ਵਿਸ਼ਵ ਵਿਰਾਸਤ ਦਾ ਦਰਜਾ ਪ੍ਰਾਪਤ ਪੈਰਿਸ ਦਾ ਮਸ਼ਹੂਰ ਨੋਟਰ-ਡਾਮ ਗਿਰਜਾਘਰ ਸੜ੍ਹ ਕੇ ਸੁਆਹ ਹੋਇਆ


ਪੈਰਿਸ/ਪੈਰਿਸ ਦੇ ਇਤਿਹਾਸਕ ਗਿਰਜਾਘਰ ਨੋਟਰ-ਡਾਮ ਕੈਥੇਡ੍ਰਲ ਵਿਚ ਸੋਮਵਾਰ ਨੂੰ ਅੱਗ ਲੱਗ ਗਈ। ਹਾਲਾਂਕਿ ਮੁੱਖ ਢਾਂਚੇ ਨੂੰ ਬਚਾਅ ਲਿਆ ਗਿਆ ਹੈ ਪਰ ਇਸ ਨਾਲ ਇਮਾਰਤ ਦਾ ਬੁਰੀ ਤਰ੍ਹਾਂ ਨੁਕਸਾਨ ਹੋਇਆ ਹੈ ਤੇ ਸਦੀਆਂ ਦੀ ਵਿਰਾਸਤ ਖ਼ਾਕ ਹੋ ਗਈ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੇ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਨੋਟਰ-ਡਾਮ ਦਾ ਦੁਬਾਰਾ ਨਿਰਮਾਣ ਕਰਨ ਦਾ ਅਹਿਦ ਕੀਤਾ ਹੈ। ਅੱਗ ਨਾਲ ਸਭ ਤੋਂ ਪਹਿਲਾਂ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਐਲਾਨੀ ਗਈ 850 ਸਾਲ ਪੁਰਾਣੀ ਛੱਤ ਤਬਾਹ ਹੋ ਗਈ। ਸ਼ਾਨਦਾਰ ਗੌਥਿਕ ਮੀਨਾਰ ਉੱਥੇ ਮੌਜੂਦ ਲੋਕਾਂ ਦੇ ਸਾਹਮਣੇ ਢਹਿ ਗਈ। ਗਿਰਜਾਘਰ ‘ਚ ਲੱਗੀ ਅੱਗ ‘ਤੇ ਬਚਾਅ ਅਮਲੇ ਨੇ ਕਰੀਬ 15 ਘੰਟੇ ਦੀ ਜੱਦੋਜਹਿਦ ਤੋਂ ਬਾਅਦ ਕਾਬੂ ਪਾਇਆ। ਅਧਿਕਾਰੀਆਂ ਮੁਤਾਬਕ ਮੰਗਲਵਾਰ ਸਵੇਰੇ ਕਰੀਬ 10 ਵਜੇ ਅੱਗ ਪੂਰੀ ਤਰ੍ਹਾਂ ਬੁਝਾ ਦਿੱਤੀ ਗਈ ਸੀ। ਛੱਤ ਲੱਕੜ ਦੀ ਹੋਣ ਕਾਰਨ ਵੀ ਅੱਗ ਤੇਜ਼ੀ ਨਾਲ ਫੈਲੀ। ਅੱਗ ਅਜਿਹੇ ਸਮੇਂ ਲੱਗੀ ਹੈ ਜਦ ਗਿਰਜਾਘਰ ਵਿਚ ਈਸਟਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ।
ਪੈਰਿਸ ਦੇ ਆਰਕਬਿਸ਼ਪ ਮਿਸ਼ੇਲ ਐਪੇਟਿਟ ਨੇ ਕਿਹਾ ਕਿ ਇਸ ਮੁਸ਼ਕਲ ਸਮੇਂ ਨਾਲ ਨਜਿੱਠਿਆ ਜਾ ਰਿਹਾ ਹੈ। ਅੱਗ ਲੱਗਣ ਦੇ ਕਾਰਨਾਂ ਦਾ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ ਪਰ ਗਿਰਜਾਘਰ ‘ਚ ਮੁਰੰਮਤ ਚੱਲ ਰਹੀ ਸੀ ਤੇ ਇਹ ਅੱਗ ਲੱਗਣ ਦਾ ਕਾਰਨ ਹੋ ਸਕਦਾ ਹੈ। ਰਾਹਤ ਕਾਰਜ ਦੌਰਾਨ ਬਚਾਅ ਅਮਲੇ ਦਾ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਕਿ ਅੱਗ ਬੁਝਾਉਣ ਲਈ ‘ਹਵਾਈ ਵਾਟਰ ਟੈਂਕਰ ਦਾ ਇਸਤੇਮਾਲ’ ਕੀਤਾ ਜਾ ਸਕਦਾ ਹੈ। ਇਸ ਦੇ ਜਵਾਬ ਵਿਚ ਫਰਾਂਸੀਸੀ ਅਥਾਰਿਟੀ ਨੇ ਕਿਹਾ ਕਿ ਇਸ ਨਾਲ ਪੂਰਾ ਢਾਂਚਾ ਡਿੱਗ ਸਕਦਾ ਹੈ।
ਵਿਕਟਰ ਹਿਊਗੋ ਦਾ ਮਸ਼ਹੂਰ ਨਾਵਲ ‘ਦਿ ਹੰਚਬੈਕ ਆਫ਼ ਨੋਟਰ-ਡਾਮ’ (ਨੋਟਰ-ਡਾਮ ਦਾ ਕੁੱਬਾ) ਇਸ ਇਮਾਰਤ ਦੇ ਲਾਗੇ-ਛਾਗੇ ਦੇ ਇਲਾਕੇ ਦੀ ਜ਼ਿੰਦਗੀ ਦੁਆਲੇ ਘੁੰਮਦਾ ਹੈ। ਪੈਰਿਸ ਦੇ ਇਤਿਹਾਸਕ ਗਿਰਜਾਘਰ ਨੋਟਰ-ਡਾਮ ਕੈਥੇਡ੍ਰਲ ਦੀ ਅੱਗ ਨਾਲ ਨੁਕਸਾਨੀ ਇਮਾਰਤ ਦੀ ਮੁੜ ਉਸਾਰੀ ਲਈ ਵੱਖ-ਵੱਖ ਵਰਗਾਂ ਦੇ ਲੋਕ ਅੱਗੇ ਆਏ ਹਨ। ਇਸ ਤੋਂ ਇਲਾਵਾ ‘ਫਰੈਂਚ ਹੈਰੀਟੇਜ ਫਾਊਂਡੇਸ਼ਨ’ ਵੱਲੋਂ ਇਸ ਲਈ ਰਾਸ਼ੀ ਜੁਟਾਉਣ ਲਈ ਜਨਤਕ ਅਪੀਲ ਕੀਤੀ ਗਈ ਹੈ। ਫਰਾਂਸ ਦੇ ਅਰਬਪਤੀ ਕਾਰੋਬਾਰੀ ਬਰਨਾਲਡ ਅਰਨਾਲਟ ਨੇ 20 ਕਰੋੜ ਯੂਰੋ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਹੋਰਨਾਂ ਨੇ ਵੀ ਵੱਡੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *