ਸ਼੍ਰੋਮਣੀ ਕਮੇਟੀ ਵਲੋਂ 12 ਅਰਬ 5 ਕਰੋੜ ਰੁਪਏ ਦਾ ਬਜਟ ਪਾਸ


550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਲਈ 12 ਕਰੋੜ ਰੁਪਏ 63 ਲੱਖ ਰੁਪਏ ਰੱਖੇ
ਅੰਮ੍ਰਿਤਸਰ/ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੱਤੀ ਵਰ੍ਹੇ 2019-20 ਵਾਸਤੇ 12 ਅਰਬ 5 ਕਰੋੜ 3 ਲੱਖ ਰੁਪਏ ਦਾ ਸਾਲਾਨਾ ਬਜਟ ਅੱਜ ਇਥੇ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਜੋ ਪਿਛਲੇ ਵਰ੍ਹੇ ਨਾਲੋਂ ਲਗਭਗ 46 ਕਰੋੜ ਵਾਧੇ ਦਾ ਬਜਟ ਹੈ। ਪਿਛਲੇ ਵਰ੍ਹੇ ਕਰੀਬ 11 ਅਰਬ 59 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਸੀ। ਬਜਟ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚਲਦੇ ਵਿਦਿਅਕ ਅਦਾਰਿਆਂ ਲਈ 238 ਕਰੋੜ, ਇਤਿਹਾਸਕ ਤੇ ਹੋਰ ਗੁਰਦੁਆਰਿਆਂ ਵਾਸਤੇ ਲਗਭਗ 714 ਕਰੋੜ ਅਤੇ ਧਰਮ ਪ੍ਰਚਾਰ ਕਮੇਟੀ ਵਾਸਤੇ 84 ਕਰੋੜ ਰੁਪਏ ਦਾ ਫੰਡ ਰੱਖਿਆ ਗਿਆ ਹੈ। ਇਹ ਬਜਟ ਸ੍ਰੀ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਸ਼ਤਾਬਦੀ ਸਮਾਗਮਾਂ ਲਈ 12 ਕਰੋੜ 63 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ। ਬਜਟ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਸਮੇਤ ਲੋਕ ਇਨਸਾਫ ਪਾਰਟੀ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਬੈਂਸ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ, ਜਿਸ ਦਾ ਉਨ੍ਹਾਂ ਇਤਰਾਜ਼ ਜਤਾਇਆ। ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬਜਟ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ ਨੇ ਪੇਸ਼ ਕੀਤਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਹਾਜ਼ਰ ਮੈਂਬਰਾਂ ਨੇ ਬਜਟ ਨੂੰ ਪੂਰਾ ਸੁਣੇ ਬਿਨਾਂ ਹੀ ਜੈਕਾਰਿਆਂ ਦੀ ਗੂੰਜ ਵਿਚ ਇਸ ਨੂੰ ਪਾਸ ਕਰ ਦਿੱਤਾ। ਸਮੁੱਚੇ ਬਜਟ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਗਿਆ ਹੈ, ਜਿਸ ਵਿਚ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ, ਸੈਕਸ਼ਨ 85 ਅਤੇ ਇਸ ਨਾਲ ਜੁੜੇ ਗੁਰਦੁਆਰਿਆਂ ਦਾ ਬਜਟ ਅਤੇ ਵਿਦਿਅਕ ਅਦਾਰਿਆਂ ਦਾ ਬਜਟ ਸ਼ਾਮਲ ਹੈ। ਸ਼੍ਰੋਮਣੀ ਕਮੇਟੀ ਦੇ ਖੁਦ ਦੇ ਬਜਟ ਨੂੰ ਮੁੜ ਚਾਰ ਹਿੱਸਿਆਂ ਵਿਚ ਵੰਡਿਆ ਗਿਆ ਹੈ, ਜਿਸ ਵਿਚ ਜਨਰਲ ਬੋਰਡ ਫੰਡ ਵਾਸਤੇ 72 ਕਰੋੜ 50 ਲੱਖ ਰੁਪਏ, ਟਰਸੱਟ ਫੰਡ ਲਈ 50 ਕਰੋੜ 60 ਲੱਖ ਰੁਪਏ, ਵਿਦਿਆ ਫੰਡ ਲਈ 37 ਕਰੋੜ 40 ਲੱਖ ਰੁਪਏ ਅਤੇ ਸ਼੍ਰੋਮਣੀ ਕਮੇਟੀ ਦੀਆਂ ਪ੍ਰਿੰਟਿੰਗ ਪ੍ਰੈੱਸਾਂ ਲਈ 7 ਕਰੋੜ 25 ਲੱਖ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਿਸ਼ਨ ਸ਼ਾਹਪੁਰ ਲਈ 40 ਲੱਖ ਰੁਪਏ ਰੱਖੇ ਗਏ ਹਨ। ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਇਸ ਵਿੱਤੀ ਵਰ੍ਹੇ ਦਾ ਬਜਟ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ ਹੈ, ਜਿਸ ਤਹਿਤ ਨਵੰਬਰ ਵਿਚ ਵੱਡੇ ਪੱਧਰ ‘ਤੇ ਸ਼ਤਾਬਦੀ ਸਮਾਗਮ ਕਰਾਇਆ ਜਾਵੇਗਾ। ਸਿਕਲੀਗਰ ਤੇ ਵਣਜਾਰੇ ਸਿੱਖਾਂ ਅਤੇ ਪੰਜਾਬ ਤੋਂ ਬਾਹਰਲੇ ਗੁਰਦੁਆਰਿਆਂ ਤੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਲਈ ਲਗਭਗ 14 ਕਰੋੜ 50 ਲੱਖ ਰੁਪਏ, ਖਾਲਸਾਈ ਖੇਡਾਂ ਲਈ 60 ਲੱਖ ਰੁਪਏ, ਸਿੱਖ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ 1 ਕਰੋੜ ਰੁਪਏ, ਧਰਮੀ ਫੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਲਈ ਦੋ ਕਰੋੜ ਰੁਪਏ, ਪੰਜਾਬ ਤੋਂ ਬਾਹਰ ਸਥਾਪਤ ਕੀਤੇ ਸਿੱਖ ਮਿਸ਼ਨ ਕੇਂਦਰਾਂ ਲਈ ਅੱਠ ਕਰੋੜ ਰੁਪਏ, ਕੁਦਰਤੀ ਆਫਤਾਂ ਸਮੇਂ ਮਦਦ ਲਈ 70 ਲੱਖ ਰੁਪਏ, ਸਿੱਖ ਇਤਿਹਾਸ ਦੀ ਖੋਜ ਅਤੇ ਛਪਾਈ ਲਈ 70 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ। ਬਜਟ ਸਮਾਗਮ ਦੌਰਾਨ 11 ਮਤੇ ਵੀ ਪਾਸ ਕੀਤੇ ਗਏ ਜਿਨ੍ਹਾਂ ‘ਚ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਣ ਵਾਲੇ ਰਸਤਿਆਂ ਨੂੰ ਖੁੱਲ੍ਹਾ ਕਰਨ ਅਤੇ ਵਿਰਾਸਤੀ ਦਿਖ ਦੇਣ, ਪੰਜਾਬ-ਚੰਡੀਗੜ੍ਹ ਸਮੇਤ ਨੇੜਲੇ ਸੂਬਿਆਂ ਵਿਚ ਪੰਜਾਬੀ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਵਿਸ਼ੇਸ਼ ਉਪਰਾਲੇ ਕਰਨ, ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਸਬੰਧੀ ਕੇਸ ਨੂੰ ਨਿਬੇੜਣ ਅਤੇ ਹੋਰ ਨਜ਼ਰਬੰਦ ਸਿੱਖਾਂ ਦੀ ਰਿਹਾਈ, ਗੁਰਦੁਆਰਾ ਕਰਤਾਰਪੁਰ ਲਾਂਘਾ ਖੋਲ੍ਹਣ ਮਗਰੋਂ ਸੰਗਤ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਪ੍ਰਬੰਧ ਕਰਨ, ਫਿਲਮ ਸੈਂਸਰ ਬੋਰਡ ਵਿਚ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਪੱਕੇ ਤੌਰ ‘ਤੇ ਸ਼ਾਮਲ ਕਰਨ, ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ 1984 ਦੇ ਸਿੱਖ ਨਸਲਕੁਸ਼ੀ ਕੇਸਾਂ ਵਿਚ ਹੋਰ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ ਗਈ ਹੈ। ਲੋਕ ਇਨਸਾਫ ਪਾਰਟੀ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਬੈਂਸ ਨੇ ਬਜਟ ਸਮਾਗਮ ਦੀ ਸ਼ੁਰੂਆਤ ਵੇਲੇ ਹੀ ਬਰਗਾੜੀ ਕਾਂਡ ਅਤੇ ਬੇਅਦਬੀ ਘਟਨਾਵਾਂ ਦੇ ਸਬੰਧ ਵਿਚ ਮਤਾ ਪਾਉਣ ਦੀ ਮੰਗ ਕੀਤੀ। ਉਨ੍ਹਾਂ ਨੂੰ ਬੋਲਣ ਦਾ ਸਮਾਂ ਦੇਣ ਦਾ ਭਰੋਸਾ ਦਿੱਤਾ ਗਿਆ ਪਰ ਸਮਾਗਮ ਦੀ ਪਹਿਲਾਂ ਹੀ ਸਮਾਪਤੀ ਕਰ ਦਿੱਤੀ ਗਈ। ਸ੍ਰੀ ਬੈਂਸ ਨੇ ਮੀਡੀਆ ਕੋਲ ਇਸ ਦਾ ਇਤਰਾਜ਼ ਜਤਾਉਂਦਿਆਂ ਕਿਹਾ ਕਿ ਸਿੱਖ ਸੰਸਥਾ ਹੀ ਬੇਅਦਬੀ ਸਬੰਧੀ ਮਤਾ ਪਾਸ ਕਰਨ ਤੋਂ ਭੱਜ ਰਹੀ ਹੈ। ਅੰਤ੍ਰਿੰਗ ਕਮੇਟੀ ਮੈਂਬਰ ਗੁਰਮੀਤ ਸਿੰਘ ਤਿਰਲੋਕੇਵਾਲਾ ਨੂੰ ਵੀ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਮੈਂਬਰ ਕਿਰਨਜੋਤ ਕੌਰ ਨੂੰ ਵੀ ਪੂਰੀ ਗੱਲ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਬਜਟ ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਸਫ਼ਰ ਖ਼ਰਚ ਲਈ 85 ਲੱਖ ਰੁਪਏ ਰੱਖਣ ‘ਤੇ ਇਤਰਾਜ਼ ਜਤਾਇਆ। ਉਨ੍ਹਾਂ ਇਹ ਖ਼ਰਚ ਪੰਜ ਲੱਖ ਕਰਨ ਦੀ ਮੰਗ ਕੀਤੀ। ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਤੋਤਾ ਸਿੰਘ ਨੇ ਬਜਟ ਇਜਲਾਸ ਦੋ ਦਿਨ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵੱਡੀ ਗਿਣਤੀ ਵਿਦਿਅਕ ਅਦਾਰੇ ਘਾਟੇ ਵਿਚ ਚਲ ਰਹੇ ਹਨ, ਜਿਨ੍ਹਾਂ ਨੂੰ ਘਾਟੇ ਵਿਚੋਂ ਕੱਢਣ ਦੇ ਉਪਰਾਲੇ ਹੋਣੇ ਚਾਹੀਦੇ ਹਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *