ਵਾਤਾਵਰਣ ਪ੍ਰਦੂਸ਼ਣ ਬਣ ਚੁਕਿੱਆ ਹੈ ਗੰਭੀਰ ਚਿੰਤਾ ਦਾ ਵਿਸ਼ਾ


ਡਾ. ਮਨੀਸ਼ਾ ਬੱਤਰਾ
ਧਰਤੀ ਕਿਸੇ ਦੀ ਜਾਤ, ਨਸਲ ਜਾਂ ਹੋਰ ਕਾਰਨਾਂ ਕਰਕੇ ਕਿਸੇ ਨਾਲ ਵਿਤਕਰਾ ਨਹੀਂ ਕਰਦੀ। ਇਸ ਦੀ ਮਮਤਾ ਉਸ ਮਾਂ ਵਰਗੀ ਹੈ ਜਿਸ ਲਈ ਉਸ ਦਾ ਹਰ ਬੱਚਾ ਬਰਾਬਰ ਹੁੰਦਾ ਹੈ। ਇਸ ਨੇ ਮਾਂ ਵਾਂਗ ਹੁਣ ਤੱਕ ਮਨੁੱਖ ਨੂੰ ਸਭ ਕੁਝ ਦਿੱਤਾ ਹੀ ਹੈ, ਪਰ ਮਨੁੱਖ ਨੇ ਇਸ ਤੋਂ ਮਿਲੀਆਂ ਦਾਤਾਂ ਦਾ ਮੁੱਲ ਤਾਂ ਕੀ ਸਮਝਣਾ ਸੀ ਸਗੋਂ ਇਸ ਨੂੰ ਨੁਕਸਾਨ ਹੀ ਪਹੁੰਚਾਇਆ ਹੈ। ਧਰਤੀ ਸਾਨੂੰ ਕਿਸੇ ਨਾ ਕਿਸੇ ਰੂਪ ਵਿਚ ਕੁਝ ਨਾ ਕੁਝ ਦਿੰਦੀ ਰਹੀ ਹੈ, ਪਰ ਬਦਲੇ ਵਿਚ ਕੁਝ ਨਹੀਂ ਮੰਗਦੀ।
ਇਸ ਦੇ ਉਲਟ ਧਰਤੀ ‘ਤੇ ਰਹਿਣ ਵਾਲਾ ਮਨੁੱਖ ਬਹੁਤ ਹੀ ਸੁਆਰਥੀ ਹੈ। ਉਹ ਦਿੰਦਾ ਨਹੀਂ ਸਗੋਂ ਉਮੀਦ ਤੋਂ ਵੱਧ ਵਾਪਸ ਪਾਉਣ ਦੀ ਚਾਹ ਕਰਦਾ ਹੈ। ਆਪਣੇ ਸੁਆਰਥ ਤੇ ਸੌੜੇ ਹਿੱਤਾਂ ਲਈ ਉਸ ਨੂੰ ਆਪਣੇ ਆਲੇ-ਦੁਆਲੇ, ਵਾਤਾਵਰਣ ਤੇ ਧਰਤੀ ਨੂੰ ਦਾਅ ‘ਤੇ ਕਿਉਂ ਨਾ ਲਾ ਦੇਣਾ ਪਵੇ। ਜਦੋਂ ਮਨੁੱਖ ਨੇ ਧਰਤੀ ਨੂੰ ਆਪਣੀਆਂ ਇੱਛਾਵਾਂ ਅਨੁਸਾਰ ਪ੍ਰਯੋਗ ਕਰਨ ਦੀਆਂ ਹੱਦਾਂ ਨੂੰ ਪਾਰ ਕਰ ਦਿੱਤਾ ਤਾਂ ਮਨੁੱਖ ਦੇ ਸਾਹਮਣੇ ਧਰਤੀ ਤੇ ਵਾਤਾਵਰਣ ਦੀ ਸੰਭਾਲ ਦਾ ਮਸਲਾ ਆ ਖਲੋਤਾ।
ਅਜੋਕੇ ਸਮੇਂ ਸਥਿਤੀ ਇੰਨੀ ਚਿੰਤਾਜਨਕ ਹੋ ਚੁੱਕੀ ਹੈ ਕਿ ਧਰਤੀ ਨੂੰ ਨੁਕਸਾਨ ਪਹੁਚਾਉਣ ਵਾਲੇ ਵੱਖ ਵੱਖ ਮੁੱਦਿਆਂ ਅਤੇ ਵਾਤਾਵਰਨ ਦੀ ਸੰਭਾਲ ਦੇ ਯਤਨਾਂ ਨੂੰ ਸਥਾਈ ਬਣਾਉਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 22 ਅਪਰੈਲ ਨੂੰ ‘ਧਰਤੀ ਦਿਵਸ’ ਮਨਾਇਆ ਜਾਂਦਾ ਹੈ। ਇਸ ਦਿਹਾੜੇ ਦੀ ਸ਼ੁਰੂਆਤ ਵੱਲ ਧਿਆਨ ਮਾਰਿਆ ਜਾਵੇ ਤਾਂ ਮਿੱਟੀ, ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਬਾਰੇ ਵਧ ਰਹੀ ਚਿੰਤਾ ਨੂੰ ਉਜਾਗਰ ਕਰਨ ਲਈ ਪਹਿਲਾ ਧਰਤੀ ਦਿਵਸ ਸਾਲ 1970 ਵਿਚ ਆਯੋਜਿਤ ਕੀਤਾ ਗਿਆ ਸੀ। ਵਾਤਾਵਰਣ ਨਾਲ ਸਬੰਧਿਤ ਸਮੱਸਿਆਵਾਂ ਵੱਲ ਧਿਆਨ ਦਿੰਦੇ ਹੋਏ ਹਰ ਸਾਲ ਵੱਖੋ-ਵੱਖਰੇ ਵਿਸ਼ਿਆਂ ‘ਤੇ ਆਧਾਰਿਤ ਥੀਮ ਨੂੰ ਚੁਣਿਆ ਜਾਂਦਾ ਹੈ। ਇਸ ਸਾਲ ਭਾਵ 2019 ਦੇ ਧਰਤੀ ਦਿਵਸ ਦਾ ਵਿਸ਼ਾ ‘ਆਪਣੀਆਂ ਨਸਲਾਂ ਦੀ ਰੱਖਿਆ ਕਰੋ’ ਹੈ। ਇਸ ਸਾਲ ਦੇ ਧਰਤੀ ਦਿਵਸ ਦਾ ਵਿਸ਼ਾ ਅਣਜਾਣ/ਬੇਧਿਆਨ ਹੋ ਚੁੱਕੀਆਂ ਪ੍ਰਜਾਤੀਆਂ ਅਤੇ ਉਨ੍ਹਾਂ ਦੇ ਲੋਪ ਹੋ ਜਾਣ ਤੋਂ ਬਾਅਦ ਵਾਲੇ ਨਤੀਜਿਆਂ ਪ੍ਰਤੀ ਸਿੱਖਿਅਤ ਕਰਨ ਅਤੇ ਜਾਗਰੂਕਤਾ ਵਧਾਉਣ ‘ਤੇ ਕੇਂਦਰਿਤ ਹੈ। ਇਸ ਤੋਂ ਇਲਾਵਾ ਇਹ ਵਿਸ਼ਾ ਕੀਟਨਾਸ਼ਕਾਂ ਦੀ ਵਰਤੋਂ ਨੂੰ ਸੀਮਿਤ ਕਰਨ, ਕੁਦਰਤ ਅਤੇ ਇਸ ਦੀਆਂ ਵਿਭਿੰਨ ਪ੍ਰਜਾਤੀਆਂ ਨੂੰ ਸਵੀਕਾਰ ਕਰਨ ਲਈ ਨੀਤੀਆਂ ਤਿਆਰ ਕਰਨ ਨਾਲ ਵੀ ਸਬੰਧਿਤ ਹੈ|
ਸਾਡੀ ਧਰਤੀ ‘ਤੇ ਕੁਦਰਤ ਨੇ ਅਨੇਕ ਪ੍ਰਕਾਰ ਦੀਆਂ ਜੀਵ ਨਸਲਾਂ ਸਿਰਜੀਆਂ ਹਨ, ਪਰ ਕੁਦਰਤ ਵਿਚ ਮਨੁੱਖਾਂ ਦੀ ਦਖਲਅੰਦਾਜ਼ੀ ਕਾਰਨ ਬਹੁਤ ਸਾਰੀਆਂ ਜੀਵ ਨਸਲਾਂ ਦੀ ਹੋਂਦ ਗੁਆਚ ਚੁੱਕੀ ਹੈ। ਮਨੁੱਖ ਆਪਣੀਆਂ ਅਸੀਮ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜੰਗਲਾਂ ਅਤੇ ਜੰਗਲੀ ਜੀਵਾਂ ਦਾ ਖਾਤਮਾ ਕਰਦਾ ਜਾ ਰਿਹਾ ਹੈ। ਨਤੀਜੇ ਵਜੋਂ ਅੱਜ ਮਨੁੱਖ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਜਿਵੇਂ ਜਲਵਾਯੂ ਤਬਦੀਲੀ ਅਤੇ ਆਵਾਸ ਲਈ ਥਾਂ ਦੀ ਕਮੀ ਆਦਿ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਗੱਲ ਪੂਰੀ ਤਰ੍ਹਾਂ ਸਹੀ ਹੈ ਕਿ ਇਸ ਸੰਸਾਰ ਵਿਚ ਸਾਰੀਆਂ ਵਸਤੂਆਂ ਆਪੋ-ਆਪਣੇ ਤਰੀਕੇ ਨਾਲ ਵਾਤਾਵਰਣ ਦਾ ਸੰਤੁਲਨ ਬਣਾਈ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੁਦਰਤ ਵਿਚ ਮੌਜੂਦ ਹਰ ਪ੍ਰਜਾਤੀ, ਜੋ ਇਕ ਦੂਜੇ ‘ਤੇ ਨਿਰਭਰ ਹੈ, ਨੂੰ ਬਚਾਉਣ ਲਈ ਲੋੜੀਂਦੇ ਯਤਨ ਕਰਨੇ ਚਾਹੀਦੇ ਹਨ।
ਧਰਤੀ ਦਿਵਸ ਨਾਲ ਸਬੰਧਿਤ ਕੁਝ ਅਜਿਹੇ ਤੱਥ ਹਨ ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ:
– ਅਸੀਂ ਪਿਛਲੇ 60 ਲੱਖ ਸਾਲਾਂ ਵਿਚ ਕਈ ਜੀਵ ਪ੍ਰਜਾਤੀਆਂ ਦੇ ਲੋਪ ਹੋਣ ਦੀ ਸਥਿਤੀ ਦੇ ਵਿਚਕਾਰ ਹਾਂ।
– ਕਈ ਅਜਿਹੀਆਂ ਪ੍ਰਜਾਤੀਆਂ ਹਨ ਜਿਨ੍ਹਾਂ ਬਾਰੇ ਜਾਣਕਾਰੀ ਪ੍ਰਾਪਤ ਹੋਣ ਤੋਂ ਪਹਿਲਾਂ ਹੀ ਉਹ ਗਾਇਬ ਹੋ ਚੁੱਕੀਆਂ ਹਨ।
– 80 ਫ਼ੀਸਦੀ ਜੰਗਲੀ ਪੌਦੇ ਪਰਾਗਣ ਦੀ ਕਿਰਿਆ ਲਈ ਮਧੂ-ਮੱਖੀਆਂ ਅਤੇ ਕੀੜਿਆਂ ‘ਤੇ ਨਿਰਭਰ ਹੁੰਦੇ ਹਨ ਅਤੇ 60 ਫ਼ੀਸਦੀ ਪੰਛੀ ਆਪਣੇ ਭੋਜਨ ਲਈ ਇਨ੍ਹਾਂ ਕੀੜਿਆਂ ‘ਤੇ ਨਿਰਭਰ ਕਰਦੇ ਹਨ। ਮਨੁੱਖ ਇਸ ਪ੍ਰਕਿਰਿਆ ਨੂੰ ਵਿਭਿੰਨ ਤਰੀਕਿਆਂ ਨਾਲ ਪ੍ਰਭਾਵਿਤ ਕਰ ਚੁੱਕਿਆ ਹੈ।
– ਵਿਸ਼ਵ ਪੱਧਰ ‘ਤੇ ਪਿਛਲੇ 20 ਸਾਲਾਂ ਵਿਚ ਮੱਛੀਆਂ ਫੜਨ ਦੀ ਪ੍ਰਕਿਰਿਆ ਕਾਰਨ ਤਕਰੀਬਨ 75 ਫ਼ੀਸਦੀ ਦੰਦਾਂ ਵਾਲੀ ਵ੍ਹੇਲ ਪ੍ਰਜਾਤੀਆਂ ਜਿਵੇਂ ਡੌਲਫਿੰਨ, ਪੋਰਪੋਏਸਿਸ, 65 ਫ਼ੀਸਦੀ ਬਲੇਨ ਵ੍ਹੇਲ ਸਪੀਸ਼ੀਜ਼ (ਨੀਲੀ ਹੰਪਬੈਕ) ਅਤੇ 65 ਫ਼ੀਸਦੀ ਪੀਨੀਪੀਡ ਸਪੀਸ਼ੀਜ਼ (ਸਮੁੰਦਰੀ ਸ਼ੇਰ) ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ।
– ਦੁਨੀਆਂ ਭਰ ਵਿਚ 40 ਫ਼ੀਸਦੀ ਦੇ ਕਰੀਬ ਪੰਛੀਆਂ ਦੀਆਂ ਪ੍ਰਜਾਤੀਆਂ ਘਟਦੀਆਂ ਜਾ ਰਹੀਆਂ ਹਨ ਜਾਂ ਦੂਜੇ ਸ਼ਬਦਾਂ ਵਿਚ ਹਰ 8 ਵਿਚੋਂ 1 ਪੰਛੀ ਖ਼ਤਰੇ ਵਿਚ ਹੈ।
– ਇਕ ਅਧਿਐਨ ਅਨੁਸਾਰ ਸਾਲ 2080 ਤਕ ਕਿਰਲੀਆਂ ਦੀਆਂ 40 ਫ਼ੀਸਦੀ ਕਿਸਮਾਂ ਗਾਇਬ ਹੋ ਜਾਣਗੀਆਂ।
– ਸਾਲ 1970 ਤੋਂ ਬਾਅਦ ਸਮੁੰਦਰੀ ਆਬਾਦੀ ਦੇ ਨਾਲ-ਨਾਲ ਜ਼ਮੀਨ ‘ਤੇ ਰਹਿਣ ਵਾਲੇ ਜਾਨਵਰਾਂ ਦੀ ਗਿਣਤੀ ਵਿਚ ਵੀ 40 ਫ਼ੀਸਦੀ ਤਕ ਕਮੀ ਆਈ ਹੈ।
ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਸਾਨੂੰ ਧਰਤੀ ਦੀ ਰੱਖਿਆ ਲਈ ਲੋੜੀਂਦੇ ਯਤਨ ਕਰਨੇ ਚਾਹੀਦੇ ਹਨ ਅਤੇ ਆਪਣੀਆਂ ਜ਼ਰੂਰਤਾਂ ਨੂੰ ਕਾਬੂ ਰੱਖਦਿਆਂ ਕੁਦਰਤੀ ਸਰੋਤਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਹੀ ਅਸੀਂ ਆਪਣੀ ਧਰਤੀ ਮਾਂ ਨੂੰ ਸੁਰੱਖਿਅਤ ਕਰ ਸਕਦੇ ਹਾਂ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *