ਸੁਖਬੀਰ ਫਿਰੋਜ਼ਪੁਰ ਤੋਂ ਅਤੇ ਹਰਸਿਮਰਤ ਬਠਿੰਡਾ ਤੋਂ ਲੜਣਗੇ ਚੋਣ


ਚੰਡੀਗੜ੍ਹ/ਸ਼੍ਰੋਮਣੀ ਅਕਾਲੀ ਦਲ ਵੱਲੋਂ ਆਗਾਮੀ ਸੰਸਦੀ ਚੋਣਾਂ ਨੂੰ ਲੈ ਕੇ ਦੋ ਸੰਸਦੀ ਹਲਕਿਆਂ ਲੁਧਿਆਣਾ ਅਤੇ ਫ਼ਰੀਦਕੋਟ ਤੋਂ ਬਿਨਾਂ ਬਾਕੀ ਹਲਕਿਆਂ ਤੋਂ ਉਮੀਦਵਾਰਾਂ ਦੇ ਨਾਮ ਲਗਪਗ ਤੈਅ ਕਰ ਲਏ ਹਨ। ਪਾਰਟੀ ਦੀ ਨਵੀਂ ਰਣਨੀਤੀ ਮੁਤਾਬਕ ਬਾਦਲ ਪਰਿਵਾਰ ਦੇ ਦੋਹਾਂ ਅਹਿਮ ਮੈਂਬਰਾਂ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੂੰ ਹੀ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਗਿਆ ਹੈ।
ਅਕਾਲੀ ਦਲ ਦੇ ਸੂਤਰਾਂ ਦਾ ਦੱਸਣਾ ਹੈ ਕਿ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸਿੱਟਾ ਕੱਢਿਆ ਗਿਆ ਹੈ ਕਿ ਪਾਰਟੀ ਨੂੰ ਮੁੜ ਤੋਂ ਖੜ੍ਹੀ ਕਰਨ ਅਤੇ ਲੋਕਾਂ ਵਿੱਚ ਮਜ਼ਬੂਤ ਆਧਾਰ ਬਣਾਉਣ ਲਈ ਸੁਖਬੀਰ ਸਿੰਘ ਬਾਦਲ ਨੂੰ ਸੁਰੱਖਿਅਤ ਸਮਝੇ ਜਾਂਦੇ ਹਲਕੇ ਫਿਰੋਜ਼ਪੁਰ ਤੋਂ ਚੋਣ ਲੜਾਈ ਜਾਵੇ ਤੇ ਹਰਸਿਮਰਤ ਕੌਰ ਬਾਦਲ ਆਪਣੇ ਪਹਿਲੇ ਹਲਕੇ ਬਠਿੰਡਾ ਤੋਂ ਹੀ ਚੋਣ ਲੜਨ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਅਕਾਲੀ ਦਲ ਅੰਦਰ ਜਿਨ੍ਹਾਂ ਨਾਵਾਂ ‘ਤੇ ਹੁਣ ਤੱਕ ਸਹਿਮਤੀ ਬਣ ਚੁੱਕੀ ਹੈ। ਉਨ੍ਹਾਂ ਵਿੱਚ ਫਿਰੋਜ਼ਪੁਰ ਹਲਕੇ ਤੋਂ , ਫ਼ਤਿਹਗੜ੍ਹ ਸਹਿਬ ਤੋਂ ਦਰਬਾਰਾ ਸਿੰਘ ਗੁਰੂ ਸ਼ਾਮਲ ਹਨ। ਬੀਬੀ ਜਗੀਰ ਕੌਰ ਨੂੰ ਖਡੂਰ ਸਾਹਿਬ ਅਤੇ ਚਰਨਜੀਤ ਸਿੰਘ ਅਟਵਾਲ ਨੂੰ ਜਲੰਧਰ ਤੋਂ ਪਹਿਲਾਂ ਹੀ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ। ਪਾਰਟੀ ਆਗੂਆਂ ਦਾ ਦੱਸਣਾ ਹੈ ਕਿ ਲੁਧਿਆਣਾ ਅਤੇ ਫ਼ਰੀਦਕੋਟ ਤੋਂ ਉਮੀਦਵਾਰ ਦੀ ਚੋਣ ਸਬੰਧੀ ਕਸ਼ਕਮਸ਼ ਜਾਰੀ ਹੈ। ਪਾਰਟੀ ਆਗੂਆਂ ਦਾ ਇਹ ਵੀ ਦੱਸਣਾ ਹੈ ਕਿ ਕਾਂਗਰਸ ਦੀ ਰਣਨੀਤੀ ਦੇਖ ਕੇ ਉਮੀਦਵਾਰਾਂ ‘ਚ ਤਬਦੀਲੀ ਕੀਤੇ ਜਾਣ ਦੇ ਆਸਾਰ ਹਨ ਉਂਜ ਇਸ ਸਮੇਂ ਤੱਕ ਉਕਤ ਨਾਮ ਤੈਅ ਹਨ।
ਪੰਜਾਬ ਦੀ ਸੱਤਾ ‘ਤੇ ਇੱਕ ਦਹਾਕਾ ਕਾਬਜ਼ ਰਹਿਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਸਭ ਤੋਂ ਵੱਡੇ ਸਿਆਸੀ ਸੰਕਟ ਦਾ ਸਾਹਮਣਾ ਕਰ ਰਿਹਾ ਦਿਖਾਈ ਦੇ ਰਿਹਾ ਹੈ। ਪਾਰਟੀ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਸੁਖਬੀਰ ਸਿੰਘ ਬਾਦਲ ਨੂੰ ਚੋਣ ਮੈਦਾਨ ‘ਚ ਉਤਾਰਨ ‘ਤੇ ਵਿਚਾਰ ਕੀਤਾ ਗਿਆ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਦਲ ਦੇ ਪ੍ਰਧਾਨ ਚੋਣ ਮੈਦਾਨ ਵਿੱਚ ਹੋਣਗੇ ਉਸ ਨਾਲ ਕਈ ਤਰ੍ਹਾਂ ਦੇ ਸਮੀਕਰਨ ਬਦਲਣ ਦਾ ਅਨੁਮਾਨ ਹੈ। ਅਕਾਲੀ ਦਲ ਦੇ ਅਨੁਮਾਨਾਂ ਮੁਤਾਬਕ ਸਭ ਤੋਂ ਪਹਿਲਾਂ ਤਾਂ ਕਾਂਗਰਸ ਨੂੰ ਆਪਣੀ ਰਣਨੀਤੀ ਬਦਲਣੀ ਪਵੇਗੀ ਤੇ ਹਾਕਮ ਧਿਰ ਦੀ ਸ਼ਕਤੀ ਨੂੰ ਦੋ ਸੰਸਦੀ ਹਲਕਿਆਂ ਬਠਿੰਡਾ ਤੇ ਫਿਰੋਜ਼ਪੁਰ ਦੁਆਲੇ ਹੀ ਕੇਂਦਰਤ ਕਰਕੇ ਹੋਰਨਾਂ ਹਲਕਿਆਂ ਅੰਦਰ ਪਾਰਟੀ ਦੀ ਸਥਿਤੀ ਮਜ਼ਬੂਤ ਹੋ ਸਕਦੀ ਹੈ। ਇਸੇ ਤਰ੍ਹਾਂ ਦੂਜਾ ਪੱਖ ਇਹ ਹੈ ਕਿ ਪਾਰਟੀ ਕਾਡਰ ਵਿੱਚ ਜੋਸ਼ ਭਰਿਆ ਜਾਵੇਗਾ। ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਬੇਅਦਬੀ ਅਤੇ ਗੋਲੀ ਕਾਂਡ ਦੇ ਪ੍ਰਛਾਵਿਆਂ ਕਾਰਨ ਦਿਹਾਤੀ ਖੇਤਰ ਵਿਚਲਾ ਵਰਕਰ ਪਿਛਲੇ ਸਮੇਂ ਤੋਂ ਮਾਯੂਸੀ ‘ਚ ਹੈ। ਅਕਾਲੀ ਦਲ ਆਗਾਮੀ ਸੰਸਦੀ ਚੋਣਾਂ ਦੌਰਾਨ ਕਰੋ ਜਾਂ ਮਰੋ ਦੀ ਲੜਾਈ ਲੜਨ ਦੇ ਰੌਂਅ ‘ਚ ਹੈ ਕਿਉਂਕਿ ਪਾਰਟੀ ਅੰਦਰ ਇਹ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਸੰਸਦੀ ਚੋਣਾਂ ਦੌਰਾਨ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਨਾ ਦਿਖਾਈ ਜਾ ਸਕੀ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਹੱਥੋਂ ਜਾ ਸਕਦੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਦਾਅਵਾ ਹੈ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਉਮੀਦਵਾਰਾਂ ਸਬੰਧੀ ਫੈਸਲਾ ਸ਼੍ਰੋਮਣੀ ਕਮੇਟੀ ਮੈਂਬਰਾਂ, ਸਰਕਲ ਪ੍ਰਧਾਨਾਂ, ਜ਼ਿਲ੍ਹਾ ਜਥੇਦਾਰਾਂ ਅਤੇ ਹਲਕਾ ਇੰਚਾਰਜਾਂ ਨਾਲ ਮੀਟਿੰਗਾਂ ਕਰਕੇ ਕੀਤਾ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਜਿਨ੍ਹਾਂ ਆਗੂਆਂ ਨੂੰ ਉਮੀਦਵਾਰ ਬਨਾਉਣ ਬਾਰੇ ਸਰਬਸੰਮਤੀ ਬਣੀ ਅਜਿਹੇ ਉਮੀਦਵਾਰਾਂ ਦੇ ਨਾਵਾਂ ਨੂੰ ਹੀ ਅੰਤਿਮ ਰੂਪ ਦਿੱਤਾ ਗਿਆ ਹੈ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਲੁਧਿਆਣਾ ਤੋਂ ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ ਅਤੇ ਰਣਜੀਤ ਸਿੰਘ ਢਿੱਲੋਂ ਦੇ ਨਾਮ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।
ਇਸੇ ਤਰ੍ਹਾਂ ਫ਼ਰੀਦਕੋਟ ਲਈ ਵੀ ਜਸਟਿਸ (ਸੇਵਾ ਮੁਕਤ) ਨਿਰਮਲ ਸਿੰਘ, ਜੋਗਿੰਦਰ ਸਿੰਘ ਪੰਜਗਰਾਈਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਅਕਾਲੀ ਦਲ ਵੱਲੋਂ ਇਸ ਰਾਖਵੇਂ ਹਲਕੇ ਲਈ ਕੁੱਝ ਹੋਰਨਾਂ ਨਾਵਾਂ ‘ਤੇ ਵੀ ਚਰਚਾ ਕੀਤੀ ਜਾ ਰਹੀ ਹੈ। ਅਕਾਲੀ ਦਲ ਵੱਲੋ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਤਹਿਤ 10 ਹਲਕਿਆਂ ਤੋਂ ਉਮੀਦਵਾਰ ਖੜ੍ਹੇ ਕੀਤੇ ਜਾਣੇ ਹਨ। ਇਸ ਤਰ੍ਹਾਂ ਨਾਲ ਸਥਿਤੀ ਸਪੱਸ਼ਟ ਹੈ ਕਿ 8 ਸੰਸਦੀ ਹਲਕਿਆਂ ਤੋਂ ਪਾਰਟੀ ਨੇ ਉਮੀਦਵਾਰਾਂ ਦੇ ਨਾਵਾਂ ‘ਤੇ ਸਹਿਮਤੀ ਬਣਾ ਲਈ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *