ਨਾਨਕ ਸਿੰਘ ਦੀ ‘ਖੂਨੀ ਵਿਸਾਖੀ’ ਨੂੰ ਸੌ ਸਾਲਾਂ ਬਾਅਦ ਪੁਸਤਕ ਦਾ ਰੂਪ ਮਿਲਿਆ


ਅੰਮ੍ਰਿਤਸਰ/ਜੱਲ੍ਹਿਆਂਵਾਲਾ ਬਾਗ ਵਿਚ 13 ਅਪਰੈਲ, 1919 ਨੂੰ ਵਾਪਰੇ ਖੂਨੀ ਸਾਕੇ ਦੇ ਚਸ਼ਮਦੀਦ ਗਵਾਹ ਉਘੇ ਨਾਵਲਕਾਰ ਨਾਨਕ ਸਿੰਘ ਵਲੋਂ ਇਸ ਸਾਕੇ ਬਾਰੇ ਲਿਖੀ ਗਈ ਕਾਵਿ-ਰਚਨਾ ‘ਖੂਨੀ ਵਿਸਾਖੀ’ ਨੂੰ ਪੁਸਤਕ ਦੇ ਰੂਪ ਵਿਚ ਸੌ ਸਾਲਾਂ ਮਗਰੋਂ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਹੋਰਨਾਂ ਵਲੋਂ ਲੋਕ ਅਰਪਣ ਕੀਤਾ ਗਿਆ।
ਇਹ ਕਾਵਿ ਰਚਨਾ ਨਾਨਕ ਸਿੰਘ ਵਲੋਂ 1920 ਵਿਚ ਲਿਖੀ ਗਈ ਸੀ ਪਰ ਉਸ ਵੇਲੇ ਅੰਗਰੇਜ਼ ਸਰਕਾਰ ਵਲੋਂ ਇਸ ‘ਤੇ ਰੋਕ ਲਾ ਦਿੱਤੀ ਗਈ ਅਤੇ ਕਾਵਿ ਰਚਨਾ ਨੂੰ ਜ਼ਬਤ ਕਰ ਲਿਆ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਨਾਨਕ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਜੱਦੋਜਹਿਦ ਕਰਕੇ ਸਾਬਕਾ ਰਾਸ਼ਟਰਪਤੀ ਮਰਹੂਮ ਗਿਆਨੀ ਜ਼ੈਲ ਸਿੰਘ ਰਾਹੀਂ ਜ਼ਬਤ ਕੀਤੀ ਕਾਵਿ ਰਚਨਾ ਦਾ ਖਰੜਾ ਪ੍ਰਾਪਤ ਕੀਤਾ ਸੀ, ਜਿਸ ਨੂੰ ਹੁਣ ਸੌ ਵਰ੍ਹਿਆਂ ਮਗਰੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਕਾਵਿ ਰਚਨਾ ਦਾ ਅੰਗਰੇਜ਼ੀ ਵਿਚ ਵੀ ਅਨੁਵਾਦ ਕੀਤਾ ਗਿਆ ਹੈ। ‘ਖੂਨੀ ਵਿਸਾਖੀ’ ਨਾਂ ਦੀ ਇਸ ਪੁਸਤਕ ਨੂੰ ਜੱਲ੍ਹਿਆਂਵਾਲਾ ਬਾਗ ਖੂਨੀ ਸਾਕੇ ਦੀ ਸ਼ਤਾਬਦੀ ਮੌਕੇ ਪਹਿਲਾਂ ਦਿੱਲੀ ਵਿਚ ਰਿਲੀਜ਼ ਕੀਤਾ ਗਿਆ ਅਤੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਲੋਕ ਅਰਪਣ ਕੀਤਾ ਗਿਆ ਹੈ। ਇਸ ਤੋਂ ਬਾਅਦ ਇਹ ਪੁਸਤਕ ਆਬੂਧਾਬੀ ਵਿਚ ਵੀ ਲੋਕ ਅਰਪਣ ਕੀਤੀ ਜਾਵੇਗੀ। ਅੱਜ ਇਸ ਪੁਸਤਕ ਦੇ ਲੋਕ ਅਰਪਣ ਮੌਕੇ ਨਾਨਕ ਸਿੰਘ ਦੇ ਪੁੱਤਰ ਕੁਲਵੰਤ ਸਿੰਘ ਸੂਰੀ, ਕੁਲਬੀਰ ਸਿੰਘ ਸੂਰੀ ਅਤੇ ਉਨ੍ਹਾਂ ਦੇ ਪੋਤਰੇ ਨਵਦੀਪ ਸਿੰਘ ਸੂਰੀ ਤੇ ਹੋਰ ਵੀ ਹਾਜ਼ਰ ਸਨ। ਇਸ ਕਾਵਿ ਰਚਨਾ ਦਾ ਨਵਦੀਪ ਸਿੰਘ ਸੂਰੀ ਨੇ ਅੰਗਰੇਜ਼ੀ ਭਾਸ਼ਾ ਵਿਚ ਅਨੁਵਾਦ ਕੀਤਾ ਹੈ। ਉਹ ਇਸ ਵੇਲੇ ਯੂਏਈ ਵਿਚ ਭਾਰਤੀ ਸਫੀਰ ਹਨ। ਇਸ ਮੌਕੇ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।
ਇਸ ਮੌਕੇ ਕੁਲਵੰਤ ਸਿੰਘ ਸੂਰੀ ਨੇ ਇਸ ਕਾਵਿ ਰਚਨਾ ਦਾ ਖਰੜਾ ਪ੍ਰਾਪਤ ਕਰਨ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੇ ਮੁੱਖ ਮਹਿਮਾਨ ਵਿੱਤ ਮੰਤਰੀ ਨੇ ਸੰਬੋਧਨ ਦੌਰਾਨ ਆਖਿਆ ਕਿ ਨਾਨਕ ਸਿੰਘ ਦੀ ਇਸ ਕਾਵਿ ਰਚਨਾ ਨੇ ਸੌ ਸਾਲ ਪਹਿਲਾਂ ਵਾਪਰੀ ਘਟਨਾ ਨੂੰ ਜਿਵੇਂ ਦਾ ਤਿਵੇਂ ਪੇਸ਼ ਕੀਤਾ ਹੈ। ਉਨ੍ਹਾਂ ਆਖਿਆ ਕਿ ਇਹ ਕਾਵਿ ਰਚਨਾ ਭਵਿੱਖ ਵਿਚ ਇਤਿਹਾਸ ਦਾ ਅਹਿਮ ਹਿੱਸਾ ਬਣੇਗੀ। ਇਸ ਮੌਕੇ ਪੁਸਤਕ ਬਾਰੇ ਪੈਨਲ ਬਣਾ ਕੇ ਚਰਚਾ ਵੀ ਕੀਤੀ ਗਈ, ਜਿਸ ਵਿਚ ਪੰਜਾਬੀ ਆਲੋਚਕ ਡਾ. ਹਰਭਜਨ ਸਿੰਘ ਭਾਟੀਆ, ਯੂਨੀਵਰਸਿਟੀ ਦੀ ਇਤਿਹਾਸ ਵਿਭਾਗ ਦੀ ਮੁਖੀ ਡਾæ ਅਮਨਦੀਪ ਕੌਰ ਬੱਲ, ਨਵਦੀਪ ਸਿੰਘ ਸੂਰੀ ਅਤੇ ਮਨਪ੍ਰੀਤ ਸਿੰਘ ਬਾਦਲ ਸ਼ਾਮਲ ਸਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *