ਪਾਕਿ ਨੇ ਸ਼ਾਰਦਾ ਪੀਠ ਮੰਦਰ ਨੂੰ ਲਾਂਘਾ ਦੇਣ ਦੀ ਹਾਮੀ ਭਰੀ


ਇਸਲਾਮਾਬਾਦ/ਪਾਕਿਸਤਾਨ ਸਰਕਾਰ ਨੇ ਸੋਮਵਾਰ ਨੂੰ ਮਕਬੂਜ਼ਾ ਕਸ਼ਮੀਰ ਵਿੱਚ ਸਥਿਤ ਪੁਰਾਤਨ ਹਿੰਦੂ ਮੰਦਰ ਸ਼ਾਰਦਾ ਪੀਠ ਨੂੰ ਲਾਂਘਾ ਦੇਣ ਦੀ ਯੋਜਨਾ ਸਵੀਕਾਰ ਕਰ ਲਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਜੇ ਸ਼ਾਰਦਾ ਪੀਠ ਮੰਦਰ ਲਾਂਘਾ ਖੁੱਲ੍ਹ ਜਾਂਦਾ ਹੈ ਤਾਂ ਪਾਕਿਸਤਾਨ ਵੱਲੋਂ ਕਰਤਾਰਪੁਰ ਤੋਂ ਬਾਅਦ ਦਿੱਤਾ ਇਹ ਦੂਜਾ ਲਾਂਘਾ ਹੋ ਜਾਵੇਗਾ।
ਪਾਕਿਸਤਾਨ ਸਥਿਤ ਐਕਸਪ੍ਰੈਸ ਟ੍ਰਿਬਿਊਨ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ ਕਿ ਭਾਰਤ ਸ਼ਾਰਦਾ ਪੀਠ ਮੰਦਰ ਲਾਂਘੇ ਲਈ ਪਹਿਲਾਂ ਹੀ ਤਜ਼ਵੀਜ ਭੇਜ ਚੁੱਕਾ ਹੈ। ਸੂਤਰਾਂ ਅਨੁਸਾਰ ਜਲਦੀ ਹੀ ਸੀਨੀਅਰ ਅਧਿਕਾਰੀ ਮੰਦਰ ਸਥਾਨ ਦਾ ਦੌਰਾ ਕਰਨਗੇ ਅਤੇ ਪ੍ਰਧਾਨ ਮੰਤਰੀ ਨੂੰ ਰਿਪੋਰਟ ਸੌਂਪਣਗੇ। ਅਸ਼ੋਕ ਮਹਾਨ ਦੇ ਸਾਮਰਾਜ ਦੌਰਾਨ ਸਥਾਪਿਤ 5000 ਸਾਲ ਪੁਰਾਣਾ ਇਹ ਮੰਦਰ ਪੁਰਾਤਨ ਸਮੇਂ ਵਿੱਚ ਸਿੱਖਿਆ ਦਾ ਵੱਡਾ ਕੇਂਦਰ ਰਿਹਾ ਹੈ ਪਰ ਦੇਸ਼ ਵੰਡ ਤੋਂ ਬਾਅਦ ਖੰਡਰ ਦਾ ਰੂਪ ਧਾਰ ਗਿਆ ਸੀ। ਮਾਰਤੰਡ ਸੂਰਜ ਮੰਦਰ ਆਨੰਤਨਾਗ, ਅਮਰਨਾਥ ਗੁਫ਼ਾ ਤੋਂ ਬਾਅਦ ਕਸ਼ਮੀਰੀ ਪੰਡਤਾਂ ਦਾ ਇਹ ਤੀਜਾ ਵੱਡਾ ਧਾਰਮਿਕ ਸਥਾਨ ਹੈ। ਪਾਕਿਸਤਾਨ ਤਹਿਰੀਕ ਏ ਇਨਸਾਫ਼ ਦੇ ਮੈਂਬਰ ਅਤੇ ਕੌਮੀ ਅਸੈਂਬਲੀ ਮੈਂਬਰ ਰਾਮੇਸ਼ ਕੁਮਾਰ ਅਨੁਸਾਰ ਪਾਕਿਸਤਾਨ ਨੇ ਸ਼ਾਰਦਾ ਮੰਦਰ ਨੂੰ ਖੋਲ੍ਹਣ ਦਾ ਫੈਸਲਾ ਕਰ ਲਿਆ ਹੈ।
ਇਸ ਦੌਰਾਨ ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਮਕਬੂਜ਼ਾ ਕਸ਼ਮੀਰ ਵਿੱਚ ਸਥਿਤ ਸ਼ਾਰਦਾ ਪੀਠ ਮੰਦਰ ਦੇ ਕਸ਼ਮੀਰੀ ਪੰਡਿਤਾਂ ਲਈ ਖੁੱਲ੍ਹਣ ਨਾਲ ਭਾਰਤ ਤੇ ਪਾਕਿਸਤਾਨ ਵਿਚਾਲੇ ਸਬੰਧ ਸੁਖਾਵੇਂ ਹੋ ਸਕਦੇ ਹਨ। ਉਨ੍ਹਾਂ ਟਵੀਟ ਕੀਤਾ ਕਿ ਉਨ੍ਹਾਂ ਨੇ ਮਕਬੂਜ਼ਾ ਕਸ਼ਮੀਰ ਵਿੱਚ ਸਥਿਤ ਸ਼ਾਰਦਾ ਪੀਠ ਮੰਦਰ ਨੂੰ ਕਸ਼ਮੀਰੀ ਪੰਡਿਤਾਂ ਲਈ ਖੋਲਣ ਵਾਸਤੇ ਪੱਤਰ ਵੀ ਲਿਖਿਆ ਸੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *