ਪੰਜਾਬੀਆਂ ਨੇ ਨੋਟਾਂ, ਡਾਲਰਾਂ ਤੇ ਪੌਂਡਾਂ ਨਾਲ ਨਿਹਾਲ ਕੀਤਾ ਕਨ੍ਹੱਈਆ ਕੁਮਾਰ


ਜਲੰਧਰ/ਪੰਜਾਬੀਆਂ ਨੇ ਬਿਹਾਰ ਵਿਚ ਬੇਗੂਸਰਾਏ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਕਨ੍ਹੱਈਆ ਕੁਮਾਰ ‘ਤੇ ਨੋਟਾਂ, ਪੌਂਡਾਂ ਤੇ ਡਾਲਰਾਂ ਦਾ ਮੀਂਹ ਵਰ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਵਿਦੇਸ਼ਾਂ ਵਿਚ ਬੈਠੇ ਪੰਜਾਬੀ ਕਨ੍ਹੱਈਆ ਕੁਮਾਰ ਨੂੰ ਚੋਣ ਫੰਡ ਭੇਜਣ ਲਈ ਕੋਈ ਕਸਰ ਨਹੀਂ ਛੱਡ ਰਹੇ। ਪੰਜਾਬ ਵਿਚੋਂ ਵੀ ਜਿਥੇ ਲੋਕ ਕਨ੍ਹੱਈਆ ਲਈ ਪੈਸੇ ਇਕੱਠੇ ਕਰਕੇ ਭੇਜ ਰਹੇ ਹਨ, ਉਥੇ ਉਸ ਦੇ ਚੋਣ ਪ੍ਰਚਾਰ ‘ਚ ਸਾਥ ਦੇਣ ਵਾਸਤੇ ਵੀ ਤਿਆਰੀਆਂ ਕਰ ਰਹੇ ਹਨ। ਜਲੰਧਰ ਤੋਂ ਕਨ੍ਹੱਈਆ ਕੁਮਾਰ ਦੀ ਹਮਾਇਤ ਲਈ ਜਾਣ ਵਾਲੇ ਐਡਵੋਕੇਟ ਰਜਿੰਦਰ ਮੰਡ ਨੇ ਦੱਸਿਆ ਕਿ ਚੋਣ ਫੰਡ ਵਾਸਤੇ ਉਹ 50 ਹਜ਼ਾਰ ਰੁਪਏ ਇਕੱਠੇ ਕਰਕੇ ਦੇਣਗੇ। ਉਨ੍ਹਾਂ ਦੇ ਨਾਲ ਇਕ ਹੋਰ ਸਾਥੀ ਹਫ਼ਤੇ ਲਈ ਕਨ੍ਹੱਈਆ ਕੁਮਾਰ ਦੇ ਚੋਣ ਪ੍ਰਚਾਰ ਲਈ ਜਾਵੇਗਾ।
ਅਮਰੀਕਾ ਤੋਂ ਆਏ ਰਮਨਜੀਤ ਨੇ ਦੱਸਿਆ ਕਿ ਉਹ ਕਨ੍ਹੱਈਆ ਕੁਮਾਰ ਨੂੰ 15 ਹਜ਼ਾਰ ਰੁਪਏ ਭੇਜ ਚੁੱਕੇ ਹਨ ਤੇ ਆਪਣੇ ਹੋਰ ਸਾਥੀਆਂ ਨੂੰ ਪੈਸੇ ਭੇਜਣ ਲਈ ਕਹਿ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵਿਦੇਸ਼ਾਂ ਵਿਚ ਪਰਵਾਸੀ ਪੰਜਾਬੀ ਜਿਥੇ ਸੂਬੇ ਵਿਚ ਬਾਦਲਾਂ ਤੇ ਮੋਦੀ ਵਿਰੁੱਧ ਉਮੀਦਵਾਰਾਂ ਦੀ ਮਦਦ ਕਰ ਰਹੇ ਹਨ। ਅਮਰੀਕਾ ਤੋਂ ਇਲਾਵਾ ਕਨ੍ਹੱਈਆ ਲਈ ਕੈਨੇਡਾ, ਇੰਗਲੈਂਡ, ਜਰਮਨੀ ਅਤੇ ਆਸਟਰੇਲੀਆ ਤੋਂ ਵੀ ਆਰਥਿਕ ਮਦਦ ਭੇਜੀ ਜਾ ਰਹੀ ਹੈ। ਪੰਜਾਬ ਵਿਚੋਂ ਪੈਸੇ ਭੇਜਣ ਵਾਲਿਆਂ ਦੀ ਸੂਚੀ ਵਿਚ ਗੁਰਮੀਤ ਸ਼ੁਗਲੀ, ਡਾæ ਜੱਸ ਮੰਡ ਤੇ ਸੁਕੀਰਤ ਆਨੰਦ ਸ਼ਾਮਲ ਹਨ। ਜਾਣਕਾਰੀ ਅਨੁਸਾਰ ਕਨ੍ਹੱਈਆ ਕੁਮਾਰ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਉਹ 70 ਲੱਖ ਰੁਪਏ ਹੀ ਖ਼ਰਚ ਸਕਦੇ ਹਨ। ਜੇ ਉਸ ਦੇ ਖਾਤੇ ਵਿਚ ਵਾਧੂ ਪੈਸੇ ਆਉਂਦੇ ਹਨ ਤਾਂ ਉਹ ਇਹ ਸਾਰੇ ਪੈਸੇ ਸੀਪੀਆਈ ਦੀ ਕੇਂਦਰੀ ਕਮੇਟੀ ਨੂੰ ਸੌਂਪ ਦੇਣਗੇ। ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਵਿੱਕੀ ਮਹੇਸ਼ਵਰੀ ਜਿਹੜੇ ਕਿ ਪੰਜਾਬ ਨਾਲ ਸਬੰਧਤ ਹਨ, ਵੀ ਬੇਗੂਸਰਾਏ ‘ਚ ਚੋਣ ਪ੍ਰਚਾਰ ਲਈ ਕਨ੍ਹੱਈਆ ਕੁਮਾਰ ਦਾ ਸਾਥ ਦੇਣ ਲਈ ਤਿਆਰੀਆਂ ‘ਚ ਲੱਗੇ ਹੋਏ ਹਨ। ਪੰਜਾਬ ਦੇ ਕਈ ਆਈਪੀਐਸ ਤੇ ਪੀਸੀਐਸ ਅਧਿਕਾਰੀ ਕਨ੍ਹੱਈਆ ਕੁਮਾਰ ਦੇ ਚੋਣ ਪ੍ਰਚਾਰ ਦੇ ਢੰਗ ਤਰੀਕਿਆਂ ਨੂੰ ਵਟਸਐਪ ਰਾਹੀਂ ਸਾਂਝਾ ਕਰ ਰਹੇ ਹਨ।
ਕਨ੍ਹੱਈਆ ਕੁਮਾਰ ਦੀਆਂ ਸੋਸ਼ਲ ਮੀਡੀਆ ‘ਤੇ ਜਵਾਹਰ ਲਾਲ ਯੂਨੀਵਰਸਿਟੀ ‘ਚ ਕੀਤੇ ਸੰਘਰਸ਼ ਦੌਰਾਨ ਅਪਣਾਇਆ ਤਰੀਕਾ ਹੀ ਵਰਤਿਆ ਜਾ ਰਿਹਾ ਹੈ। ਉਹ ਸਾਦੇ ਢੰਗ ਨਾਲ ਚੋਣ ਪ੍ਰਚਾਰ ਕਰ ਰਹੇ ਹਨ। ਉਹ ਖ਼ੁਦ ਡਫਲੀ ਲੈ ਕੇ ਉਸੇ ਤਰ੍ਹਾਂ ਨਾਅਰੇ ਤੇ ਜੈਕਾਰੇ ਲਾ ਰਹੇ ਹਨ ਜਿਵੇਂ ਉਨ੍ਹਾਂ ‘ਵਰਸਿਟੀ ਵਿਚ ਲਾਏ ਸਨ। ਇਨ੍ਹਾਂ ਨਾਅਰਿਆਂ ਕਾਰਨ ਹੀ ਕਨ੍ਹੱਈਆ ਤੇ ਉਸ ਦੇ ਸਾਥੀਆਂ ‘ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਹੋਇਆ ਸੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *