ਜਸਟਿਨ ਟਰੂਡੋ ਨੇ ਵੋਟ ਸਿਆਸਤ ਦੇ ਦਾਬੇ ਹੇਠ ਖਾਲਿਸਤਾਨੀਆਂ ਅੱਗੇ ਗੋਡੇ ਟੇਕੇ: ਉੱਜਲ ਦੁਸਾਂਝ


ਓਟਵਾ/ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਹਾਲ ਹੀ ਵਿਚ ਕੈਨੇਡਾ ਨੂੰ ਦਰਪੇਸ਼ ਅੱਤਵਾਦ ਦੇ ਖਤਰਿਆਂ ਬਾਰੇ ਰਿਪੋਰਟ ਵਿਚੋਂ ‘ਸਿੱਖ ਅੱਤਵਾਦ’ ਦਾ ਵੇਰਵਾ ਹਟਾਏ ਜਾਣ ਉੱਤੇ ਟਿੱਪਣੀ ਕਰਦਿਆਂ ਸਾਬਕਾ ਲਿਬਰਲ ਕੈਬਟਿਨ ਮੰਤਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਐਨਡੀਪੀ ਪ੍ਰੀਮੀਅਰ ਉੱਜਲ ਦੁਸਾਂਝ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਖਾਲਿਸਤਾਨੀਆਂ ਅੱਗੇ ਝੁਕ ਗਿਆ ਹੈ। ਜੇਕਰ ਟਰੂਡੋ ਇਸੇ ਤਰ੍ਹਾਂ ਕਿਸੇ ਮੁੱਦੇ ਉੱਤੇ ਕੱਟੜ ਈਸਾਈਆਂ ਅੱਗੇ ਝੁਕਿਆ ਹੁੰਦਾ ਤਾਂ ਲਿਬਰਲਾਂ, ਟੋਰੀਆਂ ਅਤੇ ਐਨਡੀਪੀ ਨੇ ਉਸ ਦੀ ਸਖ਼ਤ ਨੁਕਤਾਚੀਨੀ ਕਰਨੀ ਸੀ। ਪਰ ਇੱਥੇ ਪਹਿਚਾਣ ਦੀ ਰਾਜਨੀਤੀ ਭਾਰੂ ਹੋ ਗਈ ਹੈ।  ਉਸ ਨੇ ਖਾਲਿਸਤਾਨੀਆਂ ਨੂੰ ਹੱਲਾਸ਼ੇਰੀ ਦਿੱਤੀ ਹੈ ਅਤੇ ਕੈਨੇਡਾ ਦੀਆਂ ਖੁਫੀਆ ਏਜੰਸੀਆਂ ਦਾ ਮਨੋਬਲ ਡੇਗਿਆ ਹੈ।
ਖੁਫੀਆ ਰਿਪੋਰਟ ਵਿਚ ‘ਸਿੱਖ ਅੱਤਵਾਦ’ ਸ਼ਾਮਿਲ ਕੀਤੇ ਜਾਣ ਬਾਰੇ ਟਿੱਪਣੀ ਕਰਦਿਆਂ ਸ੍ਰੀ ਦੁਸਾਂਝ ਨੇ ਕਿਹਾ ਕਿ ਇਹ ਸਿਰਫ ਆਮ ਸਿੱਖਾਂ ਬਾਰੇ ਨਹੀਂ ਸਗੋਂ ਖਾਲਿਸਤਾਨੀਆਂ ਬਾਰੇ ਸੀ। ਇਸ ਰਿਪੋਰਟ ਵਿਚ ਇਸਲਾਮਿਕ ਅੱਤਵਾਦੀਆਂ ਦਾ ਵੀ ਹਵਾਲਾ ਹੈ। ਮੈਨੂੰ ਨਹੀਂ ਲੱਗਦਾ ਕਿ ਇਸ ਰਿਪੋਰਟ ਨੇ ਕਿਸੇ ਵੀ ਅਜਿਹੇ ਸਿੱਖ ਨੂੰ ਬਦਨਾਮ ਕੀਤਾ ਸੀ, ਜੋ ਕਿ ਖਾਲਿਸਤਾਨ ਅਤੇ ਹਿੰਸਾ ਵਿਚ ਵਿਸ਼ਵਾਸ਼ ਨਹੀਂ ਰੱਖਦਾ ਹੈ। ਸ੍ਰੀ ਦੁਸਾਂਝ ਨੇ ਕਿਹਾ ਕਿ ਖੁਫੀਆ ਏਜੰਸੀਆਂ ਨੂੰ ਸਾਰੀ ਖ਼ਬਰ ਹੁੰਦੀ ਹੈ। ਹੁਣ ਵੀ ਬਹੁਤ ਸਾਰੇ ਖਾਲਿਸਤਾਨੀ ਪਾਕਿਸਤਾਨ ਜਾ ਰਹੇ ਹਨ ਅਤੇ ਵਾਪਸ ਆ ਕੇ ਇੱਥੇ ਭਾਰਤ-ਵਿਰੋਧੀ ਗਤੀਵਿਧੀਆਂ ਵਿਚ ਭਾਗ ਲੈ ਰਹੇ ਹਨ। ਉਹਨਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਐਨਡੀਪੀ ਜਾਂ ਕੰਜ਼ਰਵੇਟਿਵਾਂ ਨੇ ਵੀ ਇਸ ਮੁੱਦੇ ਉੱਤੇ ਟਰੂਡੋ  ਦੀ ਨਿਖੇਧੀ ਨਹੀਂ ਕੀਤੀ। ਕੈਨੇਡੀਅਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਕਦਮ ਖੁਫੀਆ ਏਜੰਸੀਆਂ ਦੀ ਰਾਸ਼ਟਰੀ ਸੁਰੱਖਿਆ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਸਮਰੱਥਾ ਨੂੰ ਵੀ ਸੀਮਤ ਕਰਦਾ ਹੈ। ਇਹ ਕੁੱਝ ਰੌਲਾ ਪਾਉਣ ਵਾਲੇ ਖਾਲਿਸਤਾਨੀਆਂ ਅੱਗੇ ਗੋਡੇ ਟੇਕਣਾ ਹੈ, ਜਿਹੜੇ ਇਹ ਕਹਿੰਦੇ ਹਨ ਕਿ ਉਹ ਸਿੱਖਾਂ ਦੇ ਪ੍ਰਤੀਨਿਧਤਾ ਕਰਦੇ ਹਨ।  ਉਹ ਸਿੱਖਾਂ ਦੇ ਪ੍ਰਤੀਨਧ ਨਹੀਂ, ਉਹ ਸਿਰਫ ਰੌਲਾ ਪਾਉਣ ਵਾਲੇ ਹਨ। ਬਹੁਗਿਣਤੀ ਸਿੱਖ ਚੁੱਪ ਰਹਿੰਦੇ ਹਨ। ਮੇਰਾ ਯਕੀਨ ਹੈ ਕਿ ਜੋ ਵਾਪਰਿਆ, ਇਹ ਚੰਗਾ  ਨਹੀਂ ਹੋਇਆ। ਇੱਕ ਸੁਤੰਤਰ ਅਤੇ ਲੋਕਤੰਤਰੀ ਮੁਲਕ ਅੰਦਰ ਅਜਿਹਾ ਨਹੀਂ ਵਾਪਰਨਾ ਚਾਹੀਦਾ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *