ਦੱਖਣੀ ਕੋਰੀਆ ਅਜ਼ਲਾਨ ਸ਼ਾਹ ਚੈਂਪੀਅਨ ਬਣਿਆ


ਫਾਈਨਲ ਮੁਕਾਬਲੇ ‘ਚ ਭਾਰਤ ਨੂੰ 4-2 ਗੋਲਾਂਨਾਲ ਹਰਾਇਆ
ਇਪੋਹ, (ਮਲੇਸ਼ੀਆ)/ਦੱਖਣੀ ਕੋਰੀਆ ਟੀਮ ਨੇ ਇੱਥੇ ਭਾਰਤ ਨੂੰ ਪੈਨਲਟੀ ਸ਼ੂਟ ਆਊਟ ਵਿੱਚ 4-2 ਗੋਲਾਂ ਨਾਲ ਹਰਾ ਕੇ 28ਵਾਂ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਹੇਠਲੇ ਦਰਜੇ ਦੀ ਟੀਮ ਕੋਰੀਆ ਨੇ ਪੰਜ ਵਾਰ ਦੀ ਚੈਂਪੀਅਨ ਭਾਰਤ ਨਾਲ 1-1 ਗੋਲ ਨਾਲ ਡਰਾਅ ਖੇਡਿਆ, ਜਿਸ ਮਗਰੋਂ ਪੈਨਲਟੀ ਸ਼ੂਟ ਆਊਟ ਦਾ ਸਹਾਰਾ ਲੈਣਾ ਪਿਆ। ਇਸ ਜਿੱਤ ਨਾਲ ਹੀ ਵਿਸ਼ਵ ਰੈਂਕਿੰਗਜ਼ ਵਿੱਚ 17ਵੇਂ ਸਥਾਨ ‘ਤੇ ਕਾਬਜ਼ ਕੋਰੀਆ ਨੇ ਭਾਰਤ ਦਾ ਛੇਵੀਂ ਵਾਰ ਖ਼ਿਤਾਬ ਜਿੱਤਣ ਦਾ ਸੁਪਨਾ ਤੋੜ ਦਿੱਤਾ ਹੈ।
ਵਿਸ਼ਵ ਰੈਂਕਿੰਗਜ਼ ਵਿੱਚ ਪੰਜਵੇਂ ਸਥਾਨ ‘ਤੇ ਕਾਬਜ਼ ਭਾਰਤੀ ਟੀਮ ਨੇ ਮੈਚ ਦੇ ਨੌਵੇਂ ਮਿੰਟ ਵਿੱਚ ਸਿਮਰਨਜੀਤ ਸਿੰਘ ਦੇ ਮੈਦਾਨੀ ਗੋਲ ਨਾਲ ਲੀਡ ਬਣਾ ਲਈ ਸੀ, ਪਰ ਚੌਥੇ ਕੁਆਰਟਰ (47ਵੇਂ ਮਿੰਟ) ਵਿੱਚ ਜਾਂਗ-ਜੋਂਗ ਹਿਊਨ ਨੇ ਪੈਨਲਟੀ ਸਟਰੋਕ ‘ਤੇ ਕੀਤੇ ਗੋਲ ਨਾਲ ਕੋਰੀਆ ਨੇ ਸਕੋਰ ਨੂੰ 1-1 ਨਾਲ ਬਰਾਬਰ ਕਰ ਲਿਆ। ਭਾਰਤ ਨੇ ਇਸ ਗੋਲ ਖ਼ਿਲਾਫ਼ ਵੀਡੀਓ ਰੈਫਰਲ ਮੰਗ ਲਿਆ, ਪਰ ਫ਼ੈਸਲਾ ਉਸ ਦੇ ਖ਼ਿਲਾਫ਼ ਗਿਆ।
ਆਖ਼ਰੀ ਸੀਟੀ ਵੱਜਣ ਤੋਂ ਦੋ ਮਿੰਟ ਪਹਿਲਾਂ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ, ਪਰ ਟੀਮ ਉਸ ਨੂੰ ਗੋਲ ਵਿੱਚ ਨਹੀਂ ਬਦਲ ਸਕੀ। ਤੈਅ ਸਮੇਂ ਵਿੱਚ ਸਕੋਰ 1-1 ਨਾਲ ਬਰਾਬਰ ਰਹਿਣ ਮਗਰੋਂ ਮੈਚ ਦਾ ਫ਼ੈਸਲਾ ਪੈਨਲਟੀ ਸ਼ੂਟ ਆਊਟ ਰਾਹੀਂ ਹੋਇਆ। ਇਸ ਵਿੱਚ ਕੋਰਿਆਈ ਟੀਮ ਨੇ ਭਾਰਤ ਨੂੰ 4-2 ਨਾਲ ਸ਼ਿਕਸਤ ਦੇ ਦਿੱਤੀ।
ਭਾਰਤ ਲਈ ਬੀਰੇਂਦਰ ਲਾਕੜਾ ਅਤੇ ਵਰੁਣ ਕੁਮਾਰ ਹੀ ਸ਼ੂਟ ਆਊਟ ਵਿੱਚ ਗੋਲ ਕਰ ਸਕੇ, ਜਦਕਿ ਮਨਦੀਪ ਸਿੰਘ, ਸੁਮੀਤ ਕੁਮਾਰ ਜੂਨੀਅਰ ਅਤੇ ਸੁਮੀਤ ਗੋਲ ਕਰਨ ਤੋਂ ਖੁੰਝ ਗਏ। ਸ਼ੂਟ ਆਊਟ ਵਿੱਚ ਅਨੁਭਵੀ ਪੀਆਰ ਸ੍ਰੀਜੇਸ਼ ਦੀ ਥਾਂ ਨੌਜਵਾਨ ਕ੍ਰਿਸ਼ਨ ਬੀ ਪਾਠਕ ਗੋਲਕੀਪਰ ਦੀ ਭੂਮਿਕਾ ਵਿੱਚ ਸੀ। ਤੀਜੇ ਸਥਾਨ ਲਈ ਹੋਏ ਮੁਕਾਬਲੇ ਵਿੱਚ ਮੇਜ਼ਬਾਨ ਮਲੇਸ਼ੀਆ ਨੇ ਕੈਨੇਡਾ ਨੂੰ 4-2 ਗੋਲਾਂ ਨਾਲ ਹਰਾਇਆ।
ਭਾਰਤ ਨੂੰ ਆਪਣੀ ਡਿਫੈਂਸ ਦੀ ਕਮਜ਼ੋਰੀ ਦਾ ਖ਼ਮਿਆਜ਼ਾ ਇੱਕ ਵਾਰ ਫਿਰ ਹਾਰ ਨਾਲ ਭੁਗਤਣਾ ਪਿਆ। ਭਾਰਤ ਨੇ ਚਾਰ ਜਿੱਤਾਂ ਅਤੇ ਇੱਕ ਡਰਾਅ ਖੇਡ ਕੇ ਅੰਕ ਸੂਚੀ ਵਿੱਚ ਚੋਟੀ ਦਾ ਸਥਾਨ ਬਣਾਇਆ ਸੀ, ਜਦੋਂਕਿ ਕੋਰੀਆ ਦੂਜੇ ਸਥਾਨ ‘ਤੇ ਸੀ। ਜਾਪਾਨਾ ਨੂੰ ਹਰਾਉਣ ਮਗਰੋਂ ਭਾਰਤ ਨੇ ਇਸ ਟੂਰਨਾਮੈਂਟ ਦਾ ਦੂਜਾ ਮੈਚ ਕੋਰੀਆ ਨਾਲ ਹੀ ਡਰਾਅ ਖੇਡਿਆ ਸੀ। ਇਸ ਮਗਰੋਂ ਲਗਾਤਾਰ ਤਿੰਨ ਜਿੱਤਾਂ ਦਰਜ ਕਰਕੇ ਫਾਈਨਲ ਵਿੱਚ ਥਾਂ ਬਣਾਈ ਸੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *