ਚੋਣਾਂ ਨੇ ਆਮ ਲੋਕਾਂ ਵਾਸਤੇ ਮੋਤੀ ਮਹਿਲ ਦੇ ਦਰ ਖੁੱਲਵਾਏ


ਪਟਿਆਲਾ/ਸ਼ਾਹੀ ਘਰਾਣੇ ਦੀ ਰਿਹਾਇਸ਼ ਮੋਤੀ ਬਾਗ ਪੈਲੇਸ ਵਿਖੇ ਵਰਕਰਾਂ ਦੀ ਪੁੱਛ ਪ੍ਰਤੀਤ ਨਾ ਹੋਣ, ਮਹਿਲ ਅੰਦਰ ਜਾਣ ਵਿੱਚ ਆਉਂਦੀਆਂ ਦਿੱਕਤਾਂ ਤੇ ਖਾਸ ਕਰਕੇ ਸੁਰੱਖਿਆ ਕਰਮੀਆਂ ਵੱੱਲੋਂ ਠੀਕ ਵਿਹਾਰ ਨਾ ਕਰਨ ਦੀ ਚਰਚਾ ਅਕਸਰ ਹੀ ਰਹਿੰਦੀ ਹੈ। ਇਹ ਮਾਮਲਾ ਮੀਡੀਆ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਕਾਂਗਰਸ ਉਮੀਦਵਾਰ ਪ੍ਰਨੀਤ ਕੌਰ ਨੂੰ ਆਖਰ ਆਮ ਲੋਕਾਂ ਨੂੰ ਮਹਿਲ ਵਿਚ ਆਉਣ ਦਾ ਖੁੱਲ੍ਹਾ ਸੱਦਾ ਦੇਣਾ ਪਿਆ ਹੈ। ਉਨ੍ਹਾਂ ਕਿਹਾ ਕਿ ਉਹ ਆਮ ਲੋਕਾਂ ਨੂੰ 24 ਅਪਰੈਲ ਲਈ ਮੋਤੀ ਮਹਿਲ ‘ਚ ਆਉਣ ਦਾ ਖੁੱਲ੍ਹਾ ਸੱਦਾ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣ ਪ੍ਰਚਾਰ ‘ਤੇ ਹੋਣ ਕਰਕੇ ਕਈ ਵਾਰ ਉਹ ਮਹਿਲ ‘ਚ ਆਉਣ ਵਾਲੇ ਲੋਕਾਂ ਨੂੰ ਮਿਲ ਨਹੀਂ ਸਕਦੇ ਪਰ ਉਹ ਬੁੱਧਵਾਰ ਨੂੰ ਮਹਿਲ ‘ਚ ਹੀ ਹੋਣਗੇ। ਜਿਸ ਦੌਰਾਨ ਕੋਈ ਵੀ ਸੁਝਾਅ ਤੇ ਸ਼ਿਕਾਇਤਾਂ ਦੱਸਣ ਸਮੇਤ ਹੋਰ ਵਿਚਾਰ ਵਟਾਂਦਰਾ ਵੀ ਕਰ ਸਕਦਾ ਹੈ। ਇਸ ‘ਦਰਬਾਰ’ ਲਈ ਸਮਾਂ ਸਿਰਫ਼ ਇੱਕ ਘੰਟਾ (ਸਵੇਰੇ 9 ਤੋਂ 10 ਵਜੇ ਤੱਕ) ਹੀ ਰੱਖਿਆ ਗਿਆ ਹੈ।
ਇੱਕ ਪੁਰਾਣੇ ਕਾਂਗਰਸੀ ਦਾ ਕਹਿਣਾ ਸੀ ਕਿ ਲੋਕ ਭਾਵੇਂ ਪ੍ਰਨੀਤ ਕੌਰ ਨੂੰ ਮਿਲਣਾ ਚਾਹੁੰਦੇ ਹਨ, ਪਰ ਉਨ੍ਹਾਂ ਨੇੜਲੀ ਜੁੰਡਲੀ ਰਾਹ ਦਾ ਰੋੜਾ ਬਣਦੀ ਹੈ। ਇੱਕ ਹੋਰ ਆਗੂ ਦਾ ਤਰਕ ਸੀ ਕਿ ਗੇਟ ‘ਤੇ ਹੁੰਦੇ ਮਾੜੇ ਵਿਹਾਰ ਤੋਂ ਡਰਦਿਆਂ, ਉਹ ਆਪਣੇ ਰਿਸ਼ਤੇਦਾਰਾਂ ਜਾਂ ਜਾਣਕਾਰਾਂ ਨੂੰ ਨਾਲ਼ ਲਿਆਉਣ ਤੋਂ ਝਿਜਕਦੇ ਰਹਿੰਦੇ ਹਨ।
ਉਧਰ ਪੀਡੀਏ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਦੀ ਕਹਿਣਾ ਸੀ ਕਿ ਅਜਿਹੇ ਹਾਲਾਤ ਕਰਕੇ ਹੀ ਤਾਂ ਉਹ ਰਜਵਾੜਾਸ਼ਾਹੀ ਨੂੰ ਸਬਕ ਸਿਖਾਉਣ ਦੀ ਅਪੀਲ ਕਰਦੇ ਹਨ। ਅਕਾਲੀ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਲੋਕਾਂ ਤੋਂ ਦੂਰੀ ਬਣਾ ਕੇ ਰੱਖਣਾ ਤਾਂ ਮਹਿਲ ਦਾ ਹਮੇਸ਼ਾਂ ਹੀ ਦਸਤੂਰ ਰਿਹਾ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *