ਪੈਂਟਾਗਨ ਨੇ ਅਮਰੀਕਾ-ਮੈਕਸਿਕੋ ਕੰਧ ਲਈ ਫੰਡ ਜਾਰੀ ਕੀਤੇ


ਵਾਸ਼ਿੰਗਟਨ/ਪੈਂਟਾਗਨ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਅਮਰੀਕਾ-ਮੈਕਸਿਕੋ ਸਰਹੱਦੀ ਕੰਧ ਦੀ ਉਸਾਰੀ ਲਈ ਇੱਕ ਅਰਬ ਡਾਲਰ ਦੇ ਫੰਡ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਦੂਜੇ ਪਾਸੇ ਡੈਮੋਕਰੈਟਾਂ ਵੱਲੋਂ ਪੈਂਟਾਗਨ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਗਿਆ ਹੈ।
ਟਰੰਪ ਨੇ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਅਮਰੀਕਾ-ਮੈਕਸਿਕੋ ਵਿਚਾਲੇ ਖੂਬਸੂਰਤ ਸਰਹੱਦੀ ਕੰਧ ਉਸਾਰਨ ਦਾ ਵਾਅਦਾ ਕੀਤਾ ਸੀ ਤਾਂ ਜੋ ਅਮਰੀਕਾ ਅੰਦਰ ਗੈਰਕਾਨੂੰਨੀ ਪਰਵਾਸ ਰੋਕਿਆ ਜਾ ਸਕੇ। ਹਾਲਾਂਕਿ ਟਰੰਪ ਦਾ ਕਹਿਣਾ ਹੈ ਕਿ ਇਸ ਕੰਧ ਲਈ ਮੈਕਸਿਕੋ ਵੀ ਭੁਗਤਾਨ ਕਰੇਗਾ, ਪਰ ਮੈਕਸਿਕੋ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਸ ਮਾਮਲੇ ‘ਚ ਕੋਈ ਵਿੱਤੀ ਭਾਈਵਾਲੀ ਨਹੀਂ ਕਰੇਗਾ। ਅਮਰੀਕਾ ਦੇ ਰੱਖਿਆ ਦਫਤਰ ਪੈਂਟਾਗਨ ਦੇ ਕਾਰਜਕਾਰੀ ਮੁਖੀ ਪੈਟ੍ਰਿਕ ਸ਼ਾਨਾਹਨ ਨੇ ਕਿਹਾ ਕਿ ਉਨ੍ਹਾਂ ਰਾਸ਼ਟਰਪਤੀ ਨੂੰ ਇਹ ਕੰਧ ਬਣਾਉਣ ਲਈ ਇੱਕ ਅਰਬ ਡਾਲਰ ਦੀ ਮਨਜ਼ੂਰੀ ਦਿੱਤੀ ਹੈ।
ਹੋਮਲੈਂਡ ਸੁਰੱਖਿਆ ਵਿਭਾਗ ਨੇ ਪੈਂਟਾਗਨ ਨੂੰ 92 ਕਿਲੋਮੀਟਰ ਤੱਕ 5.5 ਮੀਟਰ ਉੱਚੀ ਕੰਧ ਬਣਾਉਣ, ਸੁੜਕਾਂ ਦਾ ਸੁਧਾਰ ਕਰਨ ਤੇ ਰੌਸ਼ਨੀ ਦਾ ਪ੍ਰਬੰਧ ਕਰਨ ਲਈ ਕਿਹਾ ਹੈ।
ਇਸੇ ਦੌਰਾਨ ਸਾਰੇ ਡੈਮੋਕਰੈਟ ਸੈਨੇਟਰਾਂ ਨੇ ਸ਼ਾਨਾਹਨ ਨੂੰ ਪੱਤਰ ਲਿਖ ਕੇ ਇਹ ਰਾਸ਼ੀ ਜਾਰੀ ਕਰਨ ਦਾ ਵਿਰੋਧ ਕੀਤਾ ਹੈ। ਸੈਨੇਟਰਾਂ ਨੇ ਕਿਹਾ ਕਿ ਪੈਂਟਾਗਨ ਨੇ ਇਹ ਰਾਸ਼ੀ ਮਨਜ਼ੂਰ ਕਰਨ ਲਈ ਸੈਨੇਟਰਾਂ ਦੀ ਕਮੇਟੀ ਤੋਂ ਮਨਜ਼ੂਰੀ ਨਹੀਂ ਲਈ ਹੈ।
ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੀਡੀਆ ਨੂੰ ਲੋਕਾਂ ਦਾ ਦੁਸ਼ਮਣ ਕਰਾਰ ਦਿੰਦਿਆਂ ਕਿਹਾ ਕਿ ਪੱਤਰਕਾਰਾਂ ਨੇ ਰਾਸ਼ਟਰਪਤੀ ਚੋਣਾਂ ‘ਚ ਰੂਸ ਦੇ ਦਖਲ ਮਾਮਲੇ ਦੀ ਜਾਂਚ ਦਾ ਸੱਚ ਲੋਕਾਂ ਸਾਹਮਣੇ ਲਿਆਉਣ ‘ਚ ਪੱਖਪਾਤ ਕੀਤਾ ਹੈ। ਟਰੰਪ ਨੇ ਟਵੀਟ ਕੀਤਾ, ‘ਮੁੱਖ ਧਾਰਾ ‘ਚ ਸ਼ਾਮਲ ਮੀਡੀਆ ਪੂਰੀ ਤਰ੍ਹਾਂ ਭ੍ਰਿਸ਼ਟ ਤੇ ਝੂਠਾ ਹੈ। ਪਿਛਲੇ ਦੋ ਸਾਲ ਉਨ੍ਹਾਂ ਰੂਸ ਨਾਲ ਮਿਲੀਭੁਗਤ ਬਾਰੇ ਗੱਲਾਂ ਫੈਲਾਈਆਂ ਹਨ ਜਦਕਿ ਉਨ੍ਹਾਂ ਨੂੰ ਹਮੇਸ਼ਾ ਪਤਾ ਸੀ ਕਿ ਅਜਿਹੀ ਕੋਈ ਮਿਲੀਭੁਗਤ ਨਹੀਂ ਹੋਈ ਹੈ।’ ਉਨ੍ਹਾਂ ਕਿਹਾ, ‘ਉਹ ਪੂਰੀ ਤਰ੍ਹਾਂ ਲੋਕਾਂ ਦੇ ਦੁਸ਼ਮਣ ਤੇ ਅਸਲੀ ਵਿਰੋਧੀ ਧਿਰ ਹਨ।’ ਜ਼ਿਕਰਯੋਗ ਹੈ ਕਿ ਟਰੰਪ ‘ਤੇ ਦੋਸ਼ ਲੱਗੇ ਸੀ ਕਿ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਰੂਸ ਨੇ ਟਰੰਪ ਦੀ ਮਦਦ ਕੀਤੀ ਹੈ, ਪਰ ਇਸ ਮਾਮਲੇ ਦੀ ਜਾਂਚ ‘ਚ ਅਜਿਹਾ ਕੋਈ ਵੀ ਸਬੂਤ ਸਾਹਮਣੇ ਨਹੀਂ ਆਇਆ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *