ਪ੍ਰਿੰਸ ਐਡਵਾਰਡ ਟਾਪੂ ਵਿਖੇ ਵੋਟਰਾਂ ਨੇ ਘੱਟ ਗਿਣਤੀ ਟੋਰੀ ਸਰਕਾਰ ਚੁਣੀ


ਚਾਰਲੋਟਾਊਨ/ ਪਿੰਸ ਐਡਵਾਰਡ ਟਾਪੂ ਦੇ ਵੋਟਰਾਂ ਨੇ ਇਸ ਵਾਰ ਸਦੀਆਂ ਪੁਰਾਣੇ ਦੋ ਪਾਰਟੀ ਸਿਸਟਮ ਨੂੰ ਨਕਾਰਦਿਆਂ ਇੱਕ ਘੱਟ ਗਿਣਤੀ ਟੋਰੀ ਸਰਕਾਰ ਨੂੰ ਸੱਤਾ ਸੌਂਪੀ ਹੈ।
ਮੰਗਲਵਾਰ ਨੂੰ ਵੋਟਾਂ ਪੈਣ ਤੋਂ ਦੋ ਘੰਟੇ ਬਾਅਦ ਟੋਰੀਜ਼ 12 ਰਾਈਡਿੰਗਜ਼ ਉਤੇ ਅੱਗੇ ਚੱਲ ਰਹੇ ਸਨ ਅਤੇ ਗਰੀਨ ਪਾਰਟੀ 9 ਰਾਈਡਿੰਗਜ਼ ਉੱਤੇ ਮੋਹਰੀ ਸੀ ਅਤੇ ਪ੍ਰੀਮੀਅਰ ਵੇਡ ਮੈਕਲੌਕਲਨ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਸਿਰਫ 5 ਰਾਈਡਿੰਗਜ਼ ਉੱਤੇ ਅੱਗੇ ਸੀ।
ਮੈਕਲੌਕਲਨ ਆਪਣੀ ਸੀਟ ਬਚਾਉਣ ਵਿਚ ਵੀ ਨਾਕਾਮ ਰਿਹਾ।
ਉਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਜਨੀਤੀ ਵਿਚ ਇਹ ਸਭ ਵਾਪਰਦਾ ਰਹਿੰਦਾ ਹੈ। ਲੋਕਾਂ ਦਾ ਰੁਝਾਣ ਬਦਲ ਗਿਆ ਹੈ।
ਚੋਣ ਸਰਵੇਖਣਾਂ ਵਿਚ ਅਗਸਤ ਤੋਂ ਲੈ ਕੇ ਗਰੀਨ ਪਾਰਟੀ ਅੱਗੇ ਚੱਲ ਰਹੀ ਸੀ, ਜਿਸ ਨਾਲ ਇਹ ਕਿਆਸਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਕਿ ਇਸ ਸੂਬੇ ਵਿਚ ਪਹਿਲੀ ਗਰੀਨ ਸਰਕਾਰ ਬਣ ਸਕਦੀ ਹੈ।
ਦੂਜੇ ਪਾਸੇ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਡੈਨਿਸ ਕਿੰਗ ਨੂੰ ਦੋ ਮਹੀਨੇ ਪਹਿਲਾਂ ਹੀ ਪਾਰਟੀ ਦਾ ਆਗੂ ਚੁਣਿਆ ਗਿਆ ਸੀ। ਉਹਨਾਂ ਨੇ ਬਰੈਕਲੇ-ਹੰਟਰ ਰਿਵਰ ਰਾਈਡਿੰਗ ਤੋਂ ਜਿੱਤ ਹਾਸਿਲ ਕਰ ਲਈ ਹੈ।
ਟੋਰੀਆਂ ਦੀ ਜਿੱਤ ਨਾਲ ਸੱਜੇ ਪੱਖੀ ਝੁਕਾਅ ਵਾਲੀਆਂ ਪਾਰਟੀਆਂ ਦੇ ਲਗਾਤਾਰ ਮਜ਼ਬੂਤ ਹੋਣ ਦੇ ਸੰਕੇਤ ਮਿਲ ਰਹੇ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਟੋਰੀ ਅਲਬਰਟਾ, ਕਿਊੁਬਿਕ, ਨਿਊ ਬਰੰਸਵਿਕ ਅਤੇ ਓਟਾਂਰੀਓ ਵਿਚ ਜਿੱਤਾਂ ਹਾਸਿਲ ਕਰ ਚੁੱਕੇ ਹਨ।
ਦਿਲਚਸਪ ਗੱਲ ਇਹ ਹੈ ਕਿ ਇੱਕ ਸਾਲ ਪਹਿਲਾਂ ਤਕ ਇਸ ਟਾਪੂ ਉੱਤੇ ਪ੍ਰੋਗਰੈਸਿਵ ਕੰਜ਼ਰਵੇਟਿਜ਼ ਨੂੰ ਇੱਕ ਗੈਰਸਰਗਮ ਜਥੇਬੰਦੀ ਮੰਨਿਆ ਜਾਂਦਾ ਸੀ। ਟੋਰੀਆਂ ਵਿਚ ਧੜੇਬਾਜ਼ੀ ਹੋਣ ਦੇ ਬਾਵਜੂਦ ਕਿੰਗ ਨੇ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਚੋਣ ਮੁਹਿੰਮ ਚਲਾਈ ਸੀ। ਕਿੰਗ ਨੇ ਕਰਿਆਨਾ ਸਟੋਰਾਂ ਵਿਚ ਬੀਅਰ ਅਤੇ ਵਾਈਨ ਉਪਲੱਬਧ ਕਰਾਉਣ ਦਾ ਵਾਅਦਾ ਕੀਤਾ ਸੀ।
ਇਸ ਤੋਂ ਇਲਾਵਾ ਇਸ ਚੋਣ ਮੁਹਿੰਮ ਦੌਰਾਨ ਪਰਿਵਾਰਕ ਡਾਕਟਰਾਂ ਤਕ ਰਸਾਈ ਸਭ ਤੋਂ ਵੱਡਾ ਮੁੱਦਾ ਬਣ ਕੇ ਉੱਭਰਿਆ ਸੀ। ਸਾਰੀਆਂ ਪਾਰਟੀਆਂ ਨੇ ਵਧੇਰੇ ਡਾਕਟਰਾਂ ਦੀ ਭਰਤੀ ਕਰਨ ਦੀਆਂ ਗੱਲਾਂ ਕੀਤੀਆਂ ਸਨ। ਸੂਬੇ ਦੇ ਸਿਹਤ ਅੰਕੜਿਆਂ ਮੁਤਾਬਿਕ ਤਕਰੀਬਨ 13,083 ਵਾਸੀ ਇੱਕ ਪਰਿਵਾਰਕ ਡਾਕਟਰ ਵਾਸਤੇ ਉਡੀਕ ਸੂਚੀ ਵਿਚ ਸ਼ਾਮਿਲ ਹਨ।
ਇਸ ਤੋਂ ਇਲਾਵਾ ਗਰੀਨ ਪਾਰਟੀ ਦੇ ਆਗੂਆਂ ਨੇ ਵੀ ਤਕੜੀ ਟੱਕਰ ਦਿੱਤੀ। ਪਾਰਟੀ ਆਗੂ ਬੇਵਨ ਬੇਕਰ ਨੇ ਟਾਪੂ ਵਾਸੀਆਂ ਨੂੰ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਗਰੀਨ ਸਿਰਫ ਵਾਤਾਵਰਨ ਸੰਬੰਧੀ ਹੀ ਨਹੀਂ, ਸਗੋਂ ਬਾਕੀ ਸਮਾਜਿਕ ਮੁੱਦਿਆਂ ਬਾਰੇ ਵੀ ਬਹੁਤ ਹੀ ਸੰਵੇਦਨਸ਼ੀਲ ਅਤੇ ਚਿੰਤਨਸ਼ੀਲ ਹਨ। ਗਰੀਨ ਆਗੂ ਨੇ ਆਪਣੀ ਹੈਵਨ-ਰੌਕੀ ਪੋਆਇੰਟ ਰਾਈਡਿੰਗ ਤੋਂ ਜਿੱਤ ਹਾਸਿਲ ਕਰ ਲਈ ਹੈ।
ਲਿਬਰਲ ਇਸ ਵਾਰ ਚੌਥੀ ਵਾਰ ਸਰਕਾਰ ਬਣਾਉਣ ਲਈ ਮੈਦਾਨ ਵਿਚ ਸਨ ਅਤੇ ਵਾਰ ਵਾਰ ਇਸ ਗੱਲ ਦਾ ਪ੍ਰਚਾਰ ਕਰ ਰਹੇ ਸਨ ਕਿ ਇਸ ਸੂਬੇ ਦੀ ਅਰਥ ਵਿਵਸਥਾ ਦੇਸ਼ ਵਿਚ ਸਭ ਤੋਂ ਮਜ਼ਬੂਤ ਹੈ।
ਇੱਥੇ 27 ਮੈਂਬਰੀ ਵਿਧਾਨ ਸਭਾ ਵਿਚ ਬਹੁਮੱਤ ਲੈਣ ਵਾਸਤੇ ਸਿਰਫ 14 ਸੀਟਾਂ ਦੀ ਲੋੜ ਹੈ। ਮੰਗਲਵਾਰ ਨੂੰ ਸਿਰਫ 26 ਰਾਈਡਿੰਗਜ਼ ਉੱਤੇ ਚੋਣ ਹੋਈ ਸੀ ਅਤੇ ਚਾਰਲੋਟਾਊਨ-ਹਿੱਲਜ਼ਬੋਰੋ ਜ਼ਿਲ੍ਹੇ ਦੀ ਚੋਣ ਗਰੀਨ ਪਾਰਟੀ ਉਮੀਦਵਾਰ ਜੋਸ਼ ਅੰਡਰਹੇਅ ਅਤੇ ਉਹਨਾਂ ਦੇ ਜਵਾਨ ਬੇਟੇ ਦੀ ਕਿਸ਼ਤੀ ਹਾਦਸੇ ਵਿਚ ਮੌਤ ਹੋਣ ਕਰਕੇ ਮੁਲਤਵੀ ਕਰ ਦਿੱਤੀ ਗਈ ਸੀ। ਇਸ ਰਾਈਡਿੰਗ ਦੀ ਜ਼ਿਮਨੀ ਚੋਣ ਅਗਲੇ ਤਿੰਨ ਮਹੀਨਿਆਂ ਦੌਰਾਨ ਕਰਵਾਈ ਜਾਵੇਗੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *