ਪੰਜਾਬ ‘ਚ ਪਰਵਾਸੀਆਂ ਦੇ ਵਿਆਹ ਸੰਬੰਧੀ ਝਗੜਿਆਂ ਦੀ ਸਭ ਤੋਂ ਵੱਧ ਸ਼ਿਕਾਇਤਾਂ


ਲੜਕੀਆਂ ਵੱਲੋਂ ਵਿਆਹ ਤੋੜਨ ਦੇ ਮਾਮਲਿਆਂ ‘ਚ ਵੀ ਵਾਧਾ
ਚੰਡੀਗੜ੍ਹ/ਪੰਜਾਬ ਵਿਚ ਪਰਵਾਸੀ ਭਾਰਤੀਆਂ ਨਾਲ ਸਬੰਧਤ ਅਪਰਾਧਾਂ ਦੇ ਮਾਮਲਿਆਂ ‘ਚ ਵਿਆਹਾਂ ਸਬੰਧੀ ਝਗੜਿਆਂ ਨੇ ਹੁਣ ਪਹਿਲੀ ਥਾਂ ਲੈ ਲਈ ਹੈ। ਪੁਲੀਸ ਦੇ ਐਨਆਰਆਈ ਵਿੰਗ ਤੋਂ ਹਾਸਲ ਜਾਣਕਾਰੀ ਮੁਤਾਬਕ ਜਾਇਦਾਦ ਨਾਲ ਸਬੰਧਤ ਅਪਰਾਧ ਦੀਆਂ ਸ਼ਿਕਾਇਤਾਂ ਵੀ ਭਾਵੇਂ ਆਉਂਦੀਆਂ ਹਨ ਪਰ ਵਿਦੇਸ਼ ਜਾਣ ਤੋਂ ਬਾਅਦ ਲੜਕੇ ਅਤੇ ਲੜਕੀ ਦਰਮਿਆਨ ਵਿਆਹੁਤਾ ਸਬੰਧ ਵਿਗੜਨ ਅਤੇ ਧੋਖਾਧੜੀ ਦੀਆਂ ਸ਼ਿਕਾਇਤਾਂ ਜ਼ਿਆਦਾ ਆਉਣ ਲੱਗੀਆਂ ਹਨ। ਪੰਜਾਬ ਪੁਲੀਸ ਵੱਲੋਂ ਐਨਆਰਆਈ ਥਾਣਿਆਂ ਵਿਚ 2013 ਤੋਂ ਲੈ ਕੇ ਮਾਰਚ 2019 ਤੱਕ ਦੇ ਸਮੇਂ ਦੌਰਾਨ ਪਰਵਾਸੀ ਭਾਰਤੀਆਂ ਨਾਲ ਸਬੰਧਤ ਅਪਰਾਧਾਂ ਦੇ ਜੋ ਮਾਮਲੇ ਦਰਜ ਕੀਤੇ ਗਏ ਹਨ, ਉਨ੍ਹਾਂ ਮੁਤਾਬਕ ਇਸ ਸਮੇਂ ਦੌਰਾਨ ਵਿਆਹਾਂ ਸਬੰਧੀ ਝਗੜਿਆਂ ਦੇ 446 ਮਾਮਲੇ ਦਰਜ ਕੀਤੇ ਗਏ। ਜਾਇਦਾਦ ਸਬੰਧੀ ਦਰਜ ਕੀਤੇ ਗਏ ਮਾਮਲਿਆਂ ਦੀ ਗਿਣਤੀ 270 ਅਤੇ ਹੋਰ ਅਪਰਾਧਕ ਮਾਮਲਿਆਂ ਦੀ ਗਿਣਤੀ 358 ਹੈ। ਸੀਨੀਅਰ ਅਧਿਕਾਰੀਆਂ ਮੁਤਾਬਕ ਵਿਆਹਾਂ ਸਬੰਧੀ ਝਗੜਿਆਂ ਦੀਆਂ ਸ਼ਿਕਾਇਤਾਂ ਵਧੇਰੇ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਅਮਰੀਕਾ ਜਿਹੇ ਮੁਲਕਾਂ ਤੋਂ ਆ ਰਹੀਆਂ ਹਨ। ਐਨਆਰਆਈ ਵਿੰਗ ਨਾਲ ਜੁੜੇ ਸੀਨੀਅਰ ਅਧਿਕਾਰੀਆਂ ਦਾ ਦੱਸਣਾ ਹੈ ਕਿ ਵਿਆਹ ਸਬੰਧੀ ਅਪਰਾਧ ਆਮ ਤੌਰ ‘ਤੇ ਵਿਦੇਸ਼ੀ ਧਰਤੀ ‘ਤੇ ਹੋਇਆ ਹੁੰਦਾ ਹੈ ਪਰ ਲੜਕੀ ਦੇ ਪਰਿਵਾਰ ਵੱਲੋਂ ਪੰਜਾਬ ‘ਚ ਪਰਚਾ ਦਰਜ ਕਰਾਉਣ ਦੇ ਯਤਨ ਕੀਤੇ ਜਾਂਦੇ ਹਨ। ਪੰਜਾਬ ਪੁਲੀਸ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਲੜਕੀ ਦੇ ਪਰਿਵਾਰ ਵੱਲੋਂ ਦਬਾਅ ਪਾ ਕੇ ਲੜਕੇ ਨੂੰ ਵਿਦੇਸ਼ ਤੋਂ ਕਾਨੂੰਨੀ ਤਰੀਕੇ ਨਾਲ ਵਾਪਸ ਬੁਲਾਉਣ ਦਾ ਯਤਨ ਕੀਤਾ ਜਾਂਦਾ ਹੈ। ਵਿਦੇਸ਼ੀ ਕਾਨੂੰਨ ਮੁਤਾਬਕ ਦਹੇਜ ਲੈਣਾ ਅਪਰਾਧਿਕ ਸ਼੍ਰੇਣੀ ਵਿੱਚ ਨਹੀਂ ਆਉਂਦਾ ਤੇ ਕੈਨੇਡਾ ਆਦਿ ਮੁਲਕਾਂ ਵਿੱਚ ਦਹੇਜ ਦੇ ਮਾਮਲੇ ‘ਤੇ ਦੀਵਾਨੀ ਮਾਮਲਾ ਦਾਇਰ ਕਰਨਾ ਪੈਂਦਾ ਹੈ। ਵਿਦੇਸ਼ ਤੋਂ ਵਾਪਸ ਬੁਲਾਉਣ ਲਈ ਲੜਕੇ ਦੇ ਪਰਿਵਾਰ ਅਤੇ ਲੜਕੇ ‘ਤੇ ਧੋਖਾਧੜੀ ਦੀ ਧਾਰਾ 420 ਤਹਿਤ ਮਾਮਲਾ ਦਰਜ ਕਰਾਉਣ ਲਈ ਦਬਾਅ ਪਾਇਆ ਜਾਂਦਾ ਹੈ। ਐਨਆਰਆਈ ਵਿੰਗ ਤੋਂ ਹਾਸਲ ਤੱਥਾਂ ਮੁਤਾਬਕ ਪੁਲੀਸ ਵੱਲੋਂ 2016 ਵਿੱਚ 135 ਲੁਕ ਆਊਟ ਨੋਟਿਸ (ਐਲ਼ਓ ਸੀ ) ਜਾਰੀ ਕੀਤੇ ਗਏ। ਸਾਲ 2017 ਵਿੱਚ ਐਲ਼ਓæਸੀæ ਦੀ ਗਿਣਤੀ ਵਧ ਕੇ 250 ਹੋ ਗਈ ਤੇ 2018 ਵਿੱਚ 310 ਤੱਕ ਪਹੁੰਚ ਗਈ। ਇਸੇ ਤਰ੍ਹਾਂ ਸਾਲ 2019 ਦੌਰਾਨ ਹੁਣ ਤੱਕ 95 ਮਾਮਲਿਆਂ ਵਿੱਚ ਐਲ਼ਓ ਸੀ ਜਾਰੀ ਕੀਤੇ ਜਾ ਚੁੱਕੇ ਹਨ। ਅਦਾਲਤਾਂ ਵੱਲੋਂ ਪਰਵਾਸੀਆਂ ਨੂੰ ਭਗੌੜੇ ਕਰਾਰ ਦੇਣ ਦੇ ਮਾਮਲੇ ‘ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਸਾਲ 2016 ਵਿੱਚ 48, 2017 ਵਿੱਚ 41, 2018 ਵਿੱਚ 47 ਤੇ 2019 ਵਿੱਚ 2 ਪਰਵਾਸੀਆਂ ਨੂੰ ਭਗੌੜੇ ਕਰਾਰ ਦਿੱਤਾ ਜਾ ਚੁੱਕਾ ਹੈ। ਭਗੌੜੇ ਕਰਾਰ ਦਿੱਤੇ ਜਾਂਦੇ ਪਰਵਾਸੀਆਂ ਨੂੰ ਬੇਹੱਦ ਪ੍ਰੇਸ਼ਾਨ ਕਰਨ ਵਾਲੀ ਕਾਨੂੰਨੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ। ਪੁਲੀਸ ਦੇ ਸੀਨੀਅਰ ਅਧਿਕਾਰੀਆਂ ਦਾ ਦੱਸਣਾ ਹੈ ਕਿ ਸੂਬੇ ਵਿੱਚੋਂ ਜਿਸ ਤਰ੍ਹਾਂ ਮੁੰਡੇ ਅਤੇ ਕੁੜੀਆਂ ਪੜ੍ਹਨ ਜਾਂ ਵਿਆਹ ਦੇ ਆਧਾਰ ‘ਤੇ ਵਿਦੇਸ਼ ਜਾ ਰਹੇ ਹਨ ਉਸ ਮੁਤਾਬਕ ਵਿਆਹਾਂ ਸਬੰਧੀ ਝਗੜਿਆਂ ਦੇ ਮਾਮਲੇ ਨਿੱਤ ਦਿਨ ਵਧ ਰਹੇ ਹਨ। ਜਾਇਦਾਦਾਂ ਸਬੰਧੀ ਝਗੜਿਆਂ ਵਿੱਚ ਕਮੀ ਆਉਣ ਦਾ ਇੱਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹੁਣ ਪਰਵਾਸੀਆਂ ਵੱਲੋਂ ਪੰਜਾਬ ਵਿੱਚ ਜਾਇਦਾਦ ਖ਼ਰੀਦਣ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ ਬਲਕਿ ਜਾਇਦਾਦਾਂ ਵੇਚਣ ਦੀ ਹੋੜ ਲੱਗੀ ਹੋਈ ਹੈ।
ਤਫ਼ਤੀਸ਼ ਦੌਰਾਨ ਇਹ ਤੱਥ ਵੀ ਸਾਹਮਣੇ ਆਏ ਹਨ ਕਿ ਵਿਦੇਸ਼ ਜਾਣ ਤੋਂ ਬਾਅਦ ਲੜਕੀਆਂ ਵੱਲੋਂ ਲੜਕਿਆਂ ਦਾ ਸ਼ੋਸ਼ਣ ਕਰਨ ਅਤੇ ਧੋਖਾ ਦੇਣ ਦੇ ਮਾਮਲੇ ਵੀ ਵਧ ਰਹੇ ਹਨ। ਅਧਿਕਾਰੀਆਂ ਦਾ ਦੱਸਣਾ ਹੈ ਕਿ ਲੜਕੀਆਂ ਵੱਲੋਂ ਵਿਦੇਸ਼ ਜਾਣ ਤੋਂ ਬਾਅਦ ਵਿਆਹ ਤੋੜ ਦੇਣ ਦੀਆਂ ਸ਼ਿਕਾਇਤਾਂ ਕਾਫ਼ੀ ਆਉਣ ਲੱਗੀਆਂ ਹਨ। ਆਈਲਟਸ ਪਾਸ ਲੜਕੀਆਂ ‘ਤੇ ਖ਼ਰਚ ਤਾਂ ਮੁੰਡੇ ਵੱਲੋਂ ਕੀਤਾ ਜਾਂਦਾ ਹੈ ਪਰ ਵਿਦੇਸ਼ ਜਾਣ ਤੋਂ ਬਾਅਦ ਲੜਕੀ ਵੱਲੋਂ ਨਵੀਂ ਵਿਆਹੁਤਾ ਜ਼ਿੰਦਗੀ ਸ਼ੁਰੂ ਕਰਨ ਦੇ ਯਤਨ ਕੀਤੇ ਜਾਂਦੇ ਹਨ ਤਾਂ ਨੌਬਤ ਝਗੜੇ ਦੀ ਆ ਜਾਂਦੀ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *