ਵਿਸ਼ਵ ਭਰ ਦੇ ਆਗੂਆਂ ਵੱਲੋਂ ਸ੍ਰੀਲੰਕਾ ਧਮਾਕਿਆਂ ਦੀ ਨਿਖੇਧੀ


ਸੰਕਟ ਦੀ ਇਸ ਘੜੀ ਵਿਚ ਭਾਰਤ ਸ੍ਰੀਲੰਕਾ ਦੇ ਨਾਲ ਖੜ੍ਹਾ ਹੈ: ਮੋਦੀ
ਲੰਡਨ/ਕੋਲੰਬੋ/ਦੁਨੀਆਂ ਭਰ ਦੇ ਮੁਲਕਾਂ ਜਿਨ੍ਹਾਂ ਵਿੱਚ ਅਮਰੀਕਾ, ਯੂਕੇ, ਰੂਸ, ਨਿਊਜ਼ੀਲੈਂਡ, ਭਾਰਤ, ਪਾਕਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਸ਼ਾਮਲ ਹਨ ਨੇ ਸ੍ਰੀਲੰਕਾ ਵਿੱਚ ਗਿਰਜਾ ਘਰਾਂ ਅਤੇ ਹੋਟਲਾਂ ਵਿੱਚ ਹੋਏ ਬੰਬ ਧਮਾਕਿਆਂ ਦੀ ਨਿਖੇਧੀ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵੀਟ ਕਰਕੇ ਸ੍ਰੀਲੰਕਾ ਦੇ ਲੋਕਾਂ ਨਾਲ ਦੁੱਖ ਵੰਡਾਇਆ। ਉਨ੍ਹਾਂ ਕਿਹਾ, ”ਅਸੀਂ ਮਦਦ ਲਈ ਤਿਆਰ ਖੜ੍ਹੇ ਹਾਂ।” ਬਰਤਾਨਵੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਟਵੀਟ ਕੀਤਾ, ”ਸ੍ਰੀਲੰਕਾ ਵਿੱਚ ਗਿਰਜਾ ਘਰਾਂ ਅਤੇ ਹੋਟਲਾਂ ਵਿੱਚ ਵਾਪਰੀਆਂ ਹਿੰਸਾ ਦੀਆਂ ਘਟਨਾਵਾਂ ‘ਸੱਚਮੁਚ ਡਰਾਉਣੀਆਂ’ ਹਨ। ਅਜਿਹੇ ਸਮੇਂ ਵਿੱਚ ਸਭਨਾਂ ਪੀੜਤਾਂ ਨਾਲ ਮੇਰੀਆਂ ਡੂੰਘੀਆਂ ਸੰਵੇਦਨਾਵਾਂ।” ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੋਰੀਸਨ ਨੇ ਕਿਹਾ ਕਿ ਆਸਟਰੇਲੀਆ ਹਮਲੇ ਵਿੱਚ ਮਾਰੇ ਗਏ ਲੋਕਾਂ ਬਾਰੇ ਸੋਚ ਰਿਹਾ ਹੈ। ਉਨ੍ਹਾਂ ਸ੍ਰੀਲੰਕਾ ਦੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਿਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ,ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ, ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਜਰਮਨੀ ਦੇ ਰਾਸ਼ਟਰਪਤੀ ਫਰੈਂਕ ਵਾਲਟਰ ਸਟੈਨਮੀਅਰ ਤੋਂ ਇਲਾਵਾ ਬਹਿਰੀਨ ਕਤਰ ਤੇ ਯੂਏਈ ਨੇ ਵੀ ਹਮਲੇ ਦੀ ਨਿਖੇਧੀ ਕੀਤੀ ਹੈ।
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਬੰਧ ਵਿੱਚ ਸ੍ਰੀਲੰਕਾ ਦੇ ਰਾਸ਼ਟਰਪਤੀ ਨਾਲ ਫੋਨ ‘ਤੇ ਗੱਲ ਕੀਤੀ ਅਤੇ ਸਥਿਤੀ ਨਾਲ ਸਿੱਝਣ ਲਈ ਹਰ ਸੰਭਵ ਮਦਦ ਦੀ ਪੇਸ਼ਕਸ਼ ਕੀਤੀ। ਰਾਜਸਥਾਨ ਦੇ ਚਿਤੌੜਗੜ੍ਹ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ” ਭਾਰਤ ਸ੍ਰੀਲੰਕਾ ਦੇ ਨਾਲ ਖੜ੍ਹਾ ਹੈ, ਸੰਕਟ ਦੀ ਘੜੀ ਉਸ ਦੀ ਕਿਸੇ ਵੀ ਮਦਦ ਲਈ ਤਿਆਰ ਹੈ। ਸ੍ਰੀਲੰਕਾ ਵਿੱਚ ਦਹਿਸ਼ਤਗਰਦਾਂ ਨੇ ਸੈਂਕੜੇ ਬੇਗੁਨਾਹ ਲੋਕਾਂ ਨੂੰ ਮਾਰ ਦਿੱਤਾ। ਉਹ ਗਿਰਜਾ ਘਰਾਂ ਵਿੱਚ ਪ੍ਰਾਰਥਨਾ ਕਰ ਰਹੇ ਸਨ ਅਤੇ ਈਸਟਰ ਮਨਾ ਰਹੇ ਸਨ ਜਦੋਂ ਦਹਿਸ਼ਤਗਰਦਾਂ ਨੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਮਰਨ ਵਾਲਿਆਂ ਵਿੱਚ ਔਰਤਾਂ ਅਤੇ ਬੱਚੇ ਵੀ ਸਨ। ਮੈਂ ਇਸ ਘਟਨਾ ‘ਤੇ ਅਫਸੋਸ ਜ਼ਾਹਰ ਕਰਦਾ ਹਾਂ। ” ਦਹਿਸ਼ਤਗਰਦੀ ਦੀ ਅਲਾਮਤ ਬਾਰੇ ਆਪਣੀ ਚਿੰਤਾ ਜ਼ਾਹਿਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ”ਜਦੋਂ ਤੁਸੀਂ ਵੋਟ ਪਾਉਣ ਜਾਓ ਤੇ ਕਮਲ ਦਾ ਬਟਨ ਦਬਾਓ… ਮਨ ਵਿੱਚ ਚੇਤੇ ਰੱਖਣਾ ਕਿ ਤੁਸੀਂ ਦਹਿਸ਼ਤਗਰਦੀ ਦੇ ਖਾਤਮੇ ਲਈ ਬਟਨ ਦਬਾ ਰਹੇ ਹੋ। ਤੁਹਾਡੀ ਉਂਗਲ ਵਿੱਚ ਇਹ ਸ਼ਕਤੀ ਹੈ। ਕਮਲ ਦਾ ਬਟਨ ਦਬਾਉਣ ਨਾਲ ਮੇਰੀ ਦਹਿਸ਼ਤਗਰਦੀ ਖਿਲਾਫ਼ ਵਚਨਬੱਧਤਾ ਮਜ਼ਬੂਤ ਹੋਵੇਗੀ।”
ਉਧਰ ਬਾੜਮੇਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਪਾਕਿਸਤਾਨ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਭਾਰਤ ਨੇ ਉਸ ਦੀ ਹੈਂਕੜ ਕੱਢ ਦਿੱਤੀ ਹੈ। ਉਨ੍ਹਾਂ ਕਿਹਾ,”ਗੁਆਂਢੀ ਮੁਲਕ ਰੋਜ਼ ਪਰਮਾਣੂ ਹਥਿਆਰਾਂ ਦੀ ਧਮਕੀ ਦਿੰਦਾ ਸੀ ਤਾਂ ਕੀ ਭਾਰਤ ਨੇ ਆਪਣੇ ਕੋਲ ਇਹ ਹਥਿਆਰ ਦਿਵਾਲੀ ‘ਤੇ ਚਲਾਉਣ ਲਈ ਰੱਖੇ ਹਨ।” ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ 1971 ਦੀ ਜੰਗ ਦੌਰਾਨ ਭਾਰਤੀ ਸੈਨਾ ਦੇ ਕਬਜ਼ੇ ‘ਚ ਹਜ਼ਾਰਾਂ ਪਾਕਿਸਤਾਨੀਆਂ ਨੂੰ ਆਲਮੀ ਦਬਾਅ ਹੇਠ ਛੱਡ ਕੇ ਕਸ਼ਮੀਰ ਮੁੱਦੇ ਦਾ ਹੱਲ ਕੱਢਣ ਦਾ ਸੁਨਹਿਰਾ ਮੌਕਾ ਗੁਆ ਦਿੱਤਾ ਸੀ। ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੇ ਪਾਕਿਸਤਾਨ ਤੋਂ ਡਰਨ ਦੀ ਨੀਤੀ ਨੂੰ ਛੱਡ ਦਿੱਤਾ ਹੈ ਤੇ ਪਾਕਿਸਤਾਨ ਨੂੰ ਕਟੋਰਾ ਲੈ ਕੇ ਦੁਨੀਆ ਭਰ ‘ਚ ਘੁੰਮਣ ਲਈ ਮਜਬੂਰ ਕਰ ਦਿੱਤਾ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *