ਬਰੈਂਪਟਨ ‘ਚ ਸਕੂਲਾਂ ਦੇ ਨਾਂ ਬੁੱਕਮ ਸਿੰਘ ਅਤੇ ਮਲਾਲਾ ਦੇ ਨਾਂ ‘ਤੇ ਹੋਣਗੇ


ਟੋਰਾਂਟੋ/ਬਰੈਂਪਟਨ ਵਿਚ ਦੋ ਨਵੇਂ ਸਕੂਲਾਂ ਦੇ ਨਾਂ ਕੈਨੇਡਾ ਆਰਮੀ ਵਿਚ ਪਹਿਲੇ ਸਿੱਖ ਫ਼ੌਜੀ ਬੁੱਕਮ ਸਿੰਘ ਅਤੇ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਪਾਕਿਸਤਾਨੀ ਮਲਾਲਾ ਯੂਸਫ਼ਜ਼ਈ ਦੇ ਨਾਂ ‘ਤੇ ਰੱਖੇ ਜਾਣਗੇ। ਬੀਤੇ ਦਿਨ ਪੀਲ ਜ਼ਿਲ੍ਹੇ ਦੇ ਸਕੂਲ ਬੋਰਡ ਨੇ ਆਪਣੇ ਇਤਿਹਾਸਕ ਫ਼ੈਸਲੇ ਵਿਚ ਇਨ੍ਹਾਂ ਦੋ ਮਹਾਨ ਸ਼ਖ਼ਸੀਅਤਾਂ ਦੇ ਸਨਮਾਨ ਵਜੋਂ ਇਹ ਐਲਾਨ ਕੀਤਾ ਹੈ।
ਸਿੱਖ ਫ਼ੌਜੀ ਬੁੱਕਮ ਸਿੰਘ ਪਹਿਲੀ ਸੰਸਾਰ ਜੰਗ ਵਿਚ ਲੜਿਆ ਪਰ ਉਸ ਦੇ ਯੋਗਦਾਨ ਬਾਰੇ ਲੋਕਾਂ ਨੂੰ ਇਕ ਸਦੀ ਬਾਅਦ ਪਤਾ ਲੱਗਾ ਜਦੋਂਕਿ ਮਲਾਲਾ ਦਾ ਨਾਂ 2012 ਵਿਚ ਤਾਲਿਬਾਨ ਦੇ ਜਾਨਲੇਵਾ ਹਮਲੇ ਵਿਚੋਂ ਬਚ ਨਿਕਲਣ ਤੋਂ ਬਾਅਦ ਦੁਨੀਆਂ ਭਰ ਵਿਚ ਮਸ਼ਹੂਰ ਹੋਇਆ। ਬੁੱਕਮ ਸਿੰਘ 1907 ਵਿਚ ਕੈਨੇਡਾ ਆਇਆ ਅਤੇ 20ਵੀਂ ਕੈਨੇਡੀਅਨ ਇਨਫੈਨਟਰੀ ਬਟਾਲੀਅਨ ਵਿਚ ਭਰਤੀ ਹੋਇਆ। ਉਸਨੇ ਫਰਾਂਸ ਅਤੇ ਬੈਲਜੀਅਮ ਦੇ ਯੁੱਧ ਵਿਚ ਹਿੱਸਾ ਲਿਆ। ਸੂਤਰਾਂ ਮੁਤਾਬਕ ਉਹ ਵੱਖ ਵੱਖ ਜੰਗਾਂ ਵਿਚ ਦੋ ਵਾਰ ਜ਼ਖ਼ਮੀ ਹੋਇਆ ਪਰ ਟੀਬੀ ਦੀ ਬਿਮਾਰੀ ਕਾਰਨ 27 ਅਗਸਤ, 1919 ਵਿਚ ਓਂਟਾਰੀਓ ਦੇ ਕਿਚਨਰ ਸ਼ਹਿਰ ਵਿਚ ਉਸ ਦੀ ਮੌਤ ਹੋ ਗਈ। ਉੱਥੇ ਉਸ ਦੀ ਸਮਾਧ ‘ਤੇ ਹਰ ਸਾਲ ਫ਼ੌਜੀ ਰਸਮਾਂ ਨਾਲ ਜਨਤਕ ਸ਼ਰਧਾਂਜਲੀ ਦਿੱਤੀ ਜਾਂਦੀ ਹੈ।
15 ਸਾਲ ਦੀ ਉਮਰ ਵਿਚ ਤਾਲਿਬਾਨੀ ਹਮਲੇ ਤੋਂ ਬਚ ਨਿਕਲੀ ਮਲਾਲਾ ਨੂੰ 2017 ਵਿਚ ਕੈਨੇਡਾ ਦੀ ਆਨਰੇਰੀ ਨਾਗਰਿਕਤਾ ਪ੍ਰਦਾਨ ਕੀਤੀ ਗਈ ਸੀ। ਉਹ ਉਦੋਂ ਤੋਂ ਹੀ ਕੁੜੀਆਂ ਦੀ ਵਿੱਦਿਆ ਅਤੇ ਹੱਕਾਂ ਦੀ ਅਹਿਮੀਅਤ ਦੀ ਵਕਾਲਤ ਕਰਦੀ ਆ ਰਹੀ ਹੈ। ਬਰੈਂਪਟਨ ਦੇ ਵਾਰਡ 9-10 ਤੋਂ ਸਕੂਲ ਟਰੱਸਟੀ ਬਲਬੀਰ ਸੋਹੀ ਨੇ ਸਕੂਲ ਬੋਰਡ ਦੇ ਇਸ ਐਲਾਨ ‘ਤੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਅੱਜ ਸਮੁੱਚੇ ਪੰਜਾਬੀ ਭਾਈਚਾਰੇ ਦੇ ਨਾਲ- ਨਾਲ ਖ਼ੁਦ ਵੀ ਫ਼ਖ਼ਰ ਮਹਿਸੂਸ ਕਰ ਰਹੇ ਹਨ। ਬੁੱਕਮ ਸਿੰਘ ਪਬਲਿਕ ਸਕੂਲ ‘ਵੇਲਜ਼ ਆਫ ਹੰਬਰ’ ਇਲਾਕੇ ਵਿਚ ਅਤੇ ਮਲਾਲਾ ਯੂਸਫ਼ਜ਼ਈ ਪਬਲਿਕ ਸਕੂਲ ‘ਕੁਈਨ ਮੈਰੀ ਡਰਾਈਵ’ ਵਿਚ ਬਣਾਏ ਜਾਣਗੇ। ਇਸ ਤੋਂ ਪਹਿਲਾਂ ਇੱਥੋਂ ਨੇੜਲੇ ਸ਼ਹਿਰ ਮਿਲਟਨ ਵਿਚ ਪੰਜਾਬੀ ਪਹਿਲਵਾਨ ਟਾਈਗਰ ਜੀਤ ਸਿੰਘ ਦੇ ਨਾਂ ‘ਤੇ ਵੀ ਪਬਲਿਕ ਸਕੂਲ ਚੱਲ ਰਿਹਾ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *