‘ਮੱਛਰਦਾਨੀ ਵਿਚੋਂ ਬਾਹਰ’ ਆ ਕੇ ਲੜਨ ਦਾ ਸੱਦਾ ਦਿੰਦੀ ਰਣਦੀਪ ਮੱਦੋਕੇ ਦੀ ਦਸਤਾਵੇਜ਼ੀ ਫਿਲਮ ‘ਲੈਂਡਲੈੱਸ’

ਨੌਜਵਾਨ ਫੋਟੋਗ੍ਰਾਫਰ ਤੇ ਦਸਤਾਵੇਜ਼ੀ ਫਿਲਮਸਾਜ਼ ਰਣਦੀਪ ਮੱਦੋਕੇ ਦੀ ਦਸਤਾਵੇਜ਼ੀ ਫਿਲਮ ‘ਲੈਂਡਲੈੱਸ’ (ਬੇਜ਼ਮੀਨੇ) ਦੇ ਰਿਲੀਜ਼ ਹੋਣ ਦਾ ਇਸ ਤੋਂ ਢੁੱਕਵਾਂ ਸਮਾਂ ਨਹੀਂ ਹੋ ਸਕਦਾ ਸੀ। ਪਿਛਲੇ ਸਾਲਾਂ ਦੌਰਾਨ ਰਣਦੀਪ ਦੇ ਕੈਮਰੇ ਦੀ ਅੱਖ ਨੇ ਪੰਜਾਬੀ ਰਹਿਤਲ ਤੇ ਭੋਇੰ ਵਿਚ ਵਿਚਰਦੇ ਉਨ੍ਹਾਂ ਕਿਰਦਾਰਾਂ ਨੂੰ ਫੜਿਆ ਹੈ ਜਿਹੜੇ ਸਦੀਆਂ ਤੋਂ ਸੈਮੂਅਲ ਬੈਕਟ ਦੇ ਡਰਾਮੇ ‘ਵੇਟਿੰਗ ਫਾਰ ਗੋਦੋ’ ਵਿਚ ਅਸਿਸਤਵਾਦ ਦੇ ਦਵੰਦਾਂ ਅਤੇ ‘ਭੋਗੇ ਗਏ ਯਥਾਰਥ’ ਦੀ ਹੋਣੀ ਸਮੇਤ ਸਾਬਤ-ਸਬੂਤ ਦਿਸਦੇ ਵੀ ‘ਅਣਹੋਏ’ ਹਨ।
ਰਣਦੀਪ ਆਪਣੀ ਫਿਲਮ ਰਾਹੀਂ ਇਨ੍ਹਾਂ ਦੇ ‘ਅਣਹੋਏ’ ਹੋਣ ਦਾ ਸਵਾਲ ਪੰਜਾਬੀ ਖਸਲਤ ਦੇ ‘ਨਿਮਾਣਿਆਂ ਦੇ ਮਾਣ’, ‘ਨਿਤਾਣਿਆਂ ਦੇ ਤਾਣ’ ਅਤੇ ‘ਨਿਥਾਂਵਿਆਂ ਦੇ ਥਾਂਵ’ ਦੀਆਂ ਜੜ੍ਹ ਹੋ ਚੁੱਕੀਆਂ ਰਵਾਇਤਾਂ ਅੱਗੇ ਪਾਉਂਦਾ ਹੈ। ਉਸ ਦੇ ਪੰਜਾਬ ਦੇ ਪਿੰਡਾਂ ਵਿਚੋਂ ਖੇਤ-ਬੰਨਿਆਂ ‘ਤੇ ਘਾਹ ਖੋਤ ਰਹੀਆਂ ਬੀਬੀਆਂ, ਸੂਰਾਂ ਤੇ ਬੱਕਰੀਆਂ ਦੇ ਵਾੜਿਆਂ ਵਿਚ ਜਵਾਨ ਹੋਏ ਛੋਹਰ, ਤੰਗਹਾਲੀ ਤੇ ਜ਼ਲਾਲਤ ਦੇ ਭੰਨੇ ਬਜ਼ੁਰਗਾਂ ਦਾ ਰੁਦਨ ਸਹਿਜੇ ਹੀ ਫਰਾਂਸਿਕੋ ‘ਬੀਫੋ’ ਬਰਾਰਦੀ ਦੀ ਕਿਤਾਬ ‘ਦਿ ਅਪਰਾਈਜਿੰਗ’ ਦੇ ਪੰਨਾ ਨੰਬਰ 55 ‘ਤੇ ਲਿਆ ਖੜ੍ਹਾਉਂਦਾ ਹੈ ਜਿਥੇ ਬਹੁਤ ਸਪੱਸ਼ਟ ਸ਼ਬਦਾਂ ਵਿਚ ਦਰਜ ਹੈ- “ਅਸੀਂ ਕਿਸੇ ਵੀ ਪੱਧਰ ‘ਤੇ ਤੁਹਾਡੇ ਕਰਜ਼ਦਾਰ ਨਹੀਂ ਤੇ ਹੁਣ ਤੁਹਾਡੇ ਅੰਦਰ ਜਜ਼ਬ ਹੋਣ ਤੋਂ ਇਨਕਾਰ ਕਰਦੇ ਹਾਂ। ਕਦੇ ਜ਼ੁਲਮਤ ਤੋਂ ਮੁਕਰਨਾ ਸਾਡੀ ਜ਼ਰੂਰਤ ਸੀ, ਹੁਣ ਇਹ ਹੱਕ ਹੈ।”
ਪੰਜਾਬ ਵਿਚ ਜਾਤ ਦਾ ਸਵਾਲ ਧਰਮ ਅਤੇ ਵਰਗ-ਵੰਡ ਦੀਆਂ ਹਕੀਕਤਾਂ ਅਤੇ 1947 ਦੀ ਸੱਤਾ ਤਬਦੀਲੀ ਤੋਂ ਬਾਅਦ ‘ਆਜ਼ਾਦ’ ਸ਼ਹਿਰੀ ਦੇ ਤੌਰ ‘ਤੇ ਹੱਕ-ਹਕੂਕਾਂ ਦੀਆਂ ਸੰਵਿਧਾਨਿਕ ਪੇਸ਼ਬੰਦੀਆਂ ਤੋਂ ਬਿਨਾਂ ਨਹੀਂ ਪੜ੍ਹਿਆ ਜਾ ਸਕਦਾ। ਜਾਤ ਨਾਲ ਸਬੰਧਿਤ ਪ੍ਰਮਾਣਿਕ ਦਸਤਾਵੇਜ਼ਾਂ ਅਤੇ ਇਤਿਹਾਸਕ ਹਵਾਲਿਆਂ ਨੂੰ ਦੇਖਿਆ ਜਾਵੇ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹ ਨਾ ਸਿਰਫ ਆਰਥਿਕ ਆਧਾਰ ‘ਤੇ ਹੋਣ ਵਾਲੀ ਹਿੰਸਾ ਹੈ ਸਗੋਂ ਇਸ ਦੀਆਂ ਬਹੁਤ ਸਾਰੀਆਂ ਅਣਦਿਸਦੀਆਂ ਸਭਿਆਚਾਰਕ, ਪਿਤਾ-ਪੁਰਖੀ, ਫਿਰਕਾਪ੍ਰਸਤ, ਸਿਆਸੀ, ਧਾਰਮਿਕ ਤੇ ਮਨੋਵਿਗਿਆਨਕ ਪਰਤਾਂ ਹਨ ਜਿਨ੍ਹਾਂ ਨੂੰ ਖੋਲ੍ਹੇ ਤੇ ਸਮਝੇ ਬਿਨਾਂ ਇਸ ਅੰਨ੍ਹੀ ਧੁੰਦ ਵਿਚੋਂ ਕੁਝ ਸਾਫ ਨਜ਼ਰ ਨਹੀਂ ਦਿਸ ਸਕਦਾ।
ਪਿਛਲੇ ਸਾਲ ਕੰਚਾ ਐਲੋਇ ਦੀ ਕਿਤਾਬ ‘ਵ੍ਹਾਇ ਆਈ ਐਮ ਨਾਟ ਏ ਹਿੰਦੂ’ ਬਾਰੇ ਆਰਐਸਐਸ ਅਤੇ ਸਰਕਾਰੀ ਤੰਤਰ ਵਲੋਂ ਦਿੱਤਾ ਗਿਆ ਫਤਵਾ ਇਸ ਗੱਲ ਦੀ ਤਸਦੀਕ ਕਰਦਾ ਹੈ ਕਿ ਜਾਤ ਦੇ ਸਵਾਲਾਂ ਦੇ ਰੂ-ਬ-ਰੂ ਹੁੰਦਿਆਂ ਹੀ ‘ਦੀਨਾ ਤੇ ਬੀਬਾ’ ਨਜ਼ਰ ਆ ਰਿਹਾ ਰਾਜ ਧਰਮ ਆਪਣੇ ਫਾਸ਼ੀਵਾਦ ਤੇ ਸਰਮਾਏਦਾਰੀ ਰੂਪਾਂ ਤੇ ਢੰਗ-ਤਰੀਕਿਆਂ ਵਿਚ ਤਬਦੀਲ ਹੋ ਜਾਂਦਾ ਹੈ। ਮੁਲਖ ਰਾਜ ਆਨੰਦ ਦੇ ਨਾਵਲ ‘ਅਛੂਤ’ ਦਾ ਅਗਲਾ ਅਧਿਆਇ ਯੂਆਰ ਅਨੰਤਾਮੂਰਤੀ ਦੀ ਬੇਹੱਦ ਮਹੱਤਵਪੂਰਨ ਕਿਤਾਬ ‘ਸੰਸਕਾਰਾ: ਏ ਰਾਈਟ ਫਾਰ ਏ ਡੈੱਡਮੈਨ’ ਵਿਚ ਜਾ ਕੇ ਖੁੱਲ੍ਹਦਾ ਹੈ।
ਇਥੇ ਦਿਲਚਸਪ ਤੱਥ ਇਹ ਬਣਦਾ ਹੈ ਕਿ ਭਾਰਤ ਵਿਚ ਆਧੁਨਿਕਤਾ, ਨਵ-ਰਾਸ਼ਟਰਵਾਦ ਅਤੇ ਰਾਸ਼ਟਰੀ ਚੇਤਨਾ ਉਪਜਣ ਦੇ ਦੌਰ ਵਿਚ ਜਾਤ ਦੇ ਆਧਾਰ ‘ਤੇ ਹੁੰਦੀ ਹਿੰਸਾ ਖਿਲਾਫ ਲਿਖਣ ਵਾਲਿਆਂ ਵਿਚੋਂ ਬਹੁਤੇ ‘ਉਨ੍ਹਾਂ’ ਨੂੰ ‘ਮੁੱਖ-ਧਾਰਾ’ ਵਿਚ ਸ਼ਾਮਿਲ ਕਰਨ ਦੀ ਬਾਤ ਪਾਉਂਦੇ ਹਨ ਪਰ ਉਸ ‘ਮੁੱਖ-ਧਾਰਾ’ ਵਿਚਲੀ ਵਿਚਾਰਧਾਰਕ ਅਤੇ ਸਿਧਾਂਤਕ ਯਥਾਸਥਿਤੀ ਨੂੰ ਬਦਲਣ ਦੇ ਮਾਮਲੇ ਦੇ ਚੁੱਪ ਧਾਰ ਜਾਂਦੇ ਹਨ। ਮਹਾਤਮਾ ਗਾਂਧੀ ‘ਨੌਜਵਾਨ’ ਅਤੇ ‘ਹਰੀਜਨ’ ਪਰਚਿਆਂ ਰਾਹੀਂ ਇਸ ਤੱਥ ਨੂੰ ਤਾਂ ਤਸਦੀਕ ਕਰਦੇ ਹਨ ਕਿ ਜਾਤੀ-ਵਿਵਸਥਾ ਮਾੜੀ ਹੈ, “ਐਪਰ ਇਹ ਹਿੰਦੂ ਧਰਮ ਦੀ ਅੰਦਰੂਨੀ ਸਮੱਸਿਆ ਹੈ ਤੇ ਆਧੁਨਿਕ ਕਾਨੂੰਨ-ਵਿਵਸਥਾ ਰਾਹੀਂ ਨਹੀਂ ਸਮਝੀ ਜਾ ਸਕਦੀ।”
ਇਸ ਪ੍ਰਸੰਗ ਵਿਚ ਉਨ੍ਹਾਂ ਦੁਆਰਾ 1932 ਵਿਚ ਕੀਤੀ ਉਸ ਭੁੱਖ ਹੜਤਾਲ ਦਾ ਹਵਾਲਾ ਦਿੱਤਾ ਜਾ ਸਕਦਾ ਹੈ ਜੋ ਉਨ੍ਹਾਂ ਅੰਗਰੇਜ਼ੀ ਹਕੂਮਤ ਦੁਆਰਾ ਦਲਿਤਾਂ ਲਈ ਭਾਰਤੀ ਸੰਸਦ ਵਿਚ ਸੀਟਾਂ ਰਿਜ਼ਰਵ ਕਰਨ ਦੇ ਵਿਰੋਧ ਵਿਚ ਕੀਤੀ। ਇਸ ਦੇ ਮੁਕਾਬਲੇ ਤੇ ਰਾਬਿੰਦਰਨਾਥ ਟੈਗੋਰ ‘ਚੰਦਰਲੇਖਾ’ ਰਾਹੀਂ ‘ਅਛੂਤ’ ਰੂਪੀ ਬੁਰਾਈ ਨੂੰ ਗ਼ੈਰ ਕਾਨੂੰਨੀ ਕਰਾਰ ਦਿੰਦੇ ਹਨ। ਭਗਤ ਸਿੰਘ ਆਪਣੇ ਮਹੱਤਵਪੂਰਨ ਲੇਖ ‘ਅਛੂਤ ਸਮੱਸਿਆ’ ਵਿਚੋਂ ਦੋ ਨੁਕਤਿਆਂ ਦਾ ਜ਼ਿਕਰ ਕਰਦੇ ਹਨ। ਇਸ ਲੇਖ ਦੇ ਲਿਖਣ ਤਕ ਕੈਥਰੀਨ ਮਾਉ ਦੀ ਕਿਤਾਬ ‘ਮਦਰ ਇੰਡੀਆ’ ਛਪ ਚੁੱਕੀ ਸੀ ਅਤੇ ਮਹਾਤਮਾ ਗਾਂਧੀ ਇਸ ਨੂੰ ‘ਗਟਰ ਵਿਚੋਂ ਛਾਪੀ’ ਕਰਾਰ ਦੇ ਚੁੱਕੇ ਸਨ।
ਦੂਜੇ ਪਾਸੇ ਬਾਬਾ ਸਾਹਿਬ ਭੀਮ ਰਾਉ ਅੰਬੇਦਕਰ ਨੇ ਆਪਣੇ ਸਾਥੀਆਂ ਨਾਲ 25 ਦਸੰਬਰ 1927 ਨੂੰ ‘ਮਨੂੰ ਸ੍ਰਿਮਤੀ’ ਜਲਾ ਕੇ ਅਤੇ 20 ਮਾਰਚ 1927 ਨੂੰ ਮਾਹਦ ਰੂਪੀ ਜਗ੍ਹਾ ‘ਤੇ ਠਾਕਰਾਂ ਦੇ ਖੂਹ ਤੋਂ ਪਾਣੀ ਪੀ ਕੇ ਜਾਤ ਨੂੰ ਬਣਦੀ ਚੁਣੌਤੀ ਦੇ ਦਿੱਤੀ ਸੀ। ਅਜਿਹੇ ਹਾਲਾਤ ਵਿਚ ਭਗਤ ਸਿੰਘ ਆਪਣੇ ਲੇਖ ਵਿਚ ‘ਜਿਨ੍ਹਾਂ ਦੀਆਂ ਜ਼ੰਜੀਰਾਂ ਨੇ, ਉਨ੍ਹਾਂ ਨੂੰ ਹੀ ਭੰਨਣ ਦਿਉਂ’ ਦਾ ਹਵਾਲਾ ਦਿੰਦਿਆਂ ਆਪਣੇ ਸਮਕਾਲੀ ਨੂਰ ਮੁਹੰਮਦ (ਬੰਬਈ ਕਾਊਂਸਲ ਵਿਚ ਵਕੀਲ) ਦੁਆਰਾ ਲੜੇ ਜਾ ਰਹੇ ਮੁਕੱਦਮੇ ਦੌਰਾਨ ਦਿੱਤੀਆਂ ਦਲੀਲਾਂ ਦਾ ਹਵਾਲਾ ਦਿੰਦੇ ਲਿਖਦੇ ਹਨ: ‘ਜੇ ਹਿੰਦੂ ਸਮਾਜ ਆਪਣੇ ਸਮਕਾਲੀਆਂ ਨੂੰ ਸਕੂਲਾਂ ਵਿਚ ਦਾਖਿਲ ਨਹੀਂ ਹੋਣ ਦਿੰਦਾ- ਸਥਾਨਕ ਕਾਊਂਸਲਾਂ ਦੇ ਪ੍ਰਧਾਨ ਆਪਣੇ ਘਰਾਂ-ਮੁਹੱਲਿਆਂ ਵਿਚ ਲੱਖਾਂ ਲੋਕਾਂ ਨੂੰ ਪਾਣੀ ਤੱਕ ਪੀਣ ਦੀ ਇਜਾਜ਼ਤ ਨਹੀਂ ਦਿੰਦੇ ਤਾਂ ਇਹ ਕਿਹੜੇ ਮੂੰਹ ਨਾਲ ਅੰਗਰੇਜ਼ੀ ਹਕੂਮਤ ਤੋਂ ਮਨੁੱਖੀ ਤੇ ਸਿਆਸੀ ਅਧਿਕਾਰਾਂ ਦੀ ਮੰਗ ਕਰ ਸਕਦਾ ਹੈ?’ ਭਗਤ ਸਿੰਘ ਤੇ ਮੁਨਸ਼ੀ ਪ੍ਰੇਮ ਚੰਦ ਜਾਤ ਨੂੰ ‘ਕਿਰਤ ਦੀ ਬੇਕਦਰੀ’ ਅਤੇ ‘ਸਮਾਜਿਕ ਨਿਆਂ ਦੀ ਨਿਰਾਦਰੀ’ ਨਾਲ ਜੋੜ ਕੇ ਸਮਝਦੇ ਹਨ। ਡਾæ ਅੰਬੇਦਕਰ ਅਤੇ ਭਗਤ ਸਿੰਘ ਦੇ ਜਾਤ ਬਾਰੇ ਪ੍ਰਗਟਾਏ ਗਏ ਵਿਚਾਰਾਂ ਦੀ ਸਾਂਝੀ ਤੰਦ ਹਕੂਮਤੀ ਢਾਂਚਿਆਂ ਦੇ ਜਾਤੀ ਟੀਰ ਦਿਖਾਉਣ ਦੇ ਨਾਲ ਨਾਲ ਧਰਮ-ਸਾਮਰਾਜਵਾਦ-ਪੂੰਜੀਵਾਦ-ਅਫਸਰਸ਼ਾਹੀ ਦੇ ਨਾਪਾਕ ਗਠਜੋੜ ਨੂੰ ਵੀ ਨੰਗਾ ਕਰਦੀ ਹੈ।
ਰਣਦੀਪ ਫਿਲਮ ਰਾਹੀਂ ਇਸ ਵਿਚਾਰਧਾਰਕ ਪੈਰਵੀ ਦੀ ਵਕਾਲਤ ਕਰਦਿਆਂ ਮਨੁੱਖੀ ਹਾਲਾਤ ਵਿਚ ਪਸਰੀ ਬੇਵਿਸਾਹੀ, ਸੰਸਿਆਂ, ਖਦਸ਼ਿਆਂ ਅਤੇ ਟਕਰਾਉ ਨੂੰ ਫੋਟੋਆਂ ਰਾਹੀਂ, ਅਵਾਜ਼ਾਂ ਰਾਹੀਂ, ਚੁੱਪ ਰਾਹੀਂ ਅਤੇ ‘ਕਿਤੇ ਵੀ ਨਾ ਪਹੁੰਚਣ ਵਾਲੇ’ ਰਸਤਿਆਂ ਦੀ ਇਕਸਾਰਤਾ ਤੇ ਲਗਾਤਾਰਤਾ ਰਾਹੀਂ ਸਿਰਜਦਾ ਹੈ। ਸਰੀਰਾਂ ਦੀ ਬੁਲਬੁਲਿਆਂ ਵਰਗੀ ਹੋਂਦ ਅਤੇ ਪਤਾਸਿਆਂ ਵਰਗੇ ਵਜੂਦ ਹਾਲਾਤ ਦੀ ਕਰੂਰਤਾ ਅਤੇ ਬਰਬਰਤਾ ਅੱਗੇ ਪਲ ਪਲ ਖੁਰਦੇ ਮਹਿਸੂਸ ਹੁੰਦੇ ਹਨ। ਫਿਲਮ ਵਿਚ ਬਹੁਤ ਸਾਰਾ ‘ਵਾਪਰਦਾ’ ਮੀਡੀਆ ਰਾਹੀਂ, ਦੰਦ-ਕਥਾਵਾਂ ਰਾਹੀਂ, ਚੇਤਿਆਂ ਰਾਹੀਂ ਬਹੁਤਿਆਂ ਦੀ ‘ਯਾਦ’ ਵਿਚ ਤਾਂ ਪਿਆ ਹੈ, ਰਣਦੀਪ ਇਸ ਨੂੰ ਜਮਹੂਰੀਅਤ ਦੀ ਸਾਣ ‘ਤੇ ਲਗਾਉਣ ਦਾ ਸੱਦਾ ਦਿੰਦਾ ਹੈ।
ਰਣਦੀਪ ਨੇ ਫਿਲਮ ਵਿਚ ਉਨ੍ਹਾਂ ਹੀ ਚਿੰਨ੍ਹਾਂ, ਪ੍ਰਤੀਕਾਂ ਅਤੇ ਸੰਕੇਤਾਂ ਨੂੰ ਚੁਣਨ ਦਾ ਤਹੱਈਆ ਕੀਤਾ ਹੈ ਜਿਨ੍ਹਾਂ ਨੂੰ ‘ਪਾਪੂਲਰ ਕਲਚਰ’ ਅਤੇ ‘ਮੁੱਖ ਧਾਰਾ ਸਿਨੇਮਾ’ ਸਾਲਾਂ ਤੋਂ ਪੰਜਾਬ ਦੇ ਖਿੱਤਿਆਂ, ਖੇਤਾਂ ਅਤੇ ਦਿਸਹੱਦਿਆਂ ਦੀ ਰੂਪਕਾਰੀ ਕਰਨ ਲਈ ਵਰਤ ਰਿਹਾ ਹੈ ਪਰ ਉਸ ਦੇ ਦ੍ਰਿਸ਼ ਦਰਸ਼ਕਾਂ ਅੰਦਰ ਨਿਰੰਤਰ ਦਹਿਸ਼ਤ, ਅਣਵਾਪਰੇ ਦੇ ਡਰਾਂ, ਕੁਝ ਅਣਸੁਖਾਵਾਂ ਵਾਪਰਨ ਦੇ ਖਦਸ਼ਿਆਂ ਨੂੰ ਮਰਨ ਨਹੀਂ ਦਿੰਦੇ। ਰਣਦੀਪ ਇਸ ਨੂੰ ਜਮਾਤੀ ਸੰਘਰਸ਼ ਦੇ ਨੁਕਤੇ ਤੋਂ ਦੇਖਦਾ ਹੈ। ਉਹ ਇਸ ਨੂੰ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਜਮਹੂਰੀਅਤ ਦੀ ਅਸਫਲਤਾ ਵਜੋਂ ਵੀ ਦਰਜ ਕਰਦਾ ਹੈ। ਰਣਦੀਪ ਇਸ ਨੂੰ ਮਨੁੱਖੀ ਜ਼ਿੰਦਗੀਆਂ ਦੀ ਛਟਪਟਾਹਟ, ਆਜ਼ਾਦੀ, ਬਰਾਬਰੀ ਤੇ ‘ਉਮੀਦ ਨੂੰ ਇਕ ਹੋਰ ਮੌਕਾ ਦਿੱਤਾ ਜਾਵੇ’ ਵਜੋਂ ਦੇਖਦਾ ਹੈ।
ਉਸ ਦੀ ਫਿਲਮ ਵਿਚ ‘ਦਿਸਦੇ’ ਤੇ ‘ਜ਼ਾਹਿਰ’ ਨਾਲੋਂ ‘ਅਣਦਿਸਦਾ’ ਤੇ ‘ਬਾਤਿਨ’ ਜ਼ਿਆਦਾ ਮਹੱਤਵਪੂਰਨ ਹੈ। ਸੰਵਾਦਾਂ ਨਾਲੋਂ ਟੋਕਿਆਂ ਦੀ ਕਚਰ ਕਚਰ, ਪੰਛੀਆਂ ਦੀ ਕੁਰਲਾਹਟ, ਵਿਹੜਿਆਂ ਵਿਚ ਪਸਰੀ ਸੁੰਨ ਅਤੇ ਚਿਹਰਿਆਂ ‘ਤੇ ਲਿਖੀਆਂ ਰੰਜ਼ ਦੀਆਂ ਇਬਾਰਤਾਂ ਪੰਜਾਬੀ ਫਿਲਮ, ਅਦਬ ਅਤੇ ਸੁਹਿਰਦਤਾ ਅੱਗੇ ਨਵੇਂ ਸਵਾਲ ਖੜ੍ਹੇ ਕਰਦੀਆਂ ਹਨ। ਉਸ ਦਾ ਇਕ ਕਿਰਦਾਰ ਕਹਿੰਦਾ ਹੈ, “ਅਸੀਂ ਹੁਣ ਲੱਤਾਂ ਵਢਾ ਲਈਏ?” “ਕੀ ਕਸੂਰ ਹੈ ਸਾਡਾ?” ਰਣਦੀਪ ਦੀ ਫਿਲਮ ਅੱਗੇ ਦੀ ਲੜਾਈ ‘ਮੱਛਰਦਾਨੀ ਵਿਚੋਂ ਬਾਹਰ’ ਆ ਕੇ ਲੜਨ ਦਾ ਸੱਦਾ ਦਿੰਦੀ ਹੈ ਜਿਸ ਨੂੰ ਸੁਣਿਆ ਜਾਣਾ ਪੰਜਾਬ ਦੀ ਭਵਿਖੀ ਹੋਣੀ ਦਾ ਰਸਤਾ ਤੈਅ ਕਰੇਗਾ। ਫਿਲਮ ਵਿਚ ‘ਬੇਜ਼ਮੀਨਾ’ ਹੋਣ ਦੀ ਸਮੱਸਿਆ ਦੀ ਸਿਰਫ ਇਕ ਨੁੱਕਰ ਹੈ- ਇਸ ਦੇ ਉਹਲੇ ਸਵੈਮਾਨ ਅਤੇ ਅਣਖ ਨਾਲ ਉਗਮਣ, ਵਿਗਸਣ ਅਤੇ ਮੌਲਣ ਦਾ ਸਭਿਅਕ ਹੁੰਗਾਰਾ ਪਿਆ ਹੈ। ਇਸ ਫਿਲਮ ਦੀ ਸਾਰਥਿਕਤਾ ਮੌਜੂਦਾ ਤਕਨੀਕੀ ਤੇ ਸੂਚਨਾ ਪ੍ਰਚਾਰ-ਪ੍ਰਸਾਰ ਦੇ ਦੌਰ ਵਿਚ ਮਾਨਵੀ ਗਿਆਨ ਪ੍ਰਕਿਰਿਆ ਦੇ ਹਾਸ਼ੀਆਗ੍ਰਸਤ ਸੁਹਜ ਅਤੇ ਕਲਾ ਜ਼ਰੀਏ ਪੰਜਾਬੀ ਮਾਨਸ ਦੀ ਬਾਤ ਨਵ-ਉਦਾਰਵਾਦੀ ਮੰਡੀ ਅਤੇ ਖਪਤਵਾਦੀ ਸਵਾਦਾਂ ਦੇ ਘੜਮੱਸ ਦੇ ਸਨਮੁੱਖ ਰੱਖਣ ਵਿਚ ਹੈ।

ਡਾ. ਕੁਲਦੀਪ ਕੌਰ

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *