ਟੇਰੇਜ਼ਾ ਮੇਅ ਵੱਲੋਂ ਜੱਲ੍ਹਿਆਂਵਾਲਾ ਬਾਗ਼ ਦੁਖਾਂਤ ‘ਇੱਕ ਸ਼ਰਮਨਾਕ ਧੱਬਾ’ ਕਰਾਰ


ਲੰਡਨ/ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਜੱਲ੍ਹਿਆਂਵਾਲਾ ਬਾਗ ਦੇ ਦੁਖਾਂਤ ਨੂੰ ਬਰਤਾਨਵੀ-ਭਾਰਤੀ ਇਤਿਹਾਸ ਵਿੱਚ ਸ਼ਰਮਨਾਕ ਧੱਬਾ ਕਰਾਰ ਦਿੱਤਾ ਹੈ ਪਰ ਉਨ੍ਹਾਂ ਬਰਤਾਨਵੀ ਸੰਸਦ ਵਿੱਚ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ ਲੈ ਕੇ ਰਸਮੀ ਮੁਆਫ਼ੀ ਮੰਗਣ ਦੀ ਉੱਠੀ ਮੰਗ ਤੋਂ ਟਾਲਾ ਵੱਟ ਲਿਆ। ਬਰਤਾਨਵੀ ਸੰਸਦ ਦੇ ਪ੍ਰਤੀਨਿਧ ਸਦਨ ਵਿੱਚ ਪ੍ਰਧਾਨ ਮੰਤਰੀ ਦੇ ਹਫ਼ਤਾਵਾਰੀ ਪ੍ਰਸ਼ਨਾਂ ਦੀ ਸ਼ੁਰੂਆਤ ਮੌਕੇ ਜੱਲ੍ਹਿਆਂਵਾਲਾ ਬਾਗ ਦੇ ਦੁਖਾਂਤ ਦੀ 100ਵੀਂ ਵਰ੍ਹੇਗੰਢ ਮਨਾਉਣ ਮੌਕੇ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਇਹ ਬਿਆਨ ਜਾਰੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਜੱਲ੍ਹਿਆਂਵਾਲੇ ਬਾਗ ਦਾ ਦੁਖਾਂਤ 1919 ਵਿੱਚ ਵਿਸਾਖੀ ਵਾਲੇ ਦਿਨ ਵਾਪਰਿਆ ਸੀ, ਜਦੋਂ ਬਰਤਾਨਵੀ ਭਾਰਤੀ ਫੌਜਾਂ ਨੇ ਕਰਨਲ ਰੈਜੀਨਾਲਡ ਡਾਇਰ ਦੇ ਹੁਕਮਾਂ ਉੱਤੇ ਜੱਲ੍ਹਿਆਂਵਾਲਾ ਬਾਗ ਵਿੱਚ ਆਜ਼ਾਦੀ ਦੇ ਹੱਕ ਵਿੱਚ ਸ਼ਾਂਤਮਈ ਜਲਸਾ ਕਰਦੇ ਨਿਹੱਥੇ ਲੋਕਾਂ ਉੱਤੇ ਗੋਲੀ ਚਲਾਉਣ ਦੇ ਹੁਕਮ ਦੇ ਦਿੱਤੇ ਸਨ। ਬਰਤਾਨਵੀ ਸਰਕਾਰ ਦੇ ਰਿਕਾਰਡ ਅਨੁਸਾਰ ਪੁਰਸ਼ਾਂ, ਔਰਤਾਂ ਅਤੇ ਬੱਚਿਆਂ ਸਮੇਤ 379 ਲੋਕ ਮਾਰੇ ਗਏ ਸਨ ਅਤੇ 1200 ਦੇ ਕਰੀਬ ਜ਼ਖ਼ਮੀ ਹੋਏ ਸਨ।
ਵਿਰੋਧੀ ਧਿਰ ਲੇਬਰ ਪਾਰਟੀ ਦੇ ਆਗੂ ਜੈਰੇਮੀ ਕੌਰਬਿਨ ਵੱਲੋਂ ਸੰਸਦ ਵਿੱਚ ਜੱਲ੍ਹਿਆਂਵਾਲੇ ਬਾਗ ਦੇ ਦੁਖਾਂਤ ‘ਚ ਮਾਰੇ ਗਏ ਲੋਕਾਂ ਤੋਂ ਸਪੱਸ਼ਟ ਤੌਰ ਉੱਤੇ ਮੁਆਫ਼ੀ ਮੰਗਣ ਦੀ ਮੰਗ, ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ 1919 ਵਿੱਚ ਜੱਲ੍ਹਿਆਂਵਾਲਾ ਬਾਗ ਵਿੱਚ ਵਾਪਰਿਆ ਦੁਖਾਂਤ ਬ੍ਰਿਟਿਸ਼ ਭਾਰਤੀ ਇਤਿਹਾਸ ਵਿੱਚ ਇੱਕ ਸ਼ਰਮਨਾਕ ਧੱਬਾ ਹੈ। ਉਨ੍ਹਾਂ ਆਪਣੇ ਬਿਆਨ ਵਿੱਚ ਕਿਹਾ ਕਿ ਇਸ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਮਹਾਰਾਣੀ ਐਲਿਜ਼ਾਬੈੱਥ ਦੋਇਮ ਵੀ 1997 ਵਿੱਚ ਜੱਲ੍ਹਿਆਂਵਾਲਾ ਬਾਗ ਦੀ ਫੇਰੀ ਦੌਰਾਨ ਕਹਿ ਚੁੱਕੇ ਹਨ ਕਿ ਇਹ ਭਾਰਤ ਨਾਲ ਸਾਡੇ ਪੁਰਾਤਨ ਇਤਿਹਾਸ ਦੀ ਇੱਕ ਦੁੱਖਦਾਈ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦੇ ਵਾਪਰਨ ਅਤੇ ਇਸ ਨਾਲ ਪੁੱਜੇ ਦੁੱਖ ਉੱਤ ਬੇਹੱਦ ਅਫਸੋਸ ਹੈ। ‘ਮੈਨੂੰ ਇਸ ਗੱਲ ਦੀ ਤਸੱਲੀ ਵੀ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧ ਖੁਸ਼ਹਾਲ, ਸੁਰੱਖਿਅਤ ਅਤੇ ਟਿਕਾਊ ਹਨ। ਭਾਰਤੀ ਭਾਈਚਾਰਾ ਬ੍ਰਿਟਿਸ਼ ਸਮਾਜ ਵਿੱਚ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ। ਮੈਨੂੰ ਯਕੀਨ ਹੈ ਕਿ ਸਮੁੱਚਾ ਸਦਨ ਭਾਰਤ ਦੇ ਨਾਲ ਬਰਤਾਨੀਆ ਦੇ ਸਬੰਧਾਂ ਨੂੰ ਹੋਰ ਪ੍ਰਫੁਲਿਤ ਹੁੰਦਿਆਂ ਦੇਖਣਾ ਚਾਹੁੰਦਾ ਹੈ।’
ਮੇਅ ਦਾ ਬਿਆਨ ਬਰਤਾਨਵੀ ਸੰਸਦ ਵਿੱਚ ਜੱਲ੍ਹਿਆਂਵਾਲੇ ਬਾਗ ਦੇ ਸਾਕੇ ਨੂੰ ਲੈ ਕੇ ਮੁਆਫ਼ੀ ਮੰਗਣ ਲਈ ਮੰਗਲਵਾਰ ਨੂੰ ਦਿਨ ਭਰ ਚੱਲੀ ਬਹਿਸ ਤੋਂ ਬਾਅਦ ਆਇਆ ਹੈ। ਇਸ ਦੌਰਾਨ ਵਿਦੇਸ਼ ਮਾਮਲਿਆਂ ਦੇ ਮੰਤਰੀ ਮਾਰਕ ਫੀਲਡ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਉਹ ਸੰਸਦ ਮੈਂਬਰਾਂ ਵੱਲੋਂ ਉਠਾਏ ਇਸ ਮੁੱਦੇ ਉੱਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਮੁੱਦੇ ਉੱਤੇ ਅੱਗੇ ਵਧਣ ਦੀ ਲੋੜ ਹੈ। ਉਹ ਕੋਈ ਵਾਅਦਾ ਨਹੀਂ ਕਰ ਸਕਦੇ ਪਰ ਅਤੇ ਰਸਮੀ ਮੁਆਫ਼ੀ ਦੀ ਭਵਿੱਖ ਵਿੱਚ ਕੁੱਝ ਉਮੀਦ ਰੱਖੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਲੇਬਰ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਵੀ ਬਹਿਸ ਦੌਰਾਨ ਕਿਹਾ ਕਿ ਇਹ ਮੁਆਫੀ ਮੰਗਣ ਦਾ ਢੁੱਕਵਾਂ ਸਮਾਂ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *