ਬਰੈਂਪਟਨ ਵਿੱਚ ਬੇਮਿਸਾਲ ਨਜ਼ਾਰੇ ਪੇਸ਼ ਕਰਦਾ ਹੈ ਸ੍ਰੀ ਹਰਿਮੰਦਰ ਸਾਹਿਬ ਦਾ ਹਾਈ-ਟੈਕ ਸ਼ੋਅ


‘ਆਈ ਐਨ 5 ਐਕਸਪੀਰਅਮ’ ਵੱਲੋਂ ਵਿਖਾਇਆ ਜਾ ਰਿਹਾ ਸ੍ਰੀ ਹਰਿਮੰਦਰ ਸਾਹਿਬ ਦਾ ਹਾਈ-ਟੈਕ ਸ਼ੋਅ ਬੇਮਿਸਾਲ ਅਤੇ ਲਾਜਵਾਬ ਹੈ। ਮੰਗਲਵਾਰ ਨੂੰ ਬਰੈਮਲੀਆ ਸਿਟੀ ਸੈਂਟਰ ਵਿਖੇ ਇਸ ਦਾ ਉਦਘਾਟਨ ਭਾਰਤੀ ਕੋਂਸਲ ਜਨਰਲ ਦਿਨੇਸ਼ ਭਾਟੀਆ ਅਤੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਕੀਤਾ। ਆਈਐਨ5 ਐਕਸਪੀਰੀਅਮ ਸਾਰੇ ਮਹਿਮਾਨਾਂ ਨੂੰ ਸਿੱਖੀ ਦੇ ਸ਼ਾਨਦਾਰ ਇਤਿਹਾਸ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਰੂਹਾਨੀ ਸ਼ਾਨ ਨਾਲ ਮੰਤਰ ਮੁਗਧ ਕਰ ਦਿੰਦਾ ਹੈ।
ਇਸ ਸ਼ੋਅ ਦਾ ਘੇਰਾ 30 ਹਜ਼ਾਰ ਸਕੁਆਇਰ ਮੀਟਰ ਤਕ ਫੈਲਿਆ ਹੋਇਆ ਹੈ, ਜਿਸ ਦੀਆਂ ਦੀਵਾਰਾਂ ਸਮਾਰਟ ਅਤੇ ਸੈਂਸਰ-ਯੁਕਤ ਹਨ, ਜਿਹਨਾਂ ਉੱਤੇ 42 ਪ੍ਰਾਜੈਕਟਰ ਲੱਗੇ ਹੋਏ ਹਨ, ਜਿਹੜੇ ਕਿ ਸਿੱਖੀ ਜੀਵਨ ਜਾਚ ਅਤੇ ਸਿੱਖ ਫਲਸਫੇ ਦੀ ਕਹਾਣੀ ਨੂੰ ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਦੱਸਦੇ ਹਨ।
ਇੱਥੇ ਲੱਗੇ ਬਹੁਤ ਸਾਰੇ ਪੈਨਲ ਮਹਿਮਾਨਾਂ ਨੂੰ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸੈਕੜੇ ਸਾਲ ਪਹਿਲਾਂ ਉਚਾਰੇ ਅਤੇ ਪ੍ਰਚਾਰੇ ਇੱਕਜੋਤ ਦੇ ਸਿਧਾਂਤ ਬਾਰੇ ਜਾਗਰੂਕ ਕਰਦੇ ਹਨ। ਇਹ ਪ੍ਰਦਰਸ਼ਨੀ ਕਿਸੇ ਵੀ ਰੂਪ ਤੋਂ ਧਾਰਮਿਕ ਰੰਗ ਵਾਲੀ ਨਹੀਂ ਹੈ। ਇਸ ਬਾਰੇ ਐਤਵਾਰ ਨੂੰ ਕੀਤੀ ਪ੍ਰੈਸ ਕਾਨਫਰੰਸ ਵਿਚ ਪ੍ਰਬੰਧਕਾਂ ਨੇ ਵੀ ਕਿਹਾ ਸੀ ਕਿ ਇਸ ਸ਼ੋਅ ਵਿਚ ਵਰਤੀਆਂ ਗਈਆਂ ਸਾਰੀਆਂ ਤਸਵੀਰਾਂ ਮਹਿਮਾਨਾਂ ਨੂੰ ਸਿੱਖੀ ਉੱਤੇ ਝਾਤ ਪਵਾਉਣ ਲਈ ਹਨ। ਇਹ ਤਸਵੀਰਾਂ ਅਤੇ ਹੋਰ ਸਮੱਗਰੀ ਸਿੱਖ ਇਨਸਾਈਕਲੋਪੀਡੀਆ, ਦ ਗੁਰੂ ਗ੍ਰੰਥ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਇਟ ਅਤੇ ਮੈਕਸ ਆਰਥਰ ਮੈਕਾਲਿਫ ਦੀ ਵੈਬਸਾਇਟ ਤੋਂ ਲਈਆਂ ਗਈਆਂ ਹਨ। ਇਸ ਸ਼ੋਅ ਦਾ ਉਦਘਾਟਨ ਵਿਸਾਖੀ ਦੇ ਪਵਿੱਤਰ ਦਿਹਾੜੇ ਉੱਤੇ ਹੋਇਆ ਹੈ। ਇਹ ਸ਼ੋਅ ਸੋਮਵਾਰ ਤੋਂ ਵੀਰਵਾਰ ਤਕ ਦੁਪਹਿਰ 1:30 ਵਜੇ ਤੋਂ ਰਾਤੀਂ 8:30 ਵਜੇ ਤਕ ਅਤੇ ਸ਼ੁੱਕਰਵਾਰ ਤੋਂ ਐਤਵਾਰ ਸਵੇਰੇ 11 ਵਜੇ ਤੋਂ ਸ਼ਾਮੀਂ 8:30 ਵਜੇ ਤਕ ਖੁੱਲ੍ਹਾ ਰਹੇਗਾ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *