ਪੰਜਾਬ ‘ਚ 10 ਲੱਖ ਨਵੇਂ ਵੋਟਰ ਕਰਨਗੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ


ਚੰਡੀਗੜ੍ਹ/ਪੰਜਾਬ ਵਿੱਚ 18 ਤੋਂ 19 ਸਾਲ ਦੇ ਗਭਰੂਆਂ ਦੀਆਂ ਵੋਟਾਂ ਬਣਾਉਣਾ ਚੋਣ ਕਮਿਸ਼ਨ ਲਈ ਵੀ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਸੂਬੇ ਦੀ ਕੁੱਲ ਵਸੋਂ ਦੇ ਹਿਸਾਬ ਨਾਲ 10 ਲੱਖ ਦੇ ਕਰੀਬ ਅਜਿਹੇ ਨੌਜਵਾਨ ਹਨ, ਜਿਨ੍ਹਾਂ ਦੀ ਉਮਰ 18 ਤੋਂ 19 ਸਾਲ ਦੇ ਕਰੀਬ ਹੈ। ਪੰਜਾਬ ਵਿੱਚ 20 ਤੋਂ 29 ਸਾਲ ਦੇ ਉਮਰ ਗਰੁੱਪ ਦੇ ਵੋਟਰਾਂ ਦੀ ਗਿਣਤੀ 45 ਲੱਖ 6 ਹਜ਼ਾਰ 226 ਹੈ। ਕਮਿਸ਼ਨ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਇਸ ਵਾਰ ਕਰੀਬ 10 ਲੱਖ ਵੋਟਰ ਅਜਿਹੇ ਹਨ, ਜਿਨ੍ਹਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਪਹਿਲੀ ਵਾਰੀ ਕਰਨੀ ਹੈ। ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਇਨ੍ਹਾਂ ਨੌਜਵਾਨਾਂ ਦੀਆਂ ਵੋਟਾਂ ਪਹਿਲੀ ਜਨਵਰੀ ਤੱਕ ਬਣਨੀਆਂ ਚਾਹੀਦੀਆਂ ਸਨ। ਆਗਾਮੀ ਸੰਸਦੀ ਚੋਣਾਂ ਲਈ ਕਮਿਸ਼ਨ ਵੱਲੋਂ ਜਿਹੜੀਆਂ ਵੋਟਰ ਸੂਚੀਆਂ ਜਾਰੀ ਕੀਤੀਆਂ ਗਈਆਂ ਹਨ, ਉਨ੍ਹਾਂ ਮੁਤਾਬਕ ਇਸ ਉਮਰ ਗਰੁੱਪ ਦੇ ਸਾਢੇ ਨੌਂ ਲੱਖ ਯੋਗ ਵਿਅਕਤੀਆਂ ਵਿੱਚੋਂ ਮਹਿਜ਼ 2 ਲੱਖ 55 ਹਜ਼ਾਰ 887 ਵੋਟਾਂ ਹੀ ਬਣੀਆਂ ਹਨ। ਇਸ ਤੋਂ ਸਪੱਸ਼ਟ ਹੈ ਕਿ ਪੰਜਾਬ ਦੇ ਸੱਤ ਲੱਖ ਨੌਜਵਾਨਾਂ ਦੀਆਂ ਵੋਟਾਂ ਨਹੀਂ ਬਣੀਆਂ। ਚੋਣ ਕਮਿਸ਼ਨ ਵੱਲੋਂ ਇਨ੍ਹਾਂ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਜਾਗਰੂਕਤਾ ਮੁਹਿੰਮ ਵੀ ਲਾਈ ਅਤੇ ਆਪਣੇ ਅਧਿਕਾਰੀਆਂ ਨੂੰ ਭੇਜਿਆ ਪਰ ਨੌਜਵਾਨਾਂ ਨੇ ਵੋਟਾਂ ਬਣਾਉਣ ਵਿੱਚ ਦਿਲਚਸਪੀ ਨਹੀਂ ਦਿਖਾਈ। ਰਾਜ ਦੇ ਮੁੱਖ ਚੋਣ ਅਧਿਕਾਰੀ ਡਾæ ਐੱਸ਼ ਕਰੁਣਾ ਰਾਜੂ ਦਾ ਕਹਿਣਾ ਹੈ ਕਿ ਨਵੇਂ ਵੋਟਰ ਸ਼ਾਮਲ ਕਰਨਾ ਕਮਿਸ਼ਨ ਦੇ ਏਜੰਡੇ ‘ਤੇ ਹੁੰਦਾ ਹੈ। ਪੰਜਾਬ ਦੇ ਨੌਜਵਾਨਾਂ ਦੀਆਂ ਵੋਟਾਂ ਦੇ ਰੁਝਾਨ ਵਿੱਚ ਦਿਲਚਸਪ ਤੱਥ ਇਹ ਵੀ ਸਾਹਮਣੇ ਆਇਆ ਹੈ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 18 ਤੋਂ 19 ਸਾਲ ਦੀ ਉਮਰ ਗਰੁੱਪ ਦੇ ਵੋਟਰਾਂ ਦੀ ਗਿਣਤੀ ਜ਼ਿਆਦਾ ਸੀ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਵਿਧਾਨ ਸਭਾ ਚੋਣਾਂ ਸਮੇਂ ਅਬਾਦੀ ਦੇ ਹਿਸਾਬ ਨਾਲ ਇਹੀ ਅੰਦਾਜ਼ਾ ਲਾਇਆ ਗਿਆ ਸੀ ਕਿ ਇਸ ਉਮਰ ਦੇ ਯੋਗ ਵਿਅਕਤੀਆਂ ਦੀ ਗਿਣਤੀ 9 ਲੱਖ 66 ਹਜ਼ਾਰ ਹੈ ਤੇ ਇਸ ਵਿੱਚੋਂ 3 ਲੱਖ 43 ਹਜ਼ਾਰ ਨੌਜਵਾਨਾਂ ਦੀਆਂ ਵੋਟਾਂ ਬਣੀਆਂ ਸਨ। ਕਮਿਸ਼ਨ ਦਾ ਮੰਨਣਾ ਹੈ ਕਿ ਉਸ ਸਮੇਂ ਵਿਧਾਨ ਸਭਾ ਦੀਆਂ ਵੋਟਾਂ ਹੋਣ ਕਾਰਨ ਸਿਆਸੀ ਪਾਰਟੀਆਂ ਨੇ ਵੋਟਾਂ ਬਣਾਉਣ ਵਿੱਚ ਜ਼ਿਆਦਾ ਰੁਚੀ ਦਿਖਾਈ ਸੀ। ਆਮ ਆਦਮੀ ਪਾਰਟੀ (ਆਪ) ਦਾ ਦਾਰੋਮਦਾਰ ਨੌਜਵਾਨਾਂ ‘ਤੇ ਟਿਕਿਆ ਹੋਇਆ ਸੀ। ਇਸ ਲਈ ਆਪ ਦੇ ਸਥਾਨਕ ਆਗੂਆਂ ਵੱਲੋਂ ਵੀ ਵਿਧਾਨ ਸਭਾ ਚੋਣਾਂ ਦੌਰਾਨ ਨਵੀਆਂ ਵੋਟਾਂ ਬਣਾਉਣ ਵਿੱਚ ਭੂਮਿਕਾ ਨਿਭਾਈ ਸੀ। ਸੰਸਦੀ ਚੋਣਾਂ ਦੌਰਾਨ ਕਿਸੇ ਵੀ ਸਿਆਸੀ ਧਿਰ ਵੱਲੋਂ ਨੌਜਵਾਨਾਂ ਨੂੰ ਮੁਖਾਤਿਬ ਹੁੰਦਿਆਂ ਰਣਨੀਤੀ ਨਹੀਂ ਘੜੀ ਗਈ ਤੇ ਨਾ ਹੀ ਨੌਜਵਾਨ ਵਰਗ ਲਈ ਕੋਈ ਖਾਸ ਪ੍ਰੋਗਰਾਮ ਉਲੀਕਿਆ ਗਿਆ ਹੈ। ਪੰਜਾਬ ਵਿੱਚ ਇਸ ਸਮੇਂ ਕੁੱਲ ਵੋਟਰਾਂ ਦੀ ਗਿਣਤੀ 2 ਕਰੋੜ 3 ਲੱਖ 74 ਹਜ਼ਾਰ 375 ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *