ਸ੍ਰੀਲੰਕਾ ਦੇ ਗਿਰਜਾ ਘਰਾਂ ਤੇ ਹੋਟਲਾਂ ‘ਚ ਬੰਬ ਧਮਾਕਿਆਂ ਨਾਲ 359 ਮੌਤਾਂ


ਮ੍ਰਿਤਕਾਂ ‘ਚ ਤਿੰਨ ਭਾਰਤੀ ਨਾਗਰਿਕ ਵੀ ਸ਼ਾਮਿਲ
ਧਮਾਕਿਆਂ ਨੂੰ ਖਿੱਤੇ ਦੇ ਇਤਿਹਾਸ ਦਾ ਸਭ ਤੋਂ ਖਤਰਨਾਕ ਹਮਲਾ ਗਰਦਾਨਿਆ
ਕੋਲੰਬੋ/ਸ੍ਰੀਲੰਕਾ ਵਿੱਚ ਈਸਟਰ ਮੌਕੇ ਐਤਵਾਰ ਫਿਦਾਈਨ ਹਮਲਿਆਂ ਸਮੇਤ ਲੜੀਵਾਰ ਅੱਠ ਬੰਬ ਧਮਾਕੇ ਹੋਏ, ਜਿਨ੍ਹਾਂ ਵਿੱਚ 359 ਲੋਕ ਮਾਰੇ ਗਏ ਅਤੇ 500 ਦੇ ਕਰੀਬ ਜ਼ਖ਼ਮੀ ਹੋ ਗਏ। ਇਹ ਧਮਾਕੇ ਤਿੰਨ ਗਿਰਜਾ ਘਰਾਂ ਅਤੇ ਤਿੰਨ ਹੋਟਲਾਂ ਵਿੱਚ ਹੋਏ। ਇਨ੍ਹਾਂ ਧਮਾਕਿਆਂ ਨੇ ਲਿੱਟੇ ਨਾਲ ਘਰੇਲੂ ਜੰਗ ਦੇ ਖਾਤਮੇ ਬਾਅਦ ਇਕ ਦਹਾਕੇ ਤੋਂ ਚੱਲੀ ਆ ਰਹੀ ਸ਼ਾਂਤੀ ਭੰਗ ਕਰ ਦਿੱਤੀ ਹੈ। ਇਨ੍ਹਾਂ ਧਮਾਕਿਆਂ ਨੂੰ ਖਿੱਤੇ ਦੇ ਇਤਿਹਾਸ ਦਾ ਸਭ ਤੋਂ ਖਤਰਨਾਕ ਹਮਲਾ ਗਰਦਾਨਿਆ ਗਿਆ ਹੈ।
ਇਹ ਧਮਾਕੇ ਕੋਲੰਬੋ ਸਥਿਤ ਸੇਂਟ ਐਂਥਨੀਜ਼ ਚਰਚ, ਨਿਗੋਂਬੋ ਦੇ ਪੱਛਮੀ ਤੱਟੀ ਸ਼ਹਿਰ ਦੀ ਸੇਂਟ ਸੇਬੈਸਟੀਅਨਜ਼ ਚਰਚ ਅਤੇ ਬੱਟੀਕਲੋਆ ਦੇ ਪੂਰਬੀ ਸ਼ਹਿਰ ਵਿਚਲੇ ਚਰਚ ਵਿੱਚ ਐਤਵਾਰ ਨੂੰ ਸਵੇਰੇ 8æ45 ਵਜੇ ਉਦੋਂ ਹੋਏ ਈਸਟਰ ਸਭਾ ਚੱਲ ਰਹੀ ਸੀ। ਪੁਲੀਸ ਦੇ ਤਰਜਮਾਨ ਰੁਵਾਨ ਗੁਨਾਸੇਕੇਰਾ ਨੇ ਦੱਸਿਆ ਕਿ ਤਿੰਨ ਪੰਜ ਤਾਰਾ ਹੋਟਲਾਂ ਵਿੱਚ ਵੀ ਧਮਾਕੇ ਹੋਣ ਦੀਆਂ ਖ਼ਬਰਾਂ ਹਨ। ਇਨ੍ਹਾਂ ਹੋਟਲਾਂ ਵਿੱਚ ਕੋਲੰਬੋ ਸਥਿਤ ਸ਼ਾਂਗਰੀ-ਲਾ, ਦਿ ਸਿਨੇਮਨ ਗਰੈਂਡ ਅਤੇ ਕਿੰਗਜ਼ਬਰੀ ਸ਼ਾਮਲ ਹਨ। ਰੁਵਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਨ੍ਹਾਂ ਧਮਾਕਿਆਂ ਵਿੱਚ 215 ਲੋਕ ਮਾਰੇ ਗਏ ਹਨ। ਐਤਵਾਰ ਨੂੰ ਹੋਏ ਧਮਾਕਿਆਂ ਦੀ ਕਿਸੇ ਵੀ ਧੜੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ।
ਇਕ ਅਣਪਛਾਤੇ ਅਧਿਕਾਰੀ ਨੇ ਦੱਸਿਆ ਕਿ ਸਿਨੇਮਨ ਗਰੈਂਡ ਹੋਟਲ ਦੇ ਰੈਸਤਰਾਂ ਵਿੱਚ ਇਕ ਫਿਦਾਈਨ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ। ਉਨ੍ਹਾਂ ਦੱਸਿਆ ਕਿ ਸ਼ੱਕ ਦੇ ਅਧਾਰ ‘ਤੇ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਦੇਸ਼ ਸਕੱਤਰ ਰਵੀਨਾਥ ਅਰੀਆਸਿੰਘੇ ਨੇ ਦੱਸਿਆ ਕਿ ਧਮਾਕਿਆਂ ਵਿੱਚ 27 ਵਿਦੇਸ਼ੀ ਮਾਰੇ ਗਏ ਹਨ। ਪੁਲੀਸ ਅਨੁਸਾਰ ਧਮਾਕਿਆਂ ਵਿੱਚ 500 ਵਿਅਕਤੀ ਜ਼ਖ਼ਮੀ ਹੋਏ ਹਨ। ਨੈਸ਼ਨਲ ਹਸਪਤਾਲ ਦੇ ਡਾਇਰੈਕਟਰ ਡਾæ ਅਨਿਲ ਜੈਸਿੰਘ ਨੇ ਕਿਹਾ ਕਿ ਮਾਰੇ ਗਏ 27 ਵਿਦੇਸ਼ੀ ਨਾਗਰਿਕਾਂ ਵੱਲੋਂ 11 ਦੀ ਸ਼ਨਾਖਤ ਕਰ ਲਈ ਗਈ ਹੈ। ਇਨ੍ਹਾਂ ਵਿੱਚ ਤਿੰਨ ਭਾਰਤੀ, ਦੋ ਚੀਨੀ ਅਤੇ ਇਕ ਇਕ ਪੋਲੈਂਡ, ਡੈਨਮਾਰਕ, ਜਾਪਾਨ, ਪਾਕਿਸਤਾਨ, ਅਮਰੀਕਾ, ਮੋਰਾਕੋ ਅਤੇ ਬੰਗਲਾਦੇਸ਼ੀ ਨਾਗਰਿਕ ਸ਼ਾਮਲ ਹਨ। ਮਰਨ ਵਾਲੇ ਭਾਰਤੀਆਂ ਦੀ ਪਛਾਣ ਲਕਸ਼ਮੀ, ਨਾਰਾਇਣ ਚੰਦਰ ਸ਼ੇਖਰ ਅਤੇ ਰਮੇਸ਼ ਵਜੋਂ ਹੋਈ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ, ਪਾਕਿਸਤਾਨ, ਅਮਰੀਕਾ, ਮੋਰਾਕੋ ਅਤੇ ਬੰਗਲਾਦੇਸ਼ ਦੇ ਸੈਲਾਨੀ ਧਮਾਕਿਆਂ ਵਿੱਚ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਬਾਅਦ ਦੁਪਹਿਰ ਕੋਲੰਬੋ ਚਿੜੀਆਘਰ ਨੇੜੇ ਸ਼ਕਤੀਸ਼ਾਲੀ ਧਮਾਕਾ ਹੋਇਆ ਜਿਸ ਵਿੱਚ ਦੋ ਲੋਕ ਮਾਰੇ ਗਏ। ਉਨ੍ਹਾਂ ਦੱਸਿਆ ਕਿ ਜਦੋਂ ਪੁਲੀਸ ਦੀ ਟੀਮ ਇਕ ਘਰ ਦੀ ਤਲਾਸ਼ੀ ਲਈ ਦਾਖਲ ਹੋਈ ਤਾਂ ਇਕ ਫਿਦਾਈਨ ਨੇ ਆਪਣੇ ਆਪ ਨੂੰ ਉਡਾ ਲਿਆ। ਇਸ ਨਾਲ ਦੋ ਮੰਜ਼ਿਲਾ ਇਮਾਰਤ ਢਹਿ ਗਈ ਜਿਸ ਕਾਰਨ ਤਿੰਨ ਪੁਲੀਸ ਮੁਲਾਜ਼ਮਾਂ ਦੀ ਮੌਤ ਹੋ ਗਈ। ਇਹ ਅੱਠਵਾਂ ਬੰਬ ਧਮਾਕਾ ਸੀ। ਸਰਕਾਰ ਨੇ ਕਰਫਿਊ ਲਗਾ ਦਿੱਤਾ ਹੈ। ਪੁਲੀਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਛੁੱਟੀ ‘ਤੇ ਚੱਲ ਰਹੇ ਡਾਕਟਰਾਂ, ਨਰਸਾਂ ਅਤੇ ਸਿਹਤ ਅਧਿਕਾਰੀਆਂ ਨੂੰ ਕੰਮ ‘ਤੇ ਪਰਤਣ ਲਈ ਕਿਹਾ ਗਿਆ ਹੈ। ਸਰਕਾਰੀ ਸਕੂਲ ਸੋਮਵਾਰ ਅਤੇ ਮੰਗਲਵਾਰ ਲਈ ਬੰਦ ਕਰ ਦਿੱਤੇ ਗਏ ਹੈ। ਕਾਰਡੀਨਲ ਮੈਲਕੌਮ ਰਣਜੀਤ ਨੇ ਕਿਹਾ ਕਿ ਈਸਟਰ ਸਬੰਧੀ ਸਾਰੀਆਂ ਸਭਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ , ” ਅਚਾਨਕ ਵਾਪਰੀਆਂ ਘਟਨਾਵਾਂ ਤੋਂ ਮੈਨੂੰ ਸਦਮਾ ਲੱਗਾ ਹੈ। ਸੁਰੱਖਿਆ ਬਲਾਂ ਨੂੰ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਗਿਆ ਹੈ।” ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਟਵੀਟ ਕਰਕੇ ਇਨ੍ਹਾਂ ਧਮਾਕਿਆਂ ਨੂੰ ‘ਕਾਇਰਾਨਾ ਹਮਲੇ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਹਾਲਾਤ ਕਾਬੂ ਵਿੱਚ ਰੱਖਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਸ੍ਰੀਲੰਕਾ ਵਾਸੀਆਂ ਨੂੰ ਅਜਿਹੇ ਸਮੇਂ ਵਿੱਚ ਇਕੱਠੇ ਅਤੇ ਮਜ਼ਬੂਤ ਰਹਿਣ ਦਾ ਸੱਦਾ ਦਿੱਤਾ। ਧਾਰਮਿਕ ਥਾਵਾਂ ਨੇੜੇ ਸੁਰੱਖਿਆ ਵਧਾ ਦਿੱਤੀ ਗਈ ਹੈ। ਸਰਕਾਰ ਨੇ ਆਰਜ਼ੀ ਤੌਰ ‘ਤੇ ਸੋਸ਼ਲ ਮੀਡੀਆ ਪਲੇਟਫਾਰਮ ਬੰਦ ਕਰ ਦਿੱਤੇ ਹਨ। ਭਾਰਤ ਨੇ ਹਮਲੇ ਦੀ ਨਿਖੇਧੀ ਕਰਦਿਆਂ ਦਹਿਸ਼ਤਗਰਦੀ ਦੇ ਖਾਤਮੇ ਲਈ ਮਜ਼ਬੂਤ ਆਲਮੀ ਕਾਰਵਾਈ ਕਰਨ ਦਾ ਸੱਦਾ ਦਿੱਤਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਭਾਰਤ ਹਾਲਾਤ ‘ਤੇ ਨੇੜਿਓਂ ਨਿਗ੍ਹਾ ਰੱਖ ਰਿਹਾ ਹੈ।
ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸੇ ਨੇ ਹਮਲੇ ਨੂੰ ‘ਵਹਿਸ਼ੀ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ,”ਅਸੀਂ ਆਪਣੀ ਸਰਹੱਦ ਵਿੱਚ ਇਕ ਵਾਰ ਮੁੜ ਅਜਿਹੀਆਂ ਹਿੰਸਕ, ਦਹਿਸ਼ਤੀ ਅਤੇ ਕਾਇਰਾਨਾ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਇਕੱਠੇ ਇਕ ਆਵਾਜ਼ ਵਿੱਚ ਇਸ ਖ਼ਿਲਾਫ਼ ਖੜ੍ਹੇ ਹਾਂ। ਅਸੀਂ ਮੁਲਕ ਵਜੋਂ ਪੂਰੀ ਤਰ੍ਹਾਂ ਇਕਮੁੱਠ ਹਾਂ। ” ਪੋਪ ਫਰਾਂਸਿਸ ਨੇ ਘਟਨਾ ਨੂੰ ‘ਬੇਰਹਿਮ ਹਿੰਸਾ’ ਗਰਦਾਨਿਆ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *