ਵਿਕੀਲੀਕਸ ਦਾ ਬਾਨੀ ਜੂਲੀਅਨ ਅਸਾਂਜ ਲੰਡਨ ਵਿੱਚ ਗ੍ਰਿਫ਼ਤਾਰ


ਲੰਡਨ/ਕੁੱਝ ਸਮਾਂ ਪਹਿਲਾਂ ਮਸ਼ਹੂਰ ਸਿਆਸੀ ਚਿੰਤਕ ਨੌਮ ਚਾਮਸਕੀ ਨੇ ਜੂਲੀਅਨ ਅਸਾਂਜ ਦੇ ਵਿਕੀਲੀਕਸ ਬਾਰੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਵਿਕੀਲੀਕਸ ਨੇ ਸਾਡੇ ਲੋਕਤੰਤਰ ਨੂੰ ਮਜ਼ਬੂਤ ਅਤੇ ਪਾਰਦਰਸ਼ੀ ਬਣਾਇਆ ਹੈ। ਇਸ ਲਈ ਜੂਲੀਅਨ ਅਸਾਂਜ ਨੂੰ ਮੈਡਲ ਦਿੱਤਾ ਜਾਣਾ ਚਾਹੀਦਾ ਹੈ। ਵੀਰਵਾਰ ਨੂੰ ਲੰਡਨ ਵਿੱਚ ਇਕਵਾਡੌਰ ਦੇ ਦੂਤਾਵਾਸ ਵਿਚੋਂ ਵਿਕੀਲੀਕਸ ਦੇ ਸਹਿ-ਬਾਨੀ ਤੇ ਖੋਜੀ ਪੱਤਰਕਾਰ ਜੂਲੀਅਨ ਅਸਾਂਜ ਦੀ ਕੀਤੀ ਗਿਰਫਤਾਰੀ ਨੂੰ ਜਮਹੂਰੀਅਤ ਪਸੰਦ ਲੋਕਾਂ ਵੱਲੋਂ ਸਵੈ ਪ੍ਰਗਟਾਵੇ ਦੀ ਆਜ਼ਾਦੀ ਅਤੇ ਲੋਕਤੰਤਰ ਉੱਤੇ ਇੱਕ ਵੱਡੇ ਹਮਲੇ ਵਜੋਂ ਵੇਖਿਆ ਜਾ ਰਿਹਾ ਹੈ।
ਦਿਲਚਸਪ ਗੱਲ ਇਹ ਹੈ ਕਿ ਅਸਾਂਜ ਦੀ ਇੱਕ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਕੀਤੀ ਗਈ ਹੈ, ਜਿਸ ਲਈ ਗਿਰਫਤਾਰੀ ਦੇ ਵਾਰੰਟ ਸੱਤ ਸਾਲ ਪਹਿਲਾਂ ਜਾਰੀ ਹੋਏ ਸਨ ਅਤੇ ਉਹ ਆਪਣੇ ਨੂੰ ਸਵੀਡਨ ਹਵਾਲੇ ਕੀਤੇ ਜਾਣ ਦੇ ਡਰੋਂ ਇਕਵਾਡੌਰ ਦੇ ਦੂਤਾਵਾਸ ਵਿਚ ਰਹਿ ਰਿਹਾ ਸੀ।
ਇਸ ਸੰਬੰਧੀ ਵੀਡਿਓ ਵਿਚ ਵਿਖਾਇਆ ਗਿਆ ਹੈ ਕਿ ਬ੍ਰਿਟਿਸ਼  ਪੁਲਿਸ ਦੇ ਕਰਮਚਾਰੀ ਦੂਤਾਵਾਸ ਦੇ ਅੰਦਰ ਗਏ ਅਤੇ ਉਹ ਸਫੈਦ ਵਾਲ ਅਤੇ ਲੰਬੀ ਸਫੈਦ ਦਾੜੀ ਵਾਲੀ ਵਾਲੇ ਜੂਲੀਅਨ ਅਸਾਂਜ ਨੂੰ ਖਿੱਚ ਕੇ ਬਾਹਰ ਲੈ ਆਏ ਅਤੇ ਪੁਲਿਸ ਵੈਨ ਵਿਚ ਬਿਠਾ ਕੇ ਲੈ ਗਏ। ਬਾਹਰ ਲਿਆਂਦੇ ਜਾਣ ਸਮੇਂ ਅਸਾਂਜ ਆਪਣੀ ਨਾਲ ਕੀਤੀ ਜਾ ਰਹੀ ਜਬਰਦਸਤੀ ਦਾ ਵਿਰੋਧ ਕਰਦੇ ਸੁਣਾਈ ਦਿੰਦੇ ਹਨ।
ਪਰ ਇੱਥੇ ਸੁਆਲ ਇਹ ਹੈ ਕਿ ਜੇਕਰ ਇਹ ਇਮਾਰਤ ਇਕਵਾਡੌਰ ਦੇ ਕੰਟਰੋਲ ਵਿਚ ਸੀ ਤਾਂ ਬ੍ਰਿਟਿਸ਼ ਪੁਲਿਸ ਦੇ ਅਧਿਕਾਰੀ ਕਾਨੂੰਨੀ ਤੌਰ ਇਮਾਰਤ ਅੰਦਰ ਕਿਵੇਂ ਗਏ? ਜੁਆਬ ਬੜਾ ਸਿੱਧਾ ਹੈ, ਇਕਵਾਡੌਰ ਨੇ ਉਹਨਾਂ ਨੂੰ ਇਸ ਦੀ ਆਗਿਆ ਦਿੱਤੀ ਸੀ।  ਮੈਟਰੋਪੋਲਿਟਨ ਪੁਲਿਸ ਨੇ ਕਿਹਾ ਹੈ ਕਿ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਜਿੰਨੀ ਜਲਦੀ ਹੋ ਸਕੇਗਾ ਵੈਸਟ ਮਨਿਸਟਰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।
ਵਿਕੀਲੀਕਸ ਨੇ ਟਵੀਟ ਕਰਕੇ ਕਿਹਾ ਹੈ ਕਿ ਇਕਵਾਡੌਰ ਨੇ ਅਸਾਂਜ ਦੀ ਸਿਆਸੀ ਸ਼ਰਨ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਖ਼ਤਮ ਕਰਕੇ ‘ਕੌਮਾਂਤਰੀ ਕਾਨੂੰਨਾਂ’ ਦੀ ਉਲੰਘਣਾ ਕੀਤੀ ਹੈ। ਬ੍ਰਿਟੇਨ ਦੇ ਗ੍ਰਹਿ ਸਕੱਤਰ ਸਾਜ਼ਿਦ ਜਾਵੇਦ ਨੇ ਟਵੀਟ ਕਰਕੇ ਕਿਹਾ, ”ਮੈਂ ਜੂਲੀਅਨ ਅਸਾਂਜ ਨੂੰ ਹਿਰਾਸਤ ਵਿਚ ਲਏ ਜਾਣ ਦੀ ਪੁਸ਼ਟੀ ਕਰਦਾ ਹਾਂ, ਉਸ ਨੂੰ ਅਦਾਲਤ ਦਾ ਸਾਹਮਣਾ ਕਰਨਾ ਪਵੇਗਾ।”’ਮੈਂ ਇਕਵਾਡੌਰ ਵਲੋਂ ਦਿੱਤੇ ਸਹਿਯੋਗ ਅਤੇ ਮੈਟਰੋਪੋਲੀਟਨ ਪੁਲਿਸ ਦੇ ਪੇਸ਼ੇਵਾਰੀ ਪਹੁੰਚ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।” 47 ਸਾਲਾ ਅਸਾਂਜ ਨੇ ਇਹ ਕਹਿ ਕੇ ਦੂਤਾਵਾਸ ਤੋਂ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਸ ਨੂੰ ਪੁੱਛਗਿੱਛ ਲਈ ਅਮਰੀਕਾ ਹਵਾਲੇ ਕਰ ਦਿੱਤਾ ਜਾਵੇਗਾ। ਸਵੀਡਨ ਦੀ ਚੀਫ਼ ਪ੍ਰੋਸੀਕਿਊਟਰ ਨੇ ਅਸਾਂਜ ਤੋਂ ਪੁੱਛਗਿੱਛ ਲਈ ਲੰਡਨ ਸਥਿੱਤ ਇਕਵੇਡੋਰ ਦੇ ਦੂਤਾਵਾਸ ਦਾ ਦੌਰਾ ਕੀਤਾ। ਜੂਲੀਅਨ ਅਸਾਂਜ ਆਪਣੇ ਹਮਾਇਤੀਆਂ ਲਈ ਸੱਚ ਦੇ ਝੰਡਾਬਰਦਾਰ ਹਨ ਪਰ ਉਨ੍ਹਾਂ ਦੇ ਆਲੋਚਕ ਉਨ੍ਹਾਂ ਨੂੰ ਧਿਆਨ ਦਾ ਭੁੱਖਾ ਦਸਦੇ ਹਨ। ਜੂਲੀਅਨ ਨਾਲ ਨੇੜਿਓਂ ਕੰਮ ਕਰਨ ਵਾਲਿਆਂ ਮੁਤਾਬਕ ਉਹ ਬਹੁਤ ਹੀ ਤੀਖਣ ਬੁੱਧੀ ਵਾਲੇ ਹਨ ਅਤੇ ਉਨ੍ਹਾਂ ਵਿੱਚ ਔਖੇ ਤੋਂ ਔਖਾ ਕੰਪਿਊਟਰ ਕੋਡ ਕਰੈਕ ਕਰਨ ਦੀ ਅਸਧਾਰਣ ਸਮਰੱਥਾ ਹੈ। ਉਨ੍ਹਾਂ ਨੇ ਸਾਲ 2006 ਵਿੱਚ ਵਿਕੀਲੀਕਸ ਦਾ ਮੁੱਢ ਬੰਨ੍ਹਿਆ। ਇਸੇ ਵੈਬਸਾਈਟ ਰਾਹੀਂ ਉਨ੍ਹਾਂ ਨੇ ਸਾਲ 2010 ਵਿੱਚ ਅਮਰੀਕੀ ਫੌਜੀਆਂ ਦੀ ਇੱਕ ਫੋਟੋ ਪ੍ਰਕਾਸ਼ਿਤ ਕੀਤੀ। ਫੋਟੋ ਵਿੱਚ ਉਹ ਫੌਜੀ ਹੈਲੀਕਾਪਟਰ ਵਿੱਚੋਂ 18 ਇਰਾਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਫੋਟੇ ਨਾਲ ਉਹ ਇੱਕਦਮ ਚਰਚਾ ਵਿੱਚ ਆ ਗਏ। ਅਗਲੇ ਹੀ ਸਾਲ ਸਵੀਡਨ ਨੇ ਉਨ੍ਹਾਂ ਖ਼ਿਲਾਫ਼ ਜਿਣਸੀ ਸ਼ੋਸ਼ਣ ਦੇ ਇਲਜ਼ਮਾਂ ਤਹਿਤ ਕੌਮਾਂਤਰੀ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ।
ਸਵੀਡਨ ਉਨ੍ਹਾਂ ਖ਼ਿਲਾਫ ਦੋ ਔਰਤਾਂ ਵੱਲੋਂ ਲਾਏ ਗਏ ਜਿਣਸੀ ਸ਼ੋਸ਼ਣ (ਸਾਲ 2010) ਦੇ ਇਲਜ਼ਾਮਾਂ ਸੰਬੰਧੀ ਪੁੱਛਗਿਛ ਕਰਨੀ ਚਾਹੁੰਦਾ ਸੀ। ਇਸ ਘਟਨਾ ਸਮੇਂ ਉਹ ਸਟਾਕਹੋਮ ਵਿੱਚ ਇੱਕ ਭਾਸ਼ਣ ਲਈ ਗਏ ਹੋਏ ਸਨ ਅਸਾਂਜ ਦਾ ਕਹਿਣਾ ਹੈ ਕਿ ਦੋਵਾਂ ਮਾਮਲਿਆਂ ਵਿੱਚ ਜੋ ਵੀ ਹੋਇਆ ਉਹ ਆਪਸੀ ਸਹਿਮਤੀ ਨਾਲ ਕੀਤਾ ਗਿਆ।
ਇਹ ਪਿਛਲੇ ਲਗਪਗ 7 ਸਾਲਾਂ ਤੋਂ ਗ੍ਰਿਫ਼ਤਾਰੀ ਤੋਂ ਬਚਣ ਲਈ ਲੰਡਨ ਵਿੱਚ ਇਕੁਵਾਡੋਰ ਦੇ ਦੂਤਾਵਾਸ ਵਿੱਚ ਰਹਿ ਰਹੇ ਸਨ। ਉਹ ਇਸ ਦੂਤਾਵਾਸ ਵਿੱਚ ਜੂਨ 2012 ਵਿੱਚ ਸਿਆਸੀ ਪਨਾਹ ਦੀ ਦਰਖ਼ਾਸਤ ਨਾਲ ਦਾਖ਼ਲ ਹੋਏ ਸਨ ਅਤੇ ਲਗਾਤਾਰ ਕਹਿੰਦੇ ਆ ਰਹੇ ਸਨ ਕਿ ਜੇ ਉਨ੍ਹਾਂ ਨੂੰ ਬਾਹਰ ਭੇਜਿਆ ਗਿਆ ਤਾਂ ਗ੍ਰਿਫ਼ਤਾਰ ਕਰ ਲਏ ਜਾਣਗੇ। ਅਗਲੇ ਹੀ ਮਹੀਨੇ ਬਰਤਾਨੀਆ ਦੀ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਹਵਾਲਗੀ ਨੂੰ ਪ੍ਰਵਾਨਗੀ ਦੇ ਦਿੱਤੀ।
ਉਨ੍ਹਾਂ ਦਾ ਕਹਿਣਾ ਸੀ ਕਿ ਸਵੀਡਨ ਉਨ੍ਹਾਂ ਨੂੰ ਅਮਰੀਕਾ ਦੇ ਹਵਾਲੇ ਕਰ ਦੇਵੇਗਾ ਜਿੱਥੇ ਉਨ੍ਹਾਂ ‘ਤੇ ਗੁਪਤ ਦਸਤਾਵੇਜ਼ ਪ੍ਰਕਾਸ਼ਿਤ ਕਰਨ ਦਾ ਮੁਕੱਦਮਾ ਚਲਾਇਆ ਜਾਵੇਗਾ। ਜਦਕਿ ਸਵੀਡਨ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਸੀ ਕਿ ਉਹ ਅਸਾਂਜ ਨੂੰ ਸਿਰਫ਼ ਸ਼ੋਸ਼ਣ ਦੇ ਇਲਜ਼ਾਮਾਂ ਦੀ ਢੁਕਵੀਂ ਪੜਤਾਲ ਲਈ ਹੀ ਹਾਸਲ ਕਰਨਾ ਚਾਹੁੰਦਾ ਹੈ।
ਜੂਲੀਅਨ ਅਸਾਂਜ ਨੇ 2014 ਵਿੱਚ ਇਲਾਜ ਲਈ ਦੂਤਾਵਾਸ ਤੋਂ ਬਾਹਰ ਜਾਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕੀਤਾ ਸੀ। ਹਾਲਾਂਕਿ ਅਸਾਂਜ ਨੇ ਕਦੇ ਆਪਣੇ ਪਿਛੋਕੜ ਬਾਰੇ ਕਦੇ ਗੱਲ ਨਹੀਂ ਕੀਤੀ ਪਰ ਵਿਕੀਲੀਕਸ ਨੇ ਉਨ੍ਹਾਂ ਬਾਰੇ ਕੁਝ ਜਾਣਕਾਰੀ ਪ੍ਰਦਾਨ ਕੀਤੀ ਹੈ।
ਉਨ੍ਹਾਂ ਦਾ ਜਨਮ ਆਸਟਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਟਾਊਨਸਵਿਲੇ ਵਿੱਚ ਸਾਲ 1971 ਵਿੱਚ ਹੋਇਆ। ਉਨ੍ਹਾਂ ਦੇ ਮਾਂ-ਬਾਪ ਦੀ ਇੱਕ ਘੁਮੰਤਰੂ ਨਾਟ ਮੰਡਲੀ ਚਲਾਉਂਦੇ ਸਨ, ਜਿਸ ਕਾਰਨ ਅਸਾਂਜ ਦਾ ਬਚਪਨ ਵੀ ਇੱਕ ਥਾਵੇਂ ਨਹੀਂ ਬੀਤਿਆ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *