ਰਾਹੁਲ ਵੱਲੋਂ ਅਦਾਲਤ ‘ਚ ਰਾਫਾਲ ਬਾਰੇ ਟਿੱਪਣੀ ਤੇ ‘ਪਛਤਾਵਾ’


ਕਿਹਾ ਕਿ ‘ਚੋਣ ਪ੍ਰਚਾਰ ਦੀ ਗਰਮਾ-ਗਰਮੀ ਵਿਚ’ ਅਜਿਹਾ ਬਿਆਨ ਦਿੱਤਾ ਗਿਆ
ਨਵੀਂ ਦਿੱਲੀ/ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੁਪਰੀਮ ਕੋਰਟ ਵਿਚ ਆਪਣੀ ਰਾਫਾਲ ਮਾਮਲੇ ਬਾਰੇ ਕੀਤੀ ਟਿੱਪਣੀ ‘ਤੇ ‘ਪਛਤਾਵਾ’ ਕਰਦਿਆਂ ਕਿਹਾ ਕਿ ‘ਚੋਣ ਪ੍ਰਚਾਰ ਦੀ ਗਰਮਾ-ਗਰਮੀ ਵਿਚ’ ਉਨ੍ਹਾਂ ਕੋਲੋਂ ਇਹ ਬਿਆਨ ਦੇ ਹੋ ਗਿਆ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਰਾਹੁਲ ਦੀ ਟਿੱਪਣੀ ਵਿਚ ‘ਸਿਖ਼ਰਲੀ ਅਦਾਲਤ ਨੂੰ ਗਲਤ ਢੰਗ ਨਾਲ ਪੇਸ਼’ ਕੀਤਾ ਗਿਆ ਹੈ। ਸਿਖ਼ਰਲੀ ਅਦਾਲਤ ਨੇ 15 ਅਪਰੈਲ ਨੂੰ ਕਿਹਾ ਸੀ ਕਿ ਰਾਫਾਲ ਮਾਮਲੇ ਵਿਚ ਅਦਾਲਤ ਵੱਲੋਂ ਸੁਣਾਏ ਗਏ ਕਿਸੇ ਵੀ ਫ਼ੈਸਲੇ ‘ਚ ਸੁਪਰੀਮ ਕੋਰਟ ਨੇ ਅਜਿਹਾ ਕੁਝ ਨਹੀਂ ਬਿਆਨਿਆ ਜਿਸ ਦਾ ਇਹ ਮਤਲਬ ਕੱਢਿਆ ਜਾਵੇ ਕਿ ‘ਚੌਕੀਦਾਰ ਨਰਿੰਦਰ ਮੋਦੀ ਚੋਰ ਹੈ’, ਜਿਵੇਂ ਕਿ ਗਾਂਧੀ ਨੇ ਆਪਣੇ ਬਿਆਨ ਵਿਚ ਅਦਾਲਤ ਦਾ ਹਵਾਲਾ ਦਿੰਦਿਆਂ ਕਿਹਾ ਹੈ। ਅਦਾਲਤ ਨੇ ਰਾਹੁਲ ਗਾਂਧੀ ਨੂੰ 22 ਅਪਰੈਲ ਤੱਕ ਜਵਾਬ ਦਾਖ਼ਲ ਕਰਨ ਲਈ ਕਿਹਾ ਸੀ। ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਰਾਹੁਲ ਗਾਂਧੀ ਖ਼ਿਲਾਫ਼ ਅਦਾਲਤ ਦੀ ਤੌਹੀਨ ਕਰਨ ਦੀ ਪਟੀਸ਼ਨ ਦਾਖ਼ਲ ਕੀਤੀ ਸੀ। ਲੇਖੀ ਦੀ ਪਟੀਸ਼ਨ ‘ਤੇ ਸੁਣਵਾਈ ਭਲਕੇ ਹੋਵੇਗੀ। ਗਾਂਧੀ ਨੇ ਜਵਾਬੀ ਹਲਫ਼ਨਾਮੇ ਵਿਚ ਕਿਹਾ ਹੈ ਕਿ ਉਨ੍ਹਾਂ ਦਾ ਬਿਆਨ ‘ਨਿਰੋਲ ਸਿਆਸੀ’ ਹੈ ਤੇ ਉਨ੍ਹਾਂ ਇਹ ਸੀਨੀਅਰ ਭਾਜਪਾ ਆਗੂਆਂ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ‘ਗੁਮਰਾਹਕੁਨ ਪ੍ਰਚਾਰ’ ਦਾ ਟਾਕਰਾ ਕਰਨ ਲਈ ਦਿੱਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ 14 ਦਸੰਬਰ ਦੇ ਅਦਾਲਤੀ ਫ਼ੈਸਲੇ ਨਾਲ ਮੋਦੀ ਸਰਕਾਰ ਨੂੰ ਰਾਫਾਲ ਮਾਮਲੇ ‘ਤੇ ‘ਕਲੀਨ ਚਿੱਟ’ ਮਿਲ ਗਈ ਹੈ। ਉਨ੍ਹਾਂ ਇਸ ਲਈ ਪ੍ਰਧਾਨ ਮੰਤਰੀ ਦੀ ਇਕ ਇੰਟਰਵਿਊ ਦਾ ਵੀ ਹਵਾਲਾ ਦਿੱਤਾ। ਰਾਹੁਲ ਨੇ ਕਿਹਾ ਕਿ ਬਿਆਨ ‘ਜਾਣਬੁੱਝ’ ਕੇ ਨਹੀਂ ਦਿੱਤਾ ਤੇ ਉਹ ਸੁਪਰੀਮ ਕੋਰਟ ਦਾ ਬੇਹੱਦ ਸਤਿਕਾਰ ਕਰਦੇ ਹਨ।
ਇਸੇ ਦੌਰਾਨ ਰਾਹੁਲ ਗਾਂਧੀ ਖ਼ਿਲਾਫ਼ ਪਟੀਸ਼ਨ ਪਾਉਣ ਵਾਲੀ ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਦਾ ਹਲਫ਼ਨਾਮਾ ‘ਪਛਤਾਵੇ’ ਤੇ ‘ਗਲਤ ਨੀਅਤ’ ਦੀ ਤਰਜਮਾਨੀ ਕਰਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਰਾਹੁਲ ਦਾ ਹਲਫ਼ਨਾਮਾ ਦਰਸਾਉਂਦਾ ਹੈ ਕਿ ‘ਉਨ੍ਹਾਂ ਅਦਾਲਤ ਦੀ ਤੌਹੀਨ ਕੀਤੀ ਹੈ ਤੇ ਜੱਜਾਂ ਦੀ ਸਾਖ਼ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ’।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *