ਮੋਦੀ ਨੇ ਗਰੀਬੀ ਲਈ ਨਹਿਰੂ-ਗਾਂਧੀ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ


ਕਿਹਾ ਕਿ  ਗ਼ਰੀਬੀ ‘ਤੇ ਚਾਰ ਪੀੜ੍ਹੀਆਂ ਨੇ ਇਕੋ ਜਿਹੇ ਵਾਅਦੇ ਕੀਤੇ ਪਰ ਹੋਇਆ ਕੁਝ ਨਹੀਂ
ਨਵੀਂ ਦਿੱਲੀ/ਕਾਂਗਰਸ ਦੇ ਘੱਟੋ-ਘੱਟ ਆਮਦਨ ਵਾਲੇ ਚੋਣ ਵਾਅਦੇ ‘ਤੇ ਸਿੱਧੇ ਤੌਰ ‘ਤੇ ਹਮਲਾ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀਆਂ ਚਾਰ ਪੀੜ੍ਹੀਆਂ ਨੇ ਗਰੀਬੀ ‘ਤੇ ਇਕੋ ਜਿਹੇ ਵਾਅਦੇ ਕੀਤੇ ਪਰ ਕੁਝ ਨਹੀਂ ਹੋਇਆ | ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਗਰੀਬੀ ਨੂੰ ਖ਼ਤਮ ਕਰਨ ‘ਤੇ ਜ਼ੋਰ ਦੇਣ ਵਾਲਿਆਂ ਦੀ ਪੁਰਾਣੀ ਕਾਰਗੁਜ਼ਾਰੀ (ਟ੍ਰੈਕ ਰਿਕਾਰਡ) ਵੇਖਣੀ ਚਾਹੀਦੀ ਹੈ | ਮੋਦੀ ਨੇ ਗਰੀਬੀ ਲਈ ਨਹਿਰੂ-ਗਾਂਧੀ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਨ੍ਹਾਂ ਦੀਆਂ 4 ਪੀੜ੍ਹੀਆਂ ਨੇ ਸ਼ਾਸਨ ਕੀਤਾ ਅਤੇ ਦੇਸ਼ ‘ਚ ਗਰੀਬੀ ਵਧਦੀ ਚਲੀ ਗਈ | ਮੋਦੀ ਨੇ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਨੇ ਗਰੀਬੀ ਨੂੰ ਦੂਰ ਕਰਨ ਦਾ ਵਾਅਦਾ ਕੀਤਾ ਅਤੇ ਗਰੀਬੀ ਵਧਾਉਂਦੇ ਗਏ | ਫਿਰ ਉਨ੍ਹਾਂ ਦੀ ਬੇਟੀ ਆਈ ਅਤੇ ਗਰੀਬੀ ਮਿਟਾਉਣ ਦਾ ਨਾਅਰਾ ਦੇ ਕੇ ਗਰੀਬੀ ਵਧਾਈ | ਫਿਰ ਬੇਟੀ ਦੇ ਪੁੱਤਰ ਨੇ ਅਜਿਹਾ ਕੀਤਾ ਅਤੇ ਫਿਰ ਉਸ ਬੇਟੇ ਦੀ ਪਤਨੀ ਨੇ 10 ਸਾਲ ਰਿਮੋਟ ਕੰਟਰੋਲ ਸਰਕਾਰ ਚਲਾ ਕੇ ਗਰੀਬੀ ਵਧਾਈ | ਮੋਦੀ ਨੇ ਕਿਹਾ ਕਿ ਹੁਣ ਸ਼ਹਿਜ਼ਾਦੇ ਦੀ ਵਾਰੀ ਹੈ ਅਤੇ ਹੁਣ ਉਹ ਗਰੀਬੀ ਮਿਟਾਉਣ ਦੀ ਗੱਲ ਕਰ ਰਿਹਾ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਅਜਿਹੇ ਲੋਕਾਂ ਨਾਲ ਨਜਿੱਠਣਾ ਹੋਵੇਗਾ | ਇੱਥੇ ‘ਮੈਂ ਵੀ ਚੌਕੀਦਾਰ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ‘ਮਿਸ਼ਨ ਸ਼ਕਤੀ’ ਨੇ ਭਾਰਤ ਦੀ ‘ਐਂਟੀ-ਸੈਟੇਲਾਈਟ’ ਮਿਜ਼ਾਈਲ ਸਮਰੱਥਾ ਨੂੰ ਵਿਖਾਇਆ ਹੈ | ਮੋਦੀ ਨੇ ਕਿਹਾ ਕਿ ਜੇਕਰ ਅਮਰੀਕਾ, ਰੂਸ ਤੇ ਚੀਨ ‘ਐਂਟੀ-ਸੈਟੇਲਾਈਟ’ ਪ੍ਰੀਖ਼ਣ ਨੂੰ ਖੁੱਲ੍ਹੇਆਮ ਕਰ ਸਕਦੇ ਹਨ ਤਾਂ ਅਸੀਂ ਕਿਉਂ ਇਸ ਨੂੰ ਲੁਕ ਕੇ ਕਰੀਏ | ਦੇਸ਼ ਦੇ 500 ਸਥਾਨਾਂ ‘ਤੇ ਬੈਠੇ ਲੋਕਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਮੋਦੀ ਨੇ ਲੋਕਾਂ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਜਿੱਥੇ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਇਆ, ਉੱਥੇ ਗੁਆਂਢੀ ਦੇਸ਼ ਪਾਕਿਸਤਾਨ ‘ਤੇ ਵੀ ਤਿੱਖੇ ਹਮਲੇ ਕੀਤੇ | ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੁਝ ਲੋਕਾਂ ਦਾ ਜ਼ਿਆਦਾ ਬੌਧਿਕ ਵਿਕਾਸ ਨਹੀਂ ਹੁੰਦਾ ਇਸ ਲਈ ਉਹ ਜ਼ਿਆਦਾ ਸੋਚ ਨਹੀਂ ਸਕਦੇ ਅਤੇ ਉਹ ਇਹ ਹੀ ਸੋਚਦੇ ਹਨ ਕਿ ਚੌਕੀਦਾਰ ਦਾ ਮਤਲਬ ਸੀਟੀ, ਟੋਪੀ ਤੇ ਡੰਡੇ ਨਾਲ ਹੁੰਦਾ ਹੈ ਪਰ ਅਸਲ ‘ਚ ਚੌਕੀਦਾਰ ਹੋਣਾ ਇਕ ਭਾਵਨਾ ਹੈ, ਜੋ ਦੇਸ਼ ਦੇ ਹਰ ਵਿਅਕਤੀ ‘ਚ ਹੈ | ਉਨ੍ਹਾਂ ਕਿਹਾ ਕਿ ਜਨਤਾ ਮੇਰੇ ਨਾਲ ਹੈ ਅਤੇ ਮੈਨੂੰ ਪਤਾ ਹੈ ਕਿ ਦੇਸ਼ ਦੀ ਜਨਤਾ ਨੂੰ ਰਾਜੇ-ਮਹਾਰਾਜਿਆਂ ਦੀ ਜ਼ਰੂਰਤ ਨਹੀਂ ਹੈ, ਉਹ ਚੌਕੀਦਾਰ ਪਸੰਦ ਕਰਦੀ ਹੈ | ਬਾਲਾਕੋਟ ਹਮਲੇ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ‘ਬਾਲਾਕੋਟ ‘ਚ ਹਮਲਾ ਮੈਂ ਨਹੀਂ, ਬਲਕਿ ਦੇਸ਼ ਦੇ ਜਵਾਨਾਂ ਨੇ ਕੀਤਾ ਹੈ | ਸਾਡੇ ਸਾਰਿਆਂ ਵਲੋਂ ਮੈਂ ਉਨ੍ਹਾਂ ਨੂੰ ਸਲਿਊਟ ਕਰਦਾ ਹਾਂ | ਬਾਲਾਕੋਟ ਹਮਲੇ ‘ਤੇ ਮੋਦੀ ਨੇ ਕਿਹਾ ਕਿ ਮੈਂ ਇਹ ਫ਼ੈਸਲਾ ਇਸ ਲਈ ਕਰ ਸਕਿਆ, ਕਿਉਂਕਿ ਮੈਨੂੰ ਆਪਣੀ ਸੈਨਾ ‘ਤੇ ਭਰੋਸਾ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਬਾਲਾਕੋਟ ‘ਚ ਹਵਾਈ ਹਮਲਾ ਕਰਨ ਦਾ ਫ਼ੈਸਲਾ ਇਸ ਕਰਕੇ ਕੀਤਾ ਕਿ ਅੱਤਵਾਦ ਜਿੱਥੋਂ ਕੰਟਰੋਲ ਹੁੰਦਾ ਹੈ, ‘ਖੇਡ’ ਉੱਥੋਂ ਖੇਡਣੀ ਚਾਹੀਦੀ ਹੈ ਅਤੇ ਮੈਦਾਨ ਉਨ੍ਹਾਂ (ਅੱਤਵਾਦੀਆਂ) ਦਾ ਹੋਵੇ | ਮੋਦੀ ਨੇ ਕਿਹਾ ਕਿ ਪਾਕਿਸਤਾਨ ਬੜੀ ਮੁਸੀਬਤ ‘ਚ ਹੈ, ਕਿਉਂਕਿ ਜੇ ਉਹ ਕਹਿੰਦਾ ਹੈ ਕਿ ਬਾਲਾਕੋਟ ‘ਚ ਕੁਝ ਹੋਇਆ ਸੀ ਤਾਂ ਉਸ ਨੂੰ ਸਵੀਕਾਰ ਕਰਨਾ ਪਵੇਗਾ ਕਿ ਉੱਥੇ ਅੱਤਵਾਦੀਆਂ ਦਾ ਕੈਂਪ ਚਲਦਾ ਸੀ | ਮੋਦੀ ਨੇ ਕਿਹਾ ਕਿ ਉਹ ਲੋਕ ਕਹਿ ਰਹੇ ਹਨ ਕਿ ਕੋਈ ਅੱਤਵਾਦੀ ਕੈਂਪ ਨਹੀਂ ਸੀ | ਹੁਣ ਉਨ੍ਹਾਂ ਨੂੰ ਇਸ ਨੂੰ ਲੁਕਾਉਣਾ ਪੈ ਰਿਹਾ ਹੈ | ਉਹ ਹੁਣ ਕਿਸੇ ਨੂੰ ਉੱਥੇ ਜਾਣ ਨਹੀਂ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਜੋ ਲੋਕ ਬਾਲਾਕੋਟ ਹਵਾਈ ਹਮਲੇ ‘ਤੇ ਮੋਦੀ ਨੂੰ ਗਾਲਾਂ ਕੱਢ ਰਹੇ ਹਨ ਉਹ ਆਪਣੇ ਬਿਆਨਾਂ ਨਾਲ ਪਾਕਿਸਤਾਨ ਦੀ ਮਦਦ ਕਰ ਰਹੇ ਹਨ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *