ਹੋਲਾ ਮਹੱਲਾ ਦੇ ਪਵਿੱਤਰ ਮੌਕੇ ‘ਤੇ ਖਾਲਸਈ ਰੰਗ ਵਿਚ ਰੰਗਿਆ ਆਨੰਦਪੁਰ ਸਾਹਿਬ

10 ਲੱਖ ਦੇ ਕਰੀਬ ਸ਼ਰਧਾਲੂਆਂ ਨੇ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਕੀਤੇ
ਸ੍ਰੀ ਆਨੰਦਪੁਰ ਸਾਹਿਬ/ਹੋਲੇ ਮਹੱਲੇ ਮੌਕੇ ਉੱਤੇ ਆਨੰਦਪੁਰ ਸਾਹਿਬ ਖਾਲਸਾਈ ਰੰਗ ਵਿਚ ਰੰਗਿਆ ਨਜ਼ਰ ਆਇਆ। ਨੀਲੀਆਂ ਤੇ ਕੇਸਰੀ ਦਸਤਾਰਾਂ ਸਜਾ ਕੇ ਨੌਜਵਾਨ ਤੇ ਬੀਬੀਆਂ ਜਿੱਥੇ ਖਾਲਸਈ ਜਾਹੋ ਜਲਾਲ ਦਾ ਅਹਿਸਾਸ ਕਰਵਾ ਰਹੇ ਸਨ, ਉੱਥੇ ਹੀ ਸ਼ਾਮ ਤੱਕ 10 ਲੱਖ ਦੇ ਕਰੀਬ ਸ਼ਰਧਾਲੂਆਂ ਨੇ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਲੱਖਾਂ ਦੀ ਗਿਣਤੀ ‘ਚ ਪਹੁੰਚੀਆਂ ਸੰਗਤਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਇਤਿਹਾਸਕ ਧਾਰਮਿਕ ਅਸਥਾਨ ਜਿਨ੍ਹਾਂ ‘ਚ ਗੁ: ਗੁਰੂ ਕੇ ਮਹਿਲ ਭੋਰਾ ਸਾਹਿਬ, ਗੁ: ਸੀਸ ਗੰਜ ਸਾਹਿਬ, ਗੁ: ਕਿਲ੍ਹਾ ਅਨੰਦਗੜ੍ਹ ਸਾਹਿਬ, ਗੁ: ਕਿਲ੍ਹਾ ਫ਼ਤਹਿਗੜ੍ਹ ਸਾਹਿਬ ਆਦਿ ‘ਤੇ ਘੰਟਿਆਂਬੱਧੀ ਕਤਾਰਾਂ ‘ਚ ਲੱਗ ਕੇ ਨਤਮਸਤਕ ਹੋਈਆਂ ਅਤੇ ਗੁਰੂ ਸਾਹਿਬਾਨ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ | ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਚੱਲ ਰਹੇ ਧਾਰਮਿਕ ਸਮਾਗਮਾਂ ‘ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਪ੍ਰੇਮ ਸਿੰਘ ਚੰਦੂਮਾਜਰਾ ਆਦਿ ਨੇ ਸੰਬੋਧਨ ‘ਚ ਸੰਗਤਾਂ ਨੂੰ ਹੋਲੇ-ਮਹੱਲੇ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਗੁਰੂ ਸਾਹਿਬਾਨ ਨੇ ਭਾਰਤੀ ਲੋਕਾਂ ‘ਚ ਸਮੇਂ ਦੀਆਂ ਜਾਬਰ ਅਤੇ ਜ਼ਾਲਮ ਸਰਕਾਰਾਂ ਦਾ ਟਾਕਰਾ ਕਰਨ ਲਈ ਪੁਰਾਤਨ ਹੋਲੀ ਦੇ ਤਿਉਹਾਰ ਨੂੰ ਨਵਾਂ ਰੂਪ ਦੇ ਕੇ ਹੋਲਾ-ਮਹੱਲਾ ਦੀ ਪਰੰਪਰਾ ਆਰੰਭ ਕੀਤੀ ਸੀ | ਜਿਸ ‘ਚ ਲੋਕਾਂ ਨੂੰ ਜੰਗੀ ਕਲਾ ਦੇ ਅਭਿਆਸ ਦੇ ਨਾਲ ਤਲਵਾਰਬਾਜ਼ੀ, ਨੇਜ਼ੇਬਾਜ਼ੀ ਦੇ ਗੁਰ ਸਿਖਾ ਕੇ ਜ਼ੁਲਮ ਦਾ ਟਾਕਰਾ ਕਰਨ ਲਈ ਤਿਆਰ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਜਿੱਥੇ ਤਿਆਗ ਦਾ ਸੰਦੇਸ਼ ਦਿੰਦੀ ਹੈ ਉੱਥੇ ਹੀ ਜ਼ੁਲਮ ਖ਼ਿਲਾਫ਼ ਸੰਘਰਸ਼ ਲਈ ਲੋਕਾਂ ਨੂੰ ਲਾਮਬੰਦ ਕਰਦੀ ਹੈ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਹੋਲੇ-ਮਹੱਲੇ ਦੇ ਪਾਵਨ ਤਿਉਹਾਰ ਮੌਕੇ ਗੁਰੂ ਸਾਹਿਬਾਨ ‘ਤੇ ਦਰਸਾਏ ਮਾਰਗ ਦੇ ਚੱਲਦਿਆਂ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ |
ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਖ਼ਾਸ ਤੌਰ ‘ਤੇ ਹੋਲੇ ਮਹੱਲੇ ਮੌਕੇ ਆਉਣ ਵਾਲੀ ਸੰਗਤ ਦਾ ਸੁਰੱਖਿਆ ਬੀਮਾ ਕਰਵਾਇਆ ਗਿਆ ਹੈ। ਜੇ ਕੋਈ ਹਾਦਸਾ ਹੁੰਦਾ ਹੈ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਮਾਲੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੰਗਤ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤੇ ਸਮੁੱਚਾ ਅਮਲਾ ਤਨਦੇਹੀ ਨਾਲ ਡਿਊਟੀ ਦੇ ਰਿਹਾ ਹੈ।
ਇਸ ਤੋਂ ਪਹਿਲਾਂ ਸਮਾਗਮਾਂ ‘ਚ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਸਪਿੰਦਰ ਸਿੰਘ ਨੇ ਆਸਾ ਦੀ ਵਾਰ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਗੰ੍ਰਥੀ ਸ੍ਰੀ ਦਰਬਾਰ ਸਾਹਿਬ ਨੇ ਕਥਾ ਵਿਚਾਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਫੂਲਾ ਸਿੰਘ ਨੇ ਪਾਵਨ ਸ਼ਾਸਤਰਾਂ ਦੇ ਦਰਸ਼ਨ ਅਤੇ ਸੰਖੇਪ ਇਤਿਹਾਸ, ਭਾਈ ਗੁਰਪ੍ਰੀਤ ਸਿੰਘ ਹੁਸ਼ਿਆਰਪੁਰ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪਰਵਾਨਾ, ਭਾਈ ਸਤਨਾਮ ਸਿੰਘ ਕੋਹਾੜਕਾ, ਗਿਆਨੀ ਬਲਦੇਵ ਸਿੰਘ ਪਾਉਂਟਾ ਸਾਹਿਬ, ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਆਦਿ ਨੇ ਸੰਗਤਾਂ ਨੂੰ ਕਥਾ ਵਿਚਾਰਾਂ ਅਤੇ ਸ਼ਬਦ ਕੀਰਤਨ ਰਾਹੀਂ ਨਿਹਾਲ ਕੀਤਾ |
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸਮੁੱਚੀਆਂ ਨਿਹੰਗ ਸਿੰਘ ਫ਼ੌਜਾਂ ਵਲੋਂ ਹੋਲੇ-ਮਹੱਲੇ ਦੀ ਸਮਾਪਤੀ ਮੌਕੇ 22 ਮਾਰਚ ਨੂੰ ਸਜਾਏ ਜਾਣ ਵਾਲੇ ਮਹੱਲੇ ਮੌਕੇ ਜੰਗਜੂ ਕਰਤਬ, ਘੋੜਸਵਾਰੀ, ਨੇਜ਼ੇਬਾਜ਼ੀ ਅਤੇ ਗਤਕੇ ਦੇ ਜੌਹਰ ਦਿਖਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈ ਹਨ | ਇਸ ਮੌਕੇ ਉਕਤ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀ: ਮੀਤ ਪ੍ਰਧਾਨ ਭਾਈ ਮਨਜੀਤ ਸਿੰਘ, ਮੀਤ ਪ੍ਰਧਾਨ ਡਾæ ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਦੇ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ, ਜਥੇ: ਪਰਮਜੀਤ ਸਿੰਘ ਲੱਖੇਵਾਲ, ਬੀਬੀ ਰਣਜੀਤ ਕੌਰ ਮਾਹਿਲਪੁਰੀ, ਜਥੇਦਾਰ ਮੋਹਨ ਸਿੰਘ ਢਾਹੇ, ਪਰਮਜੀਤ ਸਿੰਘ ਮਾਕੜ, ਮਨਜਿੰਦਰ ਸਿੰਘ ਬਰਾੜ, ਹਰਜੀਤ ਸਿੰਘ ਅਚਿੰਤ, ਸੰਦੀਪ ਸਿੰਘ ਕਲੋਤਾ ਪ੍ਰਧਾਨ ਯੂਥ ਅਕਾਲੀ ਦਲ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਅਕਾਲੀ ਵਰਕਰ ਹਾਜ਼ਰ ਸਨ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *