ਤਰਨ ਤਾਰਨ ‘ਚ ਕਾਰਸੇਵਾ ਦੌਰਾਨ 200 ਸਾਲ ਪੁਰਾਣੀ ਦਰਸ਼ਨੀ ਡਿਓੜੀ ਢਾਹੀ


ਵਿਰਾਸਤੀ ਡਿਓੜੀ ਨੂੰ ਸੰਭਾਲੇਗੀ ਸ਼੍ਰੋਮਣੀ ਕਮੇਟੀ: ਭਾਈ ਲੌਂਗੋਵਾਲ
ਤਰਨ ਤਾਰਨ/ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਲਗਪਗ 200 ਸਾਲ ਤੋਂ ਵੱਧ ਪੁਰਾਣੀ ਤੇ ਇਤਿਹਾਸਕ ਦਰਸ਼ਨੀ ਡਿਓੜੀ ਨੂੰ ਸਨਿਚਰਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ ਸਥਾਨਕ ਡੇਰਾ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਦੇ ਸੈਂਕੜੇ ਸਮਰਥਕਾਂ ਵਲੋਂ ਢਾਹੁਣ ਦਾ ਸਿੱਖ ਸੰਗਤ ਵਲੋਂ ਵਿਰੋਧ ਕਰਨ ਦੇ ਬਾਵਜੂਦ ਕਾਰ ਸੇਵਾ ਵਾਲਿਆਂ ਦੇ ਨਾਲ ਆਏ ਹਥਿਆਰਬੰਦ ਨੌਜਵਾਨਾਂ ਅੱਗੇ ਸਿੱਖ ਸੰਗਤ ਬੇਵੱਸ ਦਿਖਾਈ ਦਿੱਤੀ | ਕਾਫ਼ੀ ਦੇਰ ਬਾਅਦ ਪਹੁੰਚੇ ਡੀ ਐੱਸ਼ਪੀ ਕਵਲਜੀਤ ਸਿੰਘ ਵਲੋਂ ਹਿੰਸਕ ਹੋ ਰਹੇ ਇਸ ਮਾਮਲੇ ਨੂੰ ਸ਼ਾਂਤ ਕਰਵਾ ਕੇ ਇਨ੍ਹਾਂ ਕਾਰ ਸੇਵਾ ਵਾਲਿਆਂ ਦੇ ਸੇਵਕਾਂ ਨੂੰ ਰੋਕਿਆ ਗਿਆ ਪਰ ਉਸ ਸਮੇਂ ਤੱਕ ਇਮਾਰਤ ਦਾ ਉੱਪਰਲਾ ਹਿੱਸਾ ਢਾਹ ਦਿੱਤਾ ਗਿਆ ਸੀ | ਵੱਡੀ ਗਿਣਤੀ ‘ਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਸੰਗਤ ਨੇ ਪਹੁੰਚ ਕੇ ਡੇਰੇ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਅਤੇ ਬਾਬਾ ਜਗਤਾਰ ਸਿੰਘ ਤੇ ਹੋਰਨਾਂ ਖ਼ਿਲਾਫ਼ ਪੁਲਿਸ ਕੇਸ ਦਰਜ ਕਰਨ ਦੀ ਵੀ ਮੰਗ ਕੀਤੀ | ਪਤਾ ਲੱਗਾ ਹੈ ਕਿ ਰਾਤ ਨੂੰ ਕਾਰ ਸੇਵਾ ਵਾਲੇ ਡੇਰੇ ਦੇ ਸੇਵਕਾਂ ਨਾਲ ਆਏ ਹਥਿਆਰਬੰਦ ਨੌਜਵਾਨਾਂ ਨੇ ਇਕ ਨੌਜਵਾਨ ਨਾਲ ਕੁੱਟਮਾਰ ਕਰ ਕੇ ਉਸ ਨੂੰ ਜ਼ਖ਼ਮੀ ਕੀਤਾ ਹੈ | ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਲਗਪਗ 200 ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰਨੌਨਿਹਾਲ ਸਿੰਘ ਵਲੋਂ ਤਿਆਰ ਕਰਵਾਈ ਗਈ ਸੀ | ਜਾਣਕਾਰੀ ਅਨੁਸਾਰ ਸਤੰਬਰ 2018 ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਵਿਰਾਸਤੀ ਇਮਾਰਤ ਦੀ ਕਾਰ ਸੇਵਾ ਬਾਬਾ ਜਗਤਾਰ ਸਿੰਘ ਨੂੰ ਦਿੱਤੀ ਸੀ ਤੇ ਬਾਬਾ ਜਗਤਾਰ ਸਿੰਘ ਵਲੋਂ ਜਦ ਇਸ ਵਿਰਾਸਤੀ ਇਮਾਰਤ ਨੂੰ ਢਾਹੁਣ ਦੀ ਉਸ ਸਮੇਂ ਕੋਸ਼ਿਸ਼ ਕੀਤੀ ਗਈ ਸੀ ਤਾਂ ਸੰਗਤ ਦੇ ਭਾਰੀ ਵਿਰੋਧ ਕਾਰਨ ਇਹ ਸੇਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲਾਗੋਵਾਲ ਵਲੋਂ ਰੋਕ ਦਿੱਤੀ ਗਈ ਸੀ | ਸੰਗਤ ਦੇ ਰੋਸ ਅੱਗੇ ਝੁਕਦਿਆਂ ਸ਼੍ਰੋਮਣੀ ਕਮੇਟੀ ਨੇ ਇਸ ਇਮਾਰਤ ਨੂੰ ਆਪਣੇ ਹੱਥਾਂ ‘ਚ ਲੈ ਲਿਆ ਹੈ |
ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਉੱਚ ਅਧਿਕਾਰੀਆਂ ਨਾਲ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਆ ਕੇ ਖ਼ੁਦ ਮੌਕਾ ਦੇਖਿਆ | ਇਸ ਦੌਰਾਨ ਉਨ੍ਹਾਂ ਦਰਸ਼ਨੀ ਡਿਓੜੀ ਨੂੰ ਮੁੜ ਪਹਿਲਾਂ ਦੀ ਤਰ੍ਹਾਂ ਸੁਰੱਖਿਅਤ ਕਰਨ ਤੇ ਦੋਸ਼ੀ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤਕਨੀਕੀ ਮਾਹਿਰਾਂ ਦੀ ਨਿਗਰਾਨੀ ‘ਚ ਦਰਸ਼ਨੀ ਡਿਓੜੀ ਦੀ ਮੁੜ ਮੁਰੰਮਤ ਕਰਵਾਏਗੀ | ਉਨ੍ਹਾਂ ਕਿਹਾ ਕਿ ਬਾਬਾ ਜਗਤਾਰ ਸਿੰਘ ਪਾਸੋਂ ਗੁਰਦੁਆਰਾ ਸਾਹਿਬ ਦੀਆਂ ਸਾਰੀਆਂ ਸੇਵਾਵਾਂ ਵਾਪਸ ਲੈ ਲਈਆਂ ਗਈਆਂ ਹਨ ਤੇ ਸਰਾਂ ‘ਚ ਬਾਬੇ ਦੇ ਪੈਰੋਕਾਰਾਂ ਵਲੋਂ ਮੱਲੇ ਗਏ ਵੱਡੀ ਪੱਧਰ ‘ਤੇ ਕਮਰੇ ਵੀ ਖ਼ਾਲੀ ਕਰਵਾ ਲਏ ਗਏ ਹਨ | ਇਸ ਮੌਕੇ ਅਲਵਿੰਦਰਪਾਲ ਸਿੰਘ ਪੱਖੋਕੇ, ਡਾ. ਰੂਪ ਸਿੰਘ, ਖੁਸ਼ਵਿੰਦਰ ਸਿੰਘ ਭਾਟੀਆ, ਗੁਰਮੀਤ ਸਿੰਘ ਬੂਹ, ਸ਼ ਸੁਖਵਰਸ਼ ਸਿੰਘ ਪੰਨੂ, ਸੁਖਦੇਵ ਸਿੰਘ ਭੂਰਾਕੋਹਨਾ, ਇੰਜ: ਸੁਖਮਿੰਦਰ ਸਿੰਘ, ਹਰਜੀਤ ਸਿੰਘ ਲਾਲੂਘੁੰਮਣ, ਤੇਜਿੰਦਰ ਸਿੰਘ ਪੱਡਾ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ |
ਕਈ ਸਾਲਾਂ ਤੋਂ ਸ੍ਰੀ ਦਰਬਾਰ ਸਾਹਿਬ ਅੰਦਰ ਬਾਬਾ ਜਗਤਾਰ ਸਿੰਘ ਦੀਆਂ ਸਾਰੀਆਂ ਗੋਲਕਾਂ ਹਟਾਉਣ ਦੇ ਨਾਲ-ਨਾਲ ਕਾਰ ਸੇਵਾ ਦੇ ਲੱਗੇ ਬੋਰਡ ਉਤਾਰ ਦਿੱਤੇ ਅਤੇ ਉਨ੍ਹਾਂ ਕੋਲ ਮੌਜੂਦ ਕਮਰਿਆਂ ਨੂੰ ਤਾਲੇ ਲਗਾ ਦਿੱਤੇ ਗਏ |
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਗਵੰਤ ਸਿੰਘ ਸਿਆਲਕਾ, ਭਾਈ ਰਾਮ ਸਿੰਘ ਤੇ ਗੁਰਮੀਤ ਸਿੰਘ ਬੂਹ ਦੇ ਆਧਾਰਿਤ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ ਕਿ ਇਕ ਹਫ਼ਤੇ ਦੇ ਅੰਦਰ ਸਾਰੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸੌਂਪੇਗੀ |
ਬਿਨਾਂ ਮਨਜ਼ੂਰੀ ਤੋਂ ਡਿਓੜੀ ਢਾਹੇ ਜਾਣ ਦੇ ਦੋਸ਼ ਹੇਠ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਪ੍ਰਤਾਪ ਸਿੰਘ ਦੀ ਅਣਗਹਿਲੀ ਸਾਹਮਣੇ ਆਈ ਹੈ | ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਮੈਨੇਜਰ ਪ੍ਰਤਾਪ ਸਿੰਘ ਨੂੰ ਮੁਅੱਤਲ ਕਰਕੇ ਜੀਂਦ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਜਗ੍ਹਾ ਮੀਤ ਮੈਨੇਜਰ ਨਿਰਮਲ ਸਿੰਘ ਦੇਖ-ਰੇਖ ਦੇ ਪ੍ਰਬੰਧ ਦੇਖਣਗੇ |
ਸਿੱਖ ਸਟੂਡੈਂਟ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਤੇ ਕਸ਼ਮੀਰ ਸਿੰਘ ਸੰਘਾ ਨੇ ਉਕਤ ਕਾਰਵਾਈ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਹੈ | ਉਨ੍ਹਾਂ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *