ਭਾਜਪਾ ਚੋਣ ਮੈਨੀਫੈਸਟੋ ‘ਚ ਕਿਸਾਨਾਂ ਅਤੇ ਛੋਟੇ ਦੁਕਾਨਦਾਰਾਂ ਲਈ ਪੈਨਸ਼ਨ ਦਾ ਵਾਅਦਾ


ਰਾਸ਼ਟਰਵਾਦ, ਰਾਮ ਮੰਦਰ, ਧਾਰਾ 370, ਕਿਸਾਨ, ਮੱਧ ਵਰਗ ਅਤੇ ਵਪਾਰੀਆਂ ‘ਤੇ ਜ਼ੋਰ
ਨਵੀਂ ਦਿੱਲੀ/ਭਾਜਪਾ ਨੇ ‘ਰਾਸ਼ਟਰਵਾਦ ਨੂੰ ਆਪਣੀ ਪ੍ਰੇਰਨਾ, ਗਰੀਬ ਤਬਕੇ ਦੇ ਸ਼ਕਤੀਕਰਨ ਨੂੰ ਦਰਸ਼ਨ ਅਤੇ ਸੁਸ਼ਾਸਨ ਨੂੰ ਆਪਣਾ ਮੰਤਰ’ ਦੱਸਦਿਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਚੋਣ ਮਨੋਰਥ ਪੱਤਰ ਨੂੰ ‘ਸੰਕਲਪ ਪੱਤਰ’ ਦਾ ਨਾਂਅ ਦਿੰਦਿਆਂ ਭਾਜਪਾ ਨੇ ਰਾਸ਼ਟਰਵਾਦ ਯੂਨੀਫਾਰਮ ਸਿਵਲ ਕੋਡ, ਨਾਗਰਿਕਤਾ ਤਰਮੀਮੀ ਬਿੱਲ, ਰਾਮ ਮੰਦਰ ਦੀ ਉਸਾਰੀ ਸਾਲ 2030 ਤੱਕ ਭਾਰਤ ਨੂੰ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਅਤੇ ਜੰਮੂ-ਕਸ਼ਮੀਰ ਤੋਂ ਧਾਰਾ 370 ਅਤੇ 35 ਏ ਜਿਹੇ ਸੰਭਾਵਿਤ ਮੁੱਦਿਆਂ ਨੂੰ ਤਾਂ ਮਨੋਰਥ ਪੱਤਰ ‘ਚ ਥਾਂ ਦਿੱਤੀ ਹੀ ਇਸ ਤੋਂ ਇਲਾਵਾ ਕਿਸਾਨਾਂ, ਮੱਧ ਵਰਗ ਅਤੇ ਵਪਾਰੀਆਂ ਲਈ ਵੀ ਲੁਭਾਵਣੇ ਵਾਅਦੇ ਕੀਤੇ ਹਨ। ਇਸ ਦੇ ਨਾਲ ਹੀ ਤਿੰਨ ਤਲਾਕ ਦੇ ਮੁੱਦੇ ਨੂੰ ਭਾਜਪਾ ਨੇ ਮਨੋਰਥ ਪੱਤਰ ‘ਚ ਥਾਂ ਦਿੱਤੀ ਹੈ। 45 ਪੇਜਾਂ ਦੇ ਇਸ ਮਨੋਰਥ ਪੱਤਰ ਦੇ ਕਵਰ ‘ਤੇ ਵੀ ਇਕ ਵਾਰ ‘ਮੋਦੀ ਲਹਿਰ’ ਦੇ ਸਿਰ ‘ਤੇ ਚੋਣ ਮੈਦਾਨ ‘ਚ ਜਾਣ ਦਾ ਸਪੱਸ਼ਟ ਸੰਦੇਸ਼ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਦੇ ਨਾਲ ‘ਸੰਕਲਪਿਤ ਭਾਰਤ ਸਸ਼ਕਤ ਭਾਰਤ’ ਦਾ ਨਾਅਰਾ ਦਿੱਤਾ ਹੈ, ਜਿਸ ਨੂੰ ਆਖ਼ਰੀ ਸਫ਼ੇ ‘ਤੇ ਇਸ ਸੰਦੇਸ਼ ਨਾਲ ਮੁੜ ਵੀ ਦੁਹਰਾਇਆ ਕਿ ਇਹ ਦੇਸ਼ ਨਾ ਰੁਕੇਗਾ, ਨਾ ਝੁਕੇਗਾ, ਨਾ ਥੱਕੇਗਾ। ਭਾਜਪਾ ਦੇ ‘ਸੰਕਲਪ ਪੱਤਰ’ ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ 12 ਮੈਂਬਰੀ ਕਮੇਟੀ ਵਲੋਂ ਤਿਆਰ ਕੀਤਾ ਗਿਆ ਹੈ।
ਭਾਜਪਾ ਦੇ ਸੰਕਲਪ ਪੱਤਰ ‘ਚ 12 ਅਹਿਮ ਮੁੱਦੇ ਸ਼ਾਮਿਲ ਕੀਤੇ ਗਏ ਹਨ, ਜਿਸ ਦੀ ਸ਼ੁਰੂਆਤ ਹੀ ‘ਰਾਸ਼ਟਰ ਸਰਵਪ੍ਰਥਮ’ ਭਾਵ ਦੇਸ਼ ਸਭ ਤੋਂ ਪਹਿਲਾਂ ਸ਼ਾਮਿਲ ਕੀਤਾ ਗਿਆ ਹੈ, ਜਿਸ ‘ਚ ਹਾਲ ‘ਚ ਕੀਤੀ ਗਈ ਸਰਜੀਕਲ ਸਟਰਾਈਕ ਅਤੇ ਹਵਾਈ ਹਮਲੇ ਦਾ ਵਿਸ਼ੇਸ਼ ਤੌਰ ‘ਤੇ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਅੱਤਵਾਦ ਦੇ ਖ਼ਿਲਾਫ਼ ਸਰਕਾਰ ਦੀ ‘ਜ਼ੀਰੋ ਟੋਲਰੈਂਸ’ ‘ਬਿਲਕੁਲ ਵੀ ਬਰਦਾਸ਼ਤ ਨਾ ਕੀਤੇ ਜਾਣ ਦੀ’ ਨੀਤੀ ਹੋਵੇਗੀ। ਆਧੁਨਿਕ ਹਥਿਆਰਾਂ ਦੀ ਖਰੀਦ ਤੇਜ਼ ਕੀਤੀ ਜਾਵੇਗੀ ਅਤੇ ਸੁਰੱਖਿਆ ਬਲਾਂ ਨੂੰ ਅੱਤਵਾਦ ਨਾਲ ਨਜਿੱਠਣ ਲਈ ਖੁੱਲ੍ਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਫੌਜੀਆਂ ਦੇ ਸੇਵਾ-ਮੁਕਤ ਹੋਣ ਤੋਂ ਤਿੰਨ ਸਾਲ ਪਹਿਲਾਂ ਤੋਂ ਹੀ ਮੁੜ ਰੁਜ਼ਗਾਰ ਸਥਾਪਤ ਕਰਨ ਲਈ ਵਿੱਤੀ ਮਦਦ ਦੇਣ, ਪੁਲਿਸ ਦਲਾਂ ਦਾ ਆਧੁਨਿਕੀਕਰਨ, ਘੁਸਪੈਠੀਆਂ ਦੀ ਸਮੱਸਿਆ ਦਾ ਹੱਲ ਅਤੇ ਖੱਬੇ ਪੱਖੀ ਅੱਤਵਾਦ ਦਾ ਮੁਕਾਬਲਾ ਕਰਨ ਦਾ ਵਾਅਦਾ ਕੀਤਾ ਗਿਆ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਤੋਂ ਵਿਵਾਦਿਤ ਧਾਰਾ 370 ਅਤੇ 35 ਏ ਹਟਾਉਣ ਅਤੇ ਨਾਗਰਿਕਤਾ ਤਰਮੀਮੀ ਬਿੱਲ ਲਿਆਉਣ ਦਾ ਵਾਅਦਾ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਭਾਜਪਾ ਵਲੋਂ ਲਿਆਂਦੇ ਨਾਗਰਿਕਤਾ ਤਰਮੀਮੀ ਬਿੱਲ ਲੋਕ ਸਭਾ ‘ਚ ਤਾਂ ਪਾਸ ਹੋ ਗਿਆ ਸੀ ਪਰ ਰਾਜ ਸਭਾ ‘ਚ ਲਟਕ ਗਿਆ ਸੀ।
ਕਿਸਾਨਾਂ ਨੂੰ ਮਨੋਰਥ ਪੱਤਰ ‘ਚ ਦੂਜੀ ਥਾਂ ਦਿੰਦਿਆਂ ਭਾਜਪਾ ਨੇ 2022 ਤੱਕ ਉਨ੍ਹਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦੇ ਤੋਂ ਇਲਾਵਾ 60 ਸਾਲ ਦੀ ਉਮਰ ਤੋਂ ਬਾਅਦ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ ਦਾ ਐਲਾਨ ਵੀ ਕੀਤਾ। ਹਾਲਾਂਕਿ ਪੈਨਸ਼ਨ ਦੀ ਰਕਮ ਬਾਰੇ ਕੁਝ ਐਲਾਨ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਫਰਵਰੀ ‘ਚ ਭਾਜਪਾ ਵਲੋਂ ਪੇਸ਼ ਕੀਤੇ ਅੰਤਰਿਮ ਬਜਟ ‘ਚ 2 ਹੈਕਟੇਅਰ ਰਕਬੇ ਵਾਲੇ ਕਿਸਾਨਾਂ ਲਈ 6 ਹਜ਼ਾਰ ਰੁਪਏ ਸਾਲਾਨਾ ਦੇਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਦੇਸ਼ ਦੇ 20 ਫੀਸਦੀ ਗਰੀਬਾਂ ਲਈ ‘ਨਿਆਏ’ ਯੋਜਨਾ ਲਿਆਉਣ ਦਾ ਐਲਾਨ ਕੀਤਾ ਗਿਆ। ਆਪਸੀ ਐਲਾਨਾਂ ਦੀ ਇਸ ਕਵਾਇਦ ‘ਚ ਭਾਜਪਾ ਨੇ ਹੁਣ ਪੈਨਸ਼ਨ ਦਾ ਐਲਾਨ ਕੀਤਾ ਹੈ। ਭਾਜਪਾ ਨੇ ਛੋਟੀ ਮਿਆਦ ਵਾਲੇ 1 ਲੱਖ ਰੁਪਏ ਤੱਕ ਦੇ ਖੇਤੀਬਾੜੀ ਕਰਜ਼ੇ 5 ਸਾਲ ਲਈ ਬਿਨਾਂ ਵਿਆਜ ਤੋਂ ਦੇਣ ਦਾ ਐਲਾਨ ਕੀਤਾ ਹੈ ਅਤੇ ਪੇਂਡੂ ਇਲਾਕਿਆਂ ਵਿਚ ਪੰਜ ਸਾਲ ਵਿਚ 25 ਲੱਖ ਕਰੋੜ ਰੁਪਏ ਖਰਚੇ ਜਾਣਗੇ।
ਮੱਧ ਵਰਗ ਜਿਸ ਲਈ ਭਾਜਪਾ ਨੇ ਆਪਣੇ ਆਖ਼ਰੀ ਅਤੇ ਅੰਤਰਿਮ ਬਜਟ ‘ਚ ਟੈਕਸ ਛੋਟ ਦੀ ਹੱਦ 5 ਲੱਖ ਰੁਪਏ ਤੱਕ ਕਰਨ ਦਾ ਵਾਅਦਾ ਕੀਤਾ ਸੀ,ਨੂੰ ਹੋਰ ਰਾਹਤਾਂ ਦੇਣ ਦਾ ਵੀ ਵਾਅਦਾ ਕੀਤਾ ਹੈ। ਇਥੇ ਜ਼ਿਕਰਯੋਗ ਹੈ ਕਿ ਭਾਜਪਾ ਨੇ ਆਪਣੇ ਸਾਸ਼ਨ ਦੇ ਪਹਿਲੇ 4 ਸਾਲਾਂ ‘ਚ ਟੈਕਸ ਦਰਾਂ ਨੂੰ ਨਹੀਂ ਘਟਾਇਆ ਸੀ। ਅੰਤਰਿਮ ਬਜਟ ‘ਚ ਹੀ ਐਲਾਨੀਆਂ ਗਈਆਂ ਛੋਟਾਂ ਨੂੰ ਲਾਗੂ ਕਰਨ ‘ਚ ਸਰਕਾਰੀ ਖਜ਼ਾਨੇ ‘ਤੇ 18 ਹਜ਼ਾਰ ਕਰੋੜ ਰੁਪਏ ਦਾ ਵਾਧੂ ਭਾਰ ਪਏਗਾ। ਰਾਮ ਮੰਦਰ ‘ਤੇ ਆਪਣਾ ਰੁਖ਼ ਮੁੜ ਦੁਹਰਾਉਂਦਿਆਂ ਭਾਜਪਾ ਨੇ ਮਨੋਰਥ ਪੱਤਰ ‘ਚ ਕਿਹਾ ਕਿ ਮੰਦਰ ਦੀ ਉਸਾਰੀ ਲਈ ਸੰਵਿਧਾਨ ਦੇ ਦਾਇਰੇ ਹੇਠ ਸਾਰੀਆਂ ਸੰਭਾਵਨਾਵਾਂ ਨੂੰ ਤਲਾਸ਼ਿਆ ਜਾਏਗਾ। ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਵਾਉਣ ਦੇ ਪਾਰਟੀ ਦੇ ਵਿਚਾਰ ਨੂੰ ਵੀ ਆਪਣੇ ਮਨੋਰਥ ਪੱਤਰ ‘ਚ ਵਿਸ਼ੇਸ਼ ਥਾਂ ਦਿੰਦਿਆਂ ਭਾਜਪਾ ਨੇ ਕਿਹਾ ਕਿ ਉਹ ਇਸ ਮੁੱਦੇ ‘ਤੇ ਬਾਕੀ ਪਾਰਟੀਆਂ ਨਾਲ ਗੱਲਬਾਤ ਦੀ ਕੋਸ਼ਿਸ਼ ਜਾਰੀ ਰੱਖੇਗੀ।
ਭਾਜਪਾ ਨੇ ਸੰਕਲਪ ਪੱਤਰ ‘ਚ ਸਮਾਨ ਨਾਗਰਿਕ ਸੰਹਿਤਾ, 2022 ਤੱਕ ਹਰ ਇਕ ਨੂੰ ਪੱਕਾ ਘਰ, 2024 ਤੱਕ ਬੁਨਿਆਦੀ ਢਾਂਚੇ ‘ਚ 1100 ਲੱਖ ਕਰੋੜ ਰੁਪਏ ਦਾ ਨਿਵੇਸ਼, ਖੁਦਰਾ ਖ਼ੇਤਰ ਲਈ ਰਾਸ਼ਟਰੀ ਨੀਤੀ ਅਤੇ 2025 ਤੱਕ 50 ਖਰਬ ਡਾਲਰ ਅਤੇ ਸਾਲ 2032 ਤੱਕ 100 ਖਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਵੀ ਵਾਅਦਾ ਕੀਤਾ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *