ਲਾਹੌਰ ‘ਚ ਜੱਲ੍ਹਿਆਂਵਾਲਾ ਬਾਗ ਸਾਕੇ ਬਾਰੇ ਪ੍ਰਦਰਸ਼ਨੀ ਲਈ


ਲਾਹੌਰ/ਜੱਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦੀ 100ਵੀਂ ਬਰਸੀ ਨੂੰ ਸਮਰਪਿਤ ਪਾਕਿਸਤਾਨ ਨੇ ਪਹਿਲੀ ਵਾਰ ਦੁਰਲੱਭ ਦਸਤਾਵੇਜ਼ਾਂ ਦੀ ਪ੍ਰਦਰਸ਼ਨੀ ਲਗਾਈ ਹੈ। ਲਾਹੌਰ ਹੈਰੀਟੇਜ ਮਿਊਜ਼ੀਅਮ ‘ਚ ਛੇ ਦਿਨ ਚੱਲਣ ਵਾਲੀ ਇਹ ਪ੍ਰਦਰਸ਼ਨੀ ਬੀਤੇ ਦਿਨ ਸ਼ੁਰੂ ਹੋਈ ਹੈ ਜਿਸ ‘ਚ 1919 ‘ਚ ਵਾਪਰੇ ਇਸ ਖੂਨੀ ਸਾਕੇ ਅਤੇ ਪੰਜਾਬ ‘ਚ ਮਾਰਸ਼ਲ ਲਾਅ ਨਾਲ ਜੁੜੇ ਘੱਟ ਤੋਂ ਘੱਟ 70 ਇਤਿਹਾਸਕ ਦਸਤਾਵੇਜ਼ ਜਨਤਕ ਕੀਤੇ ਗਏ ਹਨ। ਇਸ ਤੋਂ ਸਾਲ ਪਹਿਲਾਂ ਪਾਕਿਸਤਾਨ ਨੇ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ‘ਤੇ ਚੱਲੇ ਮੁਕੱਦਮੇ ਨਾਲ ਜੁੜੇ ਕੁਝ ਅਹਿਮ ਦਸਤਾਵੇਜ਼ ਵੀ ਜਨਤਕ ਕੀਤੇ ਸੀ।
ਪਾਕਿਸਤਾਨੀ ਪੰਜਾਬ ਦੇ ਪੁਰਾਲੇਖ ਵਿਭਾਗ ਦੇ ਨਿਰਦੇਸ਼ਕ ਅੱਬਾਸ ਚੁਗਤਾਈ ਨੇ ਦੱਸਿਆ, ‘ਸਰਕਾਰ ਨੇ ਵੱਖ ਵੱਖ ਇਤਿਹਾਸਕ ਘਟਨਾਵਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਜੁੜੇ ਦਸਤਾਵੇਜ਼ ਜਨਤਕ ਕਰਨ ਦਾ ਫ਼ੈਸਲਾ ਲਿਆ ਹੈ ਤਾਂ ਜੋ ਲੋਕ ਜਾਣ ਸਕਣ ਕਿ ਉਸ ਦੌਰ ‘ਚ ਕੀ ਹੋਇਆ ਸੀ।’ ਉਨ੍ਹਾਂ ਕਿਹਾ ਕਿ ਇਨ੍ਹਾਂ ਦਸਤਾਵੇਜ਼ਾਂ ਨੂੰ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਮੌਕੇ ਜਾਰੀ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ‘ਚ ਵੀ ਅਜਿਹਾ ਕੀਤਾ ਜਾਂਦਾ ਰਹੇਗਾ।
ਉਨ੍ਹਾਂ ਕਿਹਾ ਕਿ ਉਹ ਰੁਡਿਆਰਡ ਕਿਪਲਿੰਗ ਦੇ ਕੰਮ ਨਾਲ ਸਬੰਧਤ ਦਸਤਾਵੇਜ਼ ਪ੍ਰਦਰਸ਼ਿਤ ਕਰਨ ਦੀ ਯੋਜਨਾ ਵੀ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਲਾਹੌਰ ਹੈਰੀਟੇਜ ਮਿਊਜ਼ੀਅਮ ਆ ਕੇ ਇਹ ਦਸਤਾਵੇਜ਼ ਦੇਖਣ ਦੀ ਅਪੀਲ ਕਰਦੇ ਹਨ ਤਾਂ ਜੋ ਆਪਣੇ ਇਤਿਹਾਸ ਬਾਰੇ ਜਾਣਿਆ ਜਾ ਸਕੇ। ਇਹ ਪ੍ਰਦਰਸ਼ਨੀ 26 ਅਪਰੈਲ ਤੱਕ ਜਾਰੀ ਰਹੇਗੀ। ਇਨ੍ਹਾਂ ਦਸਤਾਵੇਜ਼ਾਂ ‘ਚ ਵੱਖ ਵੱਖ ਮਾਰਸ਼ਲ ਲਾਅ ਹੁਕਮਾਂ, ਕਮਿਸ਼ਨਾਂ ਵੱਲੋਂ ਚਲਾਏ ਗਏ ਮੁਕੱਦਿਆਂ ਤੇ ਅਦਾਲਤੀ ਕਾਰਵਾਈਆਂ ਦੀਆਂ ਨਕਲਾਂ, ਲਾਹੌਰ ਦੇ ਵੱਖ ਵੱਖ ਕਾਲਜਾਂ ‘ਚੋਂ 47 ਵਿਦਿਆਰਥੀਆਂ ਨੂੰ ਕੱਢਣ ਸਬੰਧੀ ਹੁਕਮਾਂ ਦੀਆਂ ਕਾਪੀਆਂ, ਲੌਰਡ ਸਿਡਨਹਾਮਿਨ ਵੱਲੋਂ ਚੁੱਕੇ ਗਏ ਸਵਾਲਾਂ ਦੀ ਕਾਪੀ ਆਦਿ ਸ਼ਾਮਲ ਹਨ। ਮਰੀ ਦੇ ਸਹਾਇਕ ਕਮਿਸ਼ਨਰ ਵੱਲੋਂ ਯੂਰੋਪੀਅਨਾਂ ਤੇ ਐਂਗਲੋ-ਇੰਡੀਅਨਾਂ ਨੂੰ ਦੰਗਿਆਂ ਤੋਂ ਬਚਾਉਣ ਲਈ ਮਰੀ ਭੇਜਣ ਸਬੰਧੀ ਪੱਤਰ ਦੀ ਕਾਪੀ, ਲਾਹੌਰ, ਅੰਮ੍ਰਿਤਸਰ, ਕਸੂਰ, ਅਹਿਮਦਾਬਾਦ ਤੇ ਪਟਨਾ ‘ਚ ਹਾਲਾਤ ਵਿਗੜਨ ਦੀ ਰਿਪੋਰਟ ਦੀ ਕਾਪੀ, ਰਾਵਲਪਿੰਡੀ ਦੇ ਡਿਪਟੀ ਕਮਿਸ਼ਨਰ ਮਿਸਟਰ ਬਾਰਟਨ ਦੀ ਕਾਰ ‘ਤੇ ਪੱਥਰ ਮਾਰੇ ਜਾਣ ਮਗਰੋਂ ਰਾਵਲਪਿੰਡੀ ਦੇ ਗਵਰਨਰ ਵੱਲੋਂ ਮੁੱਖ ਸਕੱਤਰ ਨੂੰ ਜੇਹਲਮ ‘ਚ ਮਾਰਸ਼ਲ ਲਾਅ ਲਾਗੂ ਕਰਨ ਸਬੰਧੀ ਲਿਖਿਆ ਪੱਤਰ ਵੀ ਪ੍ਰਦਰਸ਼ਨੀ ‘ਚ ਪੇਸ਼ ਕੀਤਾ ਗਿਆ ਹੈ। ਜੱਲ੍ਹਿਆਂਵਾਲਾ ਬਾਗ ਦੇ ਸਾਕੇ ‘ਚ ਮਾਰੇ ਗਏ ਲੋਕਾਂ ਬਾਰੇ ਡਿਪਟੀ ਕਮਿਸ਼ਨਰ ਵੱਲੋਂ 3 ਸਤੰਬਰ ਨੂੰ ਪੇਸ਼ ਕੀਤੀ ਗਈ ਆਖਰੀ ਰਿਪੋਰਟ ਵੀ ਪ੍ਰਦਰਸ਼ਨੀ ‘ਚ ਸ਼ਾਮਲ ਹੈ। ਰਿਪੋਰਟ ਮੁਤਾਬਕ ਇਸ ਖੂਨੀ ਸਾਕੇ ‘ਚ ਦੋ ਔਰਤਾਂ ਤੇ ਪੰਜ ਬੱਚਿਆਂ ਸਮੇਤ 291 ਲੋਕ ਮਾਰੇ ਗਏ ਹਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *