇ ਘਰੇਲੂ ਅਤੇ ਇਲੈਕਟ੍ਰੋਨਿਕ ਕਬਾੜ ਨਾਲ ਭਰੇ ਉਹਨਾਂ ਦਰਜਨਾਂ ਡੱਬਿਆਂ ਬਾਰੇ ਦਿੱਤੀ ਹੈ, ਜਿਹੜੀ ਪਿਛਲੇ 6 ਸਾਲ ਤੋਂ ਮਨੀਲਾ ਦੀ ਬੰਦਰਗਾਹ ਉਤੇ ਪਏ ਸੜ੍ਹ ਰਹੇ ਹਨ।
ਡੂਟਰਟੇ ਨੇ ਕਿਹਾ ਕਿ ਮੈਂ ਕੈਨੇਡਾ ਨੂੰ ਚਿਤਾਵਨੀ ਦਿੰਦਾ ਹਾਂ ਕਿ ਉਹ ਇਸ ਕਬਾੜ ਨੂੰ ਇੱਥੋਂ ਚੁੱਕ ਲੈਣ ਜਾਂ ਮੈਂ ਇਸ ਦਾ ਜਹਾਜ਼ ਭਰ ਕੇ ਉਹਨਾਂ ਕੋਲ ਭੇਜ ਦਿਆਂਗਾ।
ਇੰਨਾ ਹੀ ਨਹੀਂ ਆਪਣੇ ਲੜਾਕੂ ਸੁਭਾਅ ਕਰਕੇ ਜਾਣੇ ਜਾਂਦੇ ਡੂਟਰਟੇ ਨੇ ਧਮਕੀ ਦਿੱਤੀ ਹੈ ਕਿ ਜੇਕਰ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਕੈਨੇਡਾ ਵਿਰੁੱਧ ਜੰਗ ਦਾ ਐਲਾਨ ਕਰ ਦੇਣਗੇ। ਉਹਨਾਂ ਕਿਹਾ ਕਿ ਮੈਂ ਕੈਨੇਡਾ ਨੂੰ ਸਲਾਹ ਦਿੰਦਾ ਹਾਂ ਕਿ ਤੁਹਾਡਾ ਕਬਾੜ ਵਾਪਸ ਆ ਰਿਹਾ ਹੈ, ਇਸ ਦੇ ਸਵਾਗਤ ਲਈ ਤਿਆਰ ਰਹੋ। ਜੇ ਚਾਹੋ ਤਾਂ ਇਸ ਨੂੰ ਖਾ ਵੀ ਸਕਦੇ ਹੋ।
ਇੱਥੇ ਦੱਸਣਯੋਗ ਹੈ ਕਿ 2013 ਅਤੇ 2014 ਵਿਚ ਕੈਨੇਡਾ ਤੋਂ ਪਲਾਸਟਿਕ ਦੇ ਲੇਬਲ ਵਾਲੇ 103 ਸ਼ਿਪਿੰਗ ਕੰਨਟੇਨਰ ਰੀਸਾਈਕਲਿੰਗ ਵਾਸਤੇ ਫਿਲੀਪੀਨਜ਼ ਪੁੱਜੇ ਸਨ। ਪਰ ਫਿਲੀਪੀਨਜ਼ ਦੇ ਕਸਟਮਜ਼ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹਨਾਂ ਕੰਟਟੇਨਰਾਂ ਵਿਚ ਕੈਨੇਡਾ ਦਾ ਕਬਾੜ ਭਰਿਆ ਹੋਇਆ ਸੀ।
ਕੈਨੇਡਾ ਪਿਛਲੇ 6 ਸਾਲ ਤੋਂ ਇਸ ਕੂੜੇ ਨੂੰ ਡੰਪ ਕਰਨ ਵਾਸਤੇ ਫਿਲੀਪੀਨਜ਼ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ। ਫਿਲੀਪੀਨਜ਼ ਦੀ ਇੱਕ ਅਦਾਲਤ ਵੀ 2016 ਵਿਚ ਇਸ ਕਬਾੜ ਨੂੰ ਵਾਪਸ ਕੈਨੇਡਾ ਭੇਜਣ ਦਾ ਹੁਕਮ ਸੁਣਾ ਚੁੱਕੀ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਲੋਂ ਉਹਨਾਂ ਦੇ 2015 ਅਤੇ 2017 ਦੇ ਫਿਲੀਪੀਨਜ਼ ਦੌਰਿਆਂ ਦੌਰਾਨ ਇਸ ਮੁੱਦੇ ਬਾਰੇ ਪੁੱਛਿਆ ਗਿਆ ਸੀ। ਪਹਿਲੀ ਫੇਰੀ ਦੌਰਾਨ ਉਹਨਾਂ ਕਿਹਾ ਸੀ ਕਿ ਕਬਾੜ ਸੁੱਟਣ ਵਾਲੀ ਕੰਪਨੀ ਨੂੰ ਵਾਪਸ ਇਹ ਕਬਾੜ ਚੁੱਕਣ ਵਾਸਤੇ ਮਜ਼ਬੂਰ ਕਰਨ ਲਈ ਉਹਨਾਂ ਕੋਲ ਕੋਈ ਕਾਨੂੰਨੀ ਤਾਕਤ ਨਹੀਂ ਹੈ। 2017 ਵਿਚ ਟਰੂਡੋ ਨੇ ਕਿਹਾ ਸੀ ਕਿ ਇਸ ਦਾ ਹੱਲ ਲੱਭਣ ਲਈ ਕੈਨੇਡਾ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਅਤੇ ਸਿਧਾਂਤਕ ਤੌਰ ਤੇ ਕੈਨੇਡਾ ਲਈ ਇਹ ਕਬਾੜ ਵਾਪਸ ਚੁੱਕਣਾ ਸੰਭਵ ਹੈ।
ਇਸ ਤੋਂ ਇੱਕ ਸਾਲ ਬਾਅਦ ਇਸ ਮਸਲੇ ਨੂੰ ਹੱਲ ਕਰਨ ਲਈ ਕੈਨੇਡਾ ਅਤੇ ਫਿਲੀਪੀਨਜ਼ ਨੇ ਇੱਕ ਵਰਕਿੰਗ ਗਰੁੱਪ ਬਣਾਇਆ ਸੀ, ਪਰੰਤੂ ਛੇ ਮਹੀਨੇ ਲੰਘਣ ਬਾਅਦ ਵੀ ਇਸ ਦਾ ਕੋਈ ਹੱਲ ਨਹੀਂ ਕੱਢਿਆ ਗਿਆ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *