ਚਾਰ ‘ਚਿਨੂਕ’ ਹੈਲੀਕਾਪਟਰ ਭਾਰਤੀ ਹਵਾਈ ਸੈਨਾ ‘ਚ ਸ਼ਾਮਿਲ ਕੀਤੇ


ਚੰਡੀਗੜ/ਭਾਰਤੀ ਹਵਾਈ ਸੈਨਾ ਦੇ ਵਿਹੜੇ ਵਿਚ ਅਮਰੀਕੀ ਕੰਪਨੀ ਬੋਇੰਗ ਵਲੋਂ ਬਣਾਏ ਗਏ 4 ਚਿਨੂਕ ਸੀ ਐਚ -47 ਹੈਵੀਲਿਫਟ ਹੈਲੀਕਾਪਟਰ ਸ਼ਾਮਿਲ ਹੋ ਗਏ। ਵੱਧ ਭਾਰ ਚੁੱਕਣ ਵਿਚ ਸਮਰੱਥ ਇਹ ਹੈਲੀਕਾਪਟਰ ਸੋਮਵਾਰ ਚੰਡੀਗੜ੍ਹ ਵਿਖੇ ਹਵਾਈ ਸੈਨਾ ਦੇ ਅੱਡੇ ਦੇ 12ਵੀਂ ਵਿੰਗ ਏਅਰ ਫੋਰਸ ਸਟੇਸ਼ਨ ਵਿਖੇ ਪਹੁੰਚੇ। ਹੈਲੀਕਾਪਟਰਾਂ ਨੂੰ ਜਹਾਜ਼ਾਂ ਦੇ ਵਿਹੜੇ ਵਿਚ ਸ਼ਾਮਿਲ ਕਰਨ ਮੌਕੇ ਆਕਰਸ਼ਕ ਇੰਡਕਸ਼ਨ ਸਮਾਗਮ ਕਰਵਾਇਆ ਗਿਆ, ਜਿਸ ਵਿਚ ਹਵਾਈ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਬੀæਐਸ਼ ਧਨੋਆ ਅਤੇ ਏਅਰ ਅਫ਼ਸਰ ਕਮਾਂਡਿੰਗ ਇਨ ਚੀਫ਼ ਪੱਛਮੀ ਏਅਰ ਕਮਾਂਡਰ, ਏਅਰ ਮਾਰਸ਼ਲ ਆਰæ ਨਾਂਬੀਅਰ ਅਤੇ ਭਾਰਤੀ ਹਵਾਈ ਸੈਨਾ ਅਤੇ ਰੱਖਿਆ ਦੇ ਕਈ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਏਅਰ ਚੀਫ਼ ਮਾਰਸ਼ਲ ਬੀ ਐਸ਼ ਧਨੋਆ ਨੇ ਕਿਹਾ ਕਿ ਚਿਨੂਕ ਨੂੰ ਸ਼ਾਮਿਲ ਕਰਨਾ ਉਸੇ ਤਰ੍ਹਾਂ ਨਾਲ ਪਾਸਾ ਪਲਟਣ ਵਾਲਾ ਸਾਬਤ ਹੋਵੇਗਾ ਜਿਵੇਂ ਲੜਾਕੂ ਜਹਾਜ਼ਾਂ ਦੇ ਵਿਹੜੇ ਵਿਚ ਰਾਫ਼ੇਲ ਦੇ ਆਉਣ ਤੋਂ ਬਾਅਦ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਚਿਨੂਕ ਨੂੰ ਭਾਰਤ ਦੀਆਂ ਵਿਸ਼ੇਸ਼ ਜ਼ਰੂਰਤਾਂ ਦੇ ਹਿਸਾਬ ਨਾਲ ਲੈਸ ਕਰ ਕੇ ਹਵਾਈ ਸੈਨਾ ਵਿਚ ਸ਼ਾਮਿਲ ਕੀਤਾ ਗਿਆ ਹੈ। ਇਸ ਦੀ ਖ਼ਾਸੀਅਤ ਇਹ ਹੈ ਕਿ ਇਹ ਨਾ ਕੇਵਲ ਦਿਨ ਵਿਚ, ਬਲਕਿ ਰਾਤ ਵਿਚ ਵੀ ਸੈਨਿਕ ਕਾਰਵਾਈ ਕਰ ਸਕਦਾ ਹੈ। ਏਅਰ ਚੀਫ਼ ਮਾਰਸ਼ਲ ਨੇ ਕਿਹਾ ਕਿ ਚਿਨੂਕ, ਜੋ ਕਿ ਇਕ ਬਹੁ ਉਦੇਸ਼ੀ ਵਰਟੀਕਲ ਲਿਟ ਪਲੇਟਫਾਰਮ ਹੈ, ਜਿਸ ਦੀ ਵਰਤੋਂ ਸੈਨਿਕਾਂ, ਹਥਿਆਰਾਂ, ਯੰਤਰਾਂ ਅਤੇ ਤੇਲ ਢੋਹਣ ਵਿਚ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਮਨੁੱਖੀ ਅਤੇ ਆਫ਼ਤ ਰਾਹਤ ਆਪਰੇਸ਼ਨਾਂ ਵਿਚ ਵੀ ਕੀਤੀ ਜਾਂਦੀ ਹੈ। ਰਾਹਤ ਸਮੱਗਰੀ ਪਹੁੰਚਾਉਣ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਬਚਾਉਣ ਵਿਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਦ ਰਾਫ਼ੇਲ ਆਵੇਗਾ ਤਦ ਸਾਡੀ ਹਵਾਈ ਰੱਖਿਆ ਸ਼ਕਤੀ ਕਈ ਗੁਣਾਂ ਵਧ ਜਾਵੇਗੀ। ਇਸ ਨਾਲ ਪਾਕਿਸਤਾਨ, ਕੰਟਰੋਲ ਰੇਖਾ ਜਾਂ ਸਰਹੱਦ ‘ਤੇ ਆਉਣ ਤੋਂ ਗੁਰੇਜ਼ ਕਰੇਗਾ।
ਚਿਨੂਕ ਦਾ ਦੂਸਰਾ ਯੂਨਿਟ ਦਿਨਜਨ (ਅਸਮ) ਵਿਚ ਸਥਾਪਿਤ ਕੀਤਾ ਜਾਵੇਗਾ। ਸਮਾਰੋਹ ਦੌਰਾਨ ਬੋਇੰਗ ਦੇ ਭਾਰਤ ਪ੍ਰਮੁੱਖ ਸਨੀਲ ਗੁਪਤਾ ਨੇ ਏਅਰ ਚੀਫ਼ ਮਾਰਸ਼ਲ ਨੂੰ ਚਿਨੂਕ ਦੀ ਚਾਬੀ ਸੌਂਪੀ, ਜਿਨ੍ਹਾਂ ਨੇ ਇਹ ਚਾਬੀ ਹਵਾਈ ਸੈਨਾ ਦੇ ਕਮਾਂਡਰਾਂ ਨੂੰ ਅਧਿਕਾਰਤ ਤੌਰ ‘ਤੇ ਸੌਂਪ ਦਿੱਤੀ। ਗੁਪਤਾ ਨੇ ਕਿਹਾ ਕਿ ਚਿਨੂਕ ਹੈਲੀਕਾਪਟਰਾਂ ਦੀ ਪਹਿਲੀ ਡਲੀਵਰੀ ਨਿਰਧਾਰਤ ਸਮੇਂ ਤੋਂ ਪਹਿਲਾਂ ਦੇ ਦਿੱਤੀ ਗਈ ਹੈ ਅਤੇ ਇਸ ਦੀ ਆਖਰੀ ਕਿਸ਼ਤ ਅਗਲੇ ਸਾਲ ਮਾਰਚ ਤੱਕ ਦੇ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਭਾਰਤ ਨੇ ਅਮਰੀਕਾ ਨਾਲ ਸਤੰਬਰ 2015 ਵਿਚ ਚਿਨੂਕ ਹੈਲੀਕਾਪਟਰਾਂ ਦਾ ਕੁੱਲ 8,845 ਕਰੋੜ ਰੁਪਏ ਵਿਚ ਸੌਦਾ ਕੀਤਾ ਸੀ ਜਿਸ ਦੀ ਪਹਿਲੀ ਕਿਸ਼ਤ ਦੇ ਤੌਰ ‘ਤੇ ਅੱਜ 4 ਚਿਨੂਕ ਹੈਲੀਕਾਪਟਰ ਭਾਰਤੀ ਸੈਨਾ ਵਿਚ ਸ਼ਾਮਿਲ ਹੋਏ। ਦੱਸਣਯੋਗ ਹੈ ਕਿ ਇਹ ਚਿਨੂਕ ਉਹੀ ਹੈਲੀਕਾਪਟਰ ਹੈ ਜਿਸ ਦੀ ਵਰਤੋਂ ਅਮਰੀਕਾ ਨੇ ਲਾਦੇਨ ਨੂੰ ਮਾਰਨ ਵੇਲੇ ਕੀਤੀ ਸੀ। ਬੋਇੰਗ ਸੀæਐਚæ 47 ਚਿਨੂਕ ਹੈਲੀਕਾਪਟਰ ਡਬਲ ਇੰਜਣ ਵਾਲਾ ਹੈ, ਜਿਸ ਦੀ ਵਰਤੋਂ ਦੁਨੀਆ ਦੇ 19 ਮੁਲਕਾਂ ਦੀਆਂ ਹਵਾਈ ਸੈਨਾਵਾਂ ਕਰ ਰਹੀਆਂ ਹਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *