ਪਾਕਿ ਸੁਪਰੀਮ ਕੋਰਟ ਵੱਲੋਂ ਨਵਾਜ਼ ਸ਼ਰੀਫ਼ ਦੀ ਇਲਾਜ ਲਈ ਜ਼ਮਾਨਤ ‘ਤੇ ਰਿਹਾਈ


ਅੰਮ੍ਰਿਤਸਰ/ਅਲ-ਅਜ਼ੀਜ਼ਿਆ ਸਟੀਲ ਮਿੱਲਜ਼ ਭ੍ਰਿਸ਼ਟਾਚਾਰ ਮਾਮਲੇ ‘ਚ ਲਾਹੌਰ ਦੀ ਕੋਟ ਲਖਪਤ ਜੇਲ੍ਹ ‘ਚ ਬੰਦ ਸਾਬਕਾ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ਼ ਨੂੰ ਮੰਗਲਵਾਰ ਪਾਕਿਸਤਾਨ ਸੁਪਰੀਮ ਕੋਰਟ ਵਲੋਂ ਮੈਡੀਕਲ ਆਧਾਰ ‘ਤੇ 6 ਹਫ਼ਤਿਆਂ ਦੀ ਜ਼ਮਾਨਤ ਦਿੰਦਿਆਂ ਰਿਹਾਅ ਕਰ ਦਿੱਤਾ ਗਿਆ | ਚੀਫ਼ ਜਸਟਿਸ ਆਸਿਫ਼ ਸਈਦ ਖੋਸਾ ਦੀ ਪ੍ਰਧਾਨਗੀ ਵਾਲੇ ਤਿੰਨ ਮੈਂਬਰੀ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਇਹ ਫ਼ੈਸਲਾ ਸੁਣਾਇਆ | ਅਦਾਲਤ ਨੇ ਕਿਹਾ ਕਿ ਜ਼ਮਾਨਤ ਦੌਰਾਨ ਸ਼ਰੀਫ਼ ਦੇਸ਼ ਛੱਡ ਕੇ ਨਹੀਂ ਜਾਣਗੇ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਇਸਲਾਮਾਬਾਦ ਹਾਈਕੋਰਟ ਦੇ ਫ਼ੈਸਲੇ ਦੇ ਖ਼ਿਲਾਫ਼ 6 ਮਾਰਚ ਨੂੰ ਅਪੀਲ ਦਾਇਰ ਕੀਤੀ ਗਈ ਸੀ, ਪਰ ਅਦਾਲਤ ਵਲੋਂ ਮੈਡੀਕਲ ਆਧਾਰ ‘ਤੇ ਸ਼ਰੀਫ਼ ਦੀ ਜ਼ਮਾਨਤ ਦੀ ਅਪੀਲ ਖ਼ਾਰਜ ਕਰ ਦਿੱਤੀ ਗਈ ਸੀ | ਵਕੀਲ ਖ਼ਵਾਜਾ ਹੈਰਿਸ ਨੇ ਇਸ ਮਾਮਲੇ ‘ਚ ਬਹਿਸ ਦੌਰਾਨ ਕਿਹਾ ਸੀ ਕਿ ਨਵਾਜ਼ ਸ਼ਰੀਫ਼ ਪਾਕਿਸਤਾਨ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ | ਉਨ੍ਹਾਂ ਦਾ 17 ਵੱਖ-ਵੱਖ ਰੋਗਾਂ ਦਾ ਇਲਾਜ ਚਲ ਰਿਹਾ ਹੈ | ਇਸ ਮਾਮਲੇ ਦੀ ਸੁਣਵਾਈ ਕਰਦਿਆਂ ਬੈਂਚ ਨੇ ਕੌਮੀ ਜਵਾਬਦੇਹੀ ਬਿਊਰੋ ਨੂੰ ਨੋਟਿਸ ਜਾਰੀ ਕਰਦੇ ਹੋਏ 26 ਮਾਰਚ ਨੂੰ ਹਰ ਹਾਲ ‘ਚ ਆਪਣਾ ਜਵਾਬ ਦਾਖ਼ਲ ਕਰਾਉਣ ਲਈ ਕਿਹਾ ਸੀ | ਦਸਣਯੋਗ ਹੈ ਕਿ 6 ਮਾਰਚ ਨੂੰ ਚੀਫ਼ ਜਸਟਿਸ ਨੇ ਸੁਣਵਾਈ ਦੌਰਾਨ ਕਿਹਾ ਸੀ ਕਿ ਅਸੀਂ ਜਾਣਦੇ ਹਾਂ ਕਿ ਨਵਾਜ਼ ਸ਼ਰੀਫ਼ ਦਾ ਲੰਡਨ ‘ਚ ਇਲਾਜ ਚੱਲ ਰਿਹਾ ਹੈ, ਪਰ ਅਦਾਲਤ ਇਹ ਜਾਣਨਾ ਚਾਹੁੰਦੀ ਹੈ ਕਿ ਕੀ ਉਨ੍ਹਾਂ ਦੀ ਸਿਹਤ ਜੇਲ੍ਹ ‘ਚ ਖ਼ਰਾਬ ਹੋਈ ਹੈ? ਚੀਫ਼ ਜਸਟਿਸ ਨੇ ਕਿਹਾ ਕਿ ਲੰਡਨ ਤੋਂ ਆਈ ਸ਼ਰੀਫ਼ ਦੀ ਜਾਂਚ ਰਿਪੋਰਟ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਪਾਕਿ ਦੇ ਡਾਕਟਰਾਂ ਨੂੰ ਮੁਹੱਈਆ ਨਹੀਂ ਕਰਵਾਈ ਗਈ ਸੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *