ਚੋਣ ਜ਼ਾਬਤੇ ਮਗਰੋਂ ਪੰਜਾਬ ਵਿਚੋਂ ਸਭ ਤੋਂ ਵੱਧ ਨਸ਼ੇ ਫੜੇ ਗਏ


ਬਠਿੰਡਾ/ਚੋਣ ਜ਼ਾਬਤਾ ਲੱਗਣ ਤੋਂ ਬਾਅਦ ਨਸ਼ਿਆਂ ਤੇ ਨੋਟਾਂ ਦੀ ਫੜੋ-ਫੜੀ ਵਿਚ ਪੰਜਾਬ ਦੀ ਪੂਰੇ ਮੁਲਕ ‘ਚੋਂ ‘ਝੰਡੀ’ ਰਹੀ ਹੈ। ਦੇਸ਼ ਭਰ ਵਿਚ ਹੁਣ ਤੱਕ ਕਰੀਬ 132 ਕਰੋੜ ਰੁਪਏ ਦੇ ਨਸ਼ੇ ਫੜੇ ਗਏ ਹਨ ਤੇ ਇਕੱਲੇ ਪੰਜਾਬ ਵਿਚ ਸਭ ਤੋਂ ਵੱਧ 84.30 ਕਰੋੜ ਰੁਪਏ ਦੇ ਨਸ਼ੇ ਫੜੇ ਗਏ ਹਨ। ਦੇਸ਼ ਵਿਚਲੀ ਕੁੱਲ ਰਿਕਵਰੀ ਦਾ ਇਹ ਕਰੀਬ 64 ਫੀਸਦ ਹੈ। ਚੋਣ ਕਮਿਸ਼ਨ ਦੇ ਵੇਰਵਿਆਂ ਮੁਤਾਬਕ ਪੰਜਾਬ ਮਗਰੋਂ ਮਨੀਪੁਰ ਦਾ ਨੰਬਰ ਹੈ ਜਿੱਥੇ 21.18 ਕਰੋੜ ਦੇ ਨਸ਼ੇ ਫੜੇ ਗਏ ਹਨ। ਉੱਤਰ ਪ੍ਰਦੇਸ਼ ਦਾ ਨੰਬਰ ਤੀਜਾ ਹੈ ਜਿੱਥੇ 14æ68 ਕਰੋੜ ਦਾ ਨਸ਼ਾ ਬਰਾਮਦ ਕੀਤਾ ਗਿਆ ਹੈ। ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਵਿਚ 3.67 ਕਰੋੜ ਦੇ ਨਸ਼ੇ ਫੜੇ ਗਏ ਹਨ। ਜ਼ਾਬਤਾ ਲੱਗਣ ਮਗਰੋਂ ਦੇਸ਼ ਭਰ ‘ਚ ਇਸ ਮਾਮਲੇ ਵਿਚ ਮੁਸਤੈਦੀ ਵਧੀ ਹੈ। ਐਨਫੋਰਸਮੈਂਟ ਏਜੰਸੀਆਂ ਵੱਲੋਂ ਨਸ਼ੇ, ਨਗਦੀ, ਗਹਿਣੇ ਆਦਿ ਫੜੇ ਜਾ ਰਹੇ ਹਨ। ਲੋਕ ਸਭਾ ਚੋਣਾਂ ਦੌਰਾਨ ਹੁਣ ਤੱਕ ਗੁਜਰਾਤ, ਮੇਘਾਲਿਆ, ਦਿੱਲੀ, ਉੜੀਸਾ, ਸਿੱਕਿਮ, ਛਤੀਸਗੜ੍ਹ ਵਿਚ ਨਸ਼ਿਆਂ ਦੀ ਕੋਈ ਰਿਕਵਰੀ ਨਹੀਂ ਹੋਈ। ਸ਼ਰਾਬ ਦੇ ਮਾਮਲੇ ਵਿਚ ਉੱਤਰ ਪ੍ਰਦੇਸ਼ ਮੋਹਰੀ ਹੈ ਤੇ ਹੁਣ ਤੱਕ 22.55 ਕਰੋੜ ਰੁਪਏ ਦੀ ਸ਼ਰਾਬ ਫੜੀ ਜਾ ਚੁੱਕੀ ਹੈ ਜਦਕਿ ਕਰਨਾਟਕ ਵਿਚ 19.88 ਕਰੋੜ ਦੀ ਸ਼ਰਾਬ ਫੜੀ ਗਈ ਹੈ। ਪੰਜਾਬ ‘ਚੋਂ 3.22 ਕਰੋੜ ਦੀ ਸ਼ਰਾਬ ਹੀ ਫੜੀ ਗਈ ਹੈ। ਦੱਸਣਯੋਗ ਹੈ ਕਿ ਹਰਿਆਣਾ ‘ਚੋਂ ਪੰਜਾਬ ਵਿਚ ਸ਼ਰਾਬ ਦੀ ਕਾਫ਼ੀ ਤਸਕਰੀ ਹੁੰਦੀ ਹੈ। ਵੇਰਵਿਆਂ ਮੁਤਾਬਕ ਤਾਮਿਲਨਾਡੂ ਵਿਚ ਸਭ ਤੋਂ ਵੱਧ ਨਗਦੀ 36.6 ਕਰੋੜ ਰੁਪਏ ਫੜੀ ਗਈ ਹੈ ਜਦਕਿ ਪੰਜਾਬ ਵਿਚ ਹੁਣ ਤੱਕ 5.20 ਕਰੋੜ ਰੁਪਏ ਦੀ ਨਗਦੀ ਫੜੀ ਗਈ ਹੈ। ਦੇਸ਼ ਭਰ ਵਿਚ ਚੋਣਾਂ ਮੌਕੇ ਮੁਫ਼ਤ ਵਿਚ ਵੰਡੇ ਜਾਣ ਵਾਲੇ ਸਾਜ਼ੋ-ਸਾਮਾਨ ਨੂੰ ਵੀ ਫੜਿਆ ਗਿਆ ਹੈ ਜਿਸ ਦੀ ਕੀਮਤ 12.20 ਕਰੋੜ ਰੁਪਏ ਬਣਦੀ ਹੈ। ਪੰਜਾਬ ਵਿਚ ਵੱਡੀ ਬਰਾਮਦਗੀ ਤੋਂ ਹਾਲਾਂਕਿ ਲੱਗਦਾ ਹੈ ਕਿ ਏਜੰਸੀਆਂ ਕਾਫ਼ੀ ਸਖ਼ਤ ਤੇ ਚੌਕਸ ਹਨ, ਪਰ ਅੰਕੜੇ ਸੂਬੇ ਦੀ ਸਾਖ਼ ਖਰਾਬ ਕਰਨ ਵਾਲੇ ਹਨ। ਉੱਤਰ ਪ੍ਰਦੇਸ਼ ਵਿਚ ਹੁਣ ਤੱਕ ਸਭ ਤੋਂ ਵੱਧ ਬਰਾਮਦਗੀ ਸੋਨੇ ਤੇ ਚਾਂਦੀ ਦੀ ਹੋਈ ਹੈ ਜਿਸ ਦੀ ਕੀਮਤ 59.04 ਕਰੋੜ ਰੁਪਏ ਬਣਦੀ ਹੈ ਜਦਕਿ ਪੱਛਮੀ ਬੰਗਾਲ ਵਿਚ 3.51 ਕਰੋੜ ਰੁਪਏ ਦਾ ਸੋਨਾ ਤੇ ਚਾਂਦੀ ਬਰਾਮਦ ਹੋਇਆ ਹੈ। ਮੁਫ਼ਤ ਵਿਚ ਵੰਡਿਆ ਜਾਣ ਵਾਲਾ ਸਾਜ਼ੋ-ਸਾਮਾਨ ਸਭ ਤੋਂ ਵੱਧ ਤਾਮਿਲਨਾਡੂ ਵਿਚ ਫੜਿਆ ਗਿਆ ਹੈ। ਇਸ ਦੀ ਕੀਮਤ 2.36 ਕਰੋੜ ਰੁਪਏ ਬਣਦੀ ਹੈ ਜਦਕਿ ਮੱਧ ਪ੍ਰਦੇਸ਼ ਵਿਚ 1.46 ਕਰੋੜ ਅਤੇ ਰਾਜਸਥਾਨ ਵਿਚ 1.5 ਕਰੋੜ ਰੁਪਏ ਦਾ ਅਜਿਹਾ ਸਾਮਾਨ ਫੜਿਆ ਗਿਆ ਹੈ।ਸਮੁੱਚੀ ਬਰਾਮਦਗੀ ‘ਤੇ ਨਜ਼ਰ ਮਾਰੀ ਜਾਏ ਤਾਂ ਦੇਸ਼ ਭਰ ‘ਚੋਂ ਹੁਣ ਤੱਕ 539.99 ਕਰੋੜ ਦੇ ਨਸ਼ੇ, ਨਗਦੀ, ਸੋਨਾ ਤੇ ਹੋਰ ਸਮੱਗਰੀ ਫੜੀ ਗਈ ਹੈ ਤੇ ਇਸ ਵਿਚੋਂ ਪੰਜਾਬ ਦਾ ਚੌਥਾ ਨੰਬਰ ਹੈ। ਪੰਜਾਬ ਵਿਚ ਹੁਣ ਤੱਕ 92.8 ਕਰੋੜ ਦੇ ਨਸ਼ੇ, ਨਗਦੀ ਤੇ ਸੋਨਾ ਆਦਿ ਫੜੇ ਜਾ ਚੁੱਕੇ ਹਨ। ਤਾਮਿਲਨਾਡੂ ਸਮੁੱਚੇ ਤੌਰ ਉੱਤੇ ਪਹਿਲੇ ਨੰਬਰ ‘ਤੇ ਹੈ ਜਿੱਥੇ ਸਭ ਤੋਂ ਵੱਧ 107.24 ਕਰੋੜ ਰੁਪਏ ਦੀ ਬਰਾਮਦਗੀ ਹੋਈ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *