ਵਿੱਤ ਮੰਤਰੀ ਬਿਲ ਮੌਰਨਿਊ ਨੇ ਬਰੈਂਪਟਨ ਸਾਊਥ ਦੇ ਵਸਨੀਕਾਂ ਨਾਲ ਬੱਜਟ-2019 ਬਾਰੇ ਕੀਤਾ ਵਿਚਾਰ-ਵਟਾਂਦਰਾ


ਬਰੈਂਪਟਨ, -ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਤੇ ਵਿੱਤ ਮੰਤਰੀ ਬਿਲ ਮੌਰਨਿਊ ਨੇ ਹੌਲੈਂਡ ਕ੍ਰਿਸਚੀਅਨ ਹੋਮਜ਼ ਦੇ ਵਸਨੀਕਾਂ ਅਤੇ ਬਰੈਂਪਟਨ ਦੇ ਵੱਖ-ਵੱਖ ਥਾਵਾਂ ਤੋਂ ਆਏ ਹੋਏ ਸੀਨੀਅਰਜ਼ ਨਾਲ ਬੱਜਟ-2019 ਬਾਰੇ ਟਾਊਨਹਾਲ ਵਿਚ ਵਿਚਾਰ-ਵਟਾਂਦਰਾ ਕੀਤਾ। ਹਾਲ ਵਿਚ ਹੀ ਪੇਸ਼ ਕੀਤੇ ਗਏ ਬੱਜਟ-2019 ਵਿਚ ਦਰਜ ਮੁੱਖ ਮੁੱਦਿਆਂ, ਖ਼ਾਸ ਤੌਰ ‘ਤੇ ਜਿਹੜੇ ਸੀਨੀਅਰਜ਼ ਨਾਲ ਸਬੰਧਿਤ ਸਨ, ਨੂੰ ਹਾਜ਼ਰੀਨ ਨਾਲ ਸਾਂਝਾ ਕਰਨ ਤੋਂ ਬਾਅਦ ਮਾਣਯੋਗ ਮੰਤਰੀ ਜੀ ਨੇ ਹਾਜ਼ਰ ਵਿਅੱਕਤੀਆਂ ਨੂੰ ਇਨ੍ਹਾਂ ਬਾਰੇ ਸੁਆਲ ਕਰਨ ਲਈ ਕਿਹਾ। ਇਨ੍ਹਾਂ ਮੁੱਦਿਆਂ ਬਾਰੇ ਕੀਤੇ ਗਏ ਸੁਆਲ ਸੀਨੀਅਰਾਂ ਦੀਆਂ ਪੈੱਨਸ਼ਨਾਂ ਤੇ ਹੈੱਲਥ-ਕੇਅਰ ਤੋਂ ਲੈ ਕੇ ਵਾਤਾਵਰਣ ਦੀ ਤਬਦੀਲੀ ਅਤੇ ਦੇਸ਼ ਦੇ ਅਰਥਚਾਰੇ ਨਾਲ ਜੁੜੇ ਹੋਏ ਸਨ।
ਇਸ ਮੌਕੇ 200 ਤੋਂ ਵਧੇਰੇ ਹਾਜ਼ਰ ਵਿਅੱਕਤੀਆਂ ਨੇ ਇਕ ਘੰਟੇ ਤੋਂ ਵਧੀਕ ਚੱਲੇ ਸੁਆਲਾਂ-ਜੁਆਬਾਂ ਦੇ ਇਸ ਸੈਸ਼ਨ ਵਿਚ ਵਾਰੋ-ਵਾਰੀ ਆਪਣੇ ਸੁਆਲ ਪੁੱਛੇ ਜਿਨ੍ਹਾਂ ਦੇ ਤਸੱਲੀਪੂਰਵਕ ਜੁਆਬ ਮਾਣਯੋਗ ਮੰਤਰੀ ਬਿਲ ਮੌਰਨਿਊ ਵੱਲੋਂ ਦਿੱਤੇ ਗਏ। ਇਸ ਦੌਰਾਨ ਗੱਲਾਂ-ਬਾਤਾਂ ਦਾ ਮੁੱਖ-ਧੁਰਾ ਇਸ ਮਹੱਤਵਪੂਰਨ ਨੁਕਤੇ ‘ਤੇ ਕੇਂਦ੍ਰਿਤ ਰਿਹਾ ਕਿ ਇਹ ਬੱਜਟ ਸੀਨੀਅਰਾਂ ਅਤੇ ਸਮੂਹ ਕੈਨੇਡਾ-ਵਾਸੀਆਂ ਦੀ ਜੀਵਨ-ਸ਼ੈਲੀ ਵਿਚ ਕਿਵੇਂ ਸੁਧਾਰ ਲਿਆ ਸਕਦਾ ਹੈ।
ਇਸ ਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ,”ਮੇਰੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਮਾਣਯੋਗ ਮੰਤਰੀ ਮੌਰਨਿਊ ਨੇ ਬਰੈਂਪਟਨ ਵਿਚ ਆ ਕੇ ਇੱਥੋਂ ਦੇ ਵਸਨੀਕਾਂ ਨਾਲ ਉਨ੍ਹਾਂ ਦੇ ਮਸਲਿਆਂ ਤੇ ਮੁੱਖ ਮੁੱਦਿਆਂ ਬਾਰੇ ਸਿੱਧੀ ਗੱਲਬਾਤ ਕੀਤੀ ਹੈ। ਬਰੈਂਪਟਨ ਵਿਚ ਅਸਲ ਤਬਦੀਲੀ ਲਿਆਉਣ ਲਈ ਇੱਥੋਂ ਦੇ ਵਾਸੀਆਂ ਨੇ 2015 ਵਿਚ ਸਾਨੂੰ ਚੁਣ ਕੇ ਪਾਰਲੀਮੈਂਟ ਵਿਚ ਭੇਜਿਆ ਸੀ। ਅਸੀਂ ਮੰਤਰੀ ਮੌਰਨਿਊ ਤੇ ਕੈਨੇਡਾ ਸਰਕਾਰ ਦੇ ਧੰਨਵਾਦੀ ਹਾਂ ਕਿ ਬੱਜਟ-2019 ਸਾਨੂੰ ਉਹ ਸੱਭ ਦੇ ਰਿਹਾ ਹੈ ਜਿਸ ਦਾ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਇਹ ਸਾਡੇ ਭਵਿੱਖ ਨੂੰ ਹੋਰ ਉੱਜਲਾ ਤੇ ਚਮਕੀਲਾ ਬਨਾਉਣ ਦਾ ਰਸਤਾ ਵਿਖਾਉਂਦਾ ਹੈ।”
ਇਸ ਟਾਊਨਹਾਲ ਈਵੈਂਟ ਤੋਂ ਬਾਅਦ ਮੰਤਰੀ ਬਿਲ ਮੌਰਨਿਊ, ਸੋਨੀਆ ਸਿੱਧੂ ਤੇ ਬਰੈਂਪਟਨ ਦੇ ਹੋਰ ਮੈਂਬਰ ਪਾਰਲੀਮੈਂਟ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਤੇ ਸਿਟੀ ਕਾਊਂਸਲਰਾਂ ਨੂੰ ਸਿਟੀ ਹਾਲ ਵਿਚ ਮਿਲੇ ਅਤੇ ਉਨ੍ਹਾਂ ਦੇ ਨਾਲ ਬੱਜਟ-2019 ਦਾ ਮਿਊਨਿਸਿਪਲਿਟੀਆਂ ਉੱਪਰ ਪੈਣ ਵਾਲੇ ਉਸਾਰੂ ਪ੍ਰਭਾਵ ਅਤੇ ਬਰੈਂਪਟਨ-ਵਾਸੀਆਂ ਦੀ ਬੇਹਤਰੀ ਲਈ ਮਿਲ ਕੇ ਕੰਮ ਕਰਨ ਲਈ ਢੰਗ-ਤਰੀਕੇ ਅਖ਼ਤਿਆਰ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ।
ਇੱਥੇ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਸੋਨੀਆ ਨੇ ਕਿਹਾ,”ਚਾਹੇ ਇਨਫ਼ਰਾਸਟਰੱਕਚਰ ਵਿਚ ਪੂੰਜੀ ਨਿਵੇਸ਼ ਦੀ ਗੱਲ ਹੋਵੇ ਤੇ ਚਾਹੇ ਵਾਤਾਵਰਣ ਤਬਦੀਲੀ ਨਾਲ ਨਜਿੱਠਣ ਲਈ ਢੰਗ-ਤਰੀਕੇ ਸੋਚਣ ਬਾਰੇ ਕੋਈ ਵਿਚਾਰ ਕਰਨੀ ਹੋਵੇ, ਸਾਰੇ ਕੈਨੇਡਾ-ਵਾਸੀਆਂ ਦੇ ਭਲੇ ਲਈ ਕੰਮ ਕਰਨ ਲਈ ਸਾਨੂੰ ਸਰਕਾਰ ਦੇ ਹਰੇਕ ਪੱਧਰ ‘ਤੇ  ਭਾਈਵਾਲੀ ਦੀ ਜ਼ਰੂਰਤ ਹੈ। ਇਨ੍ਹਾਂ ਮਹੱਤਵਪੂਰਨ ਮੀਟਿੰਗਾਂ ਵਿਚ ਮੰਤਰੀ ਮੌਰਨਿਊ ਦੀ ਦਿਲਚਸਪੀ ਉਨ੍ਹਾਂ ਦੀ ਬਰੈਂਪਟਨ-ਵਾਸੀਆਂ ਲਈ ਕੁਮਿੱਟਮੈਂਟ ਨੂੰ ਭਲੀ-ਭਾਂਤ ਸਾਬਤ ਕਰਦੀ ਹੈ।”
ਫ਼ੈੱਡਰਲ ਬੱਜਟ-2019 ਦਾ ਮੁੱਖ ਆਕਰਸ਼ਣ ਮਿਉਂਨਿਸਿਪਲ ਕਮੇਟੀਆਂ ਦੀਆਂ ਸਥਾਨਕ ਜ਼ਰੂਰਤਾਂ ਪੂਰੀਆਂ ਕਰਨ ਲਈ ਉਨ੍ਹਾਂ ਨੂੰ ਪੂੰਜੀ ਸਿੱਧੀ ਟ੍ਰਾਂਸਫ਼ਰ ਕਰਨਾ ਹੈ। ਬਰੈਂਪਟਨ ਸ਼ਹਿਰ ਨੂੰ ਦਿੱਤੀ ਜਾਣ ਵਾਲੀ ਇਹ ਵਧੇਰੇ ਪੂੰਜੀ ਇਸ ਦੇ ਵਸਨੀਕਾਂ ਲਈ ਸਾਲ 2019 ਵਿਚ ਪ੍ਰਾਪਰਟੀ ਟੈਕਸ ਵਿਚ ਹੋਣ ਵਾਲੇ ਵਾਧੇ ਦੇ ਇਕ ਭਾਗ ਨੂੰ ਰੋਕਣ ਅਤੇ ਇਸ ਨੂੰ ਸੰਤੁਲਿਤ ਕਰਨ ਵਿਚ ਸਹਾਈ ਹੋਵੇਗੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *