ਕਾਂਗਰਸ ਤੇ ਨੈਸ਼ਨਲ ਕਾਨਫਰੰਸ ਨੇ ਜੰਮੂ ਕਸ਼ਮੀਰ ‘ਚ ਗੱਠਜੋੜ ਐਲਾਨਿਆ


ਕਾਂਗਰਸ ਦੋ ਅਤੇ ਐਨਸੀ ਇਕ ਸੀਟ ‘ਤੇ ਲੜਨਗੇ ਚੋਣ
ਦੋ ਸੀਟਾਂ ‘ਤੇ ਹੋਵੇਗਾ ਦੋਸਤਾਨਾ ਮੁਕਾਬਲਾ
ਨਵੀਂ ਦਿੱਲੀ/ਕਾਂਗਰਸ ਅਤੇ ਨੈਸ਼ਨਲ ਕਾਨਫਰੰਸ (ਐਨਸੀ) ਨੇ ਲੋਕ ਸਭਾ ਚੋਣਾਂ ਲਈ ਜੰਮੂ ਕਸ਼ਮੀਰ ‘ਚ ਗਠਜੋੜ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਕੌਮ ਦੇ ਹਿੱਤ ‘ਚ ਕੀਤਾ ਗਿਆ ਹੈ। ਦੋਵੇਂ ਪਾਰਟੀਆਂ ਮੁਤਾਬਕ ਗਠਜੋੜ ਧਰਮ ਨਿਰਪੱਖ ਤਾਕਤਾਂ ਨੂੰ ਮਜ਼ਬੂਤ ਕਰਨ ‘ਚ ਸਹਾਈ ਹੋਵੇਗਾ। ਕਾਂਗਰਸ ਆਗੂ ਗ਼ੁਲਾਮ ਨਬੀ ਆਜ਼ਾਦ ਅਤੇ ਐਨਸੀ ਸਰਪ੍ਰਸਤ ਫਾਰੂਕ ਅਬਦੁੱਲਾ ਨੇ ਇਕੱਠਿਆਂ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਾਂਗਰਸ ਜੰਮੂ ਤੇ ਊਧਮਪੁਰ ਅਤੇ ਨੈਸ਼ਨਲ ਕਾਨਫਰੰਸ ਸ੍ਰੀਨਗਰ ਤੋਂ ਲੋਕ ਸਭਾ ਚੋਣਾਂ ਲੜਨਗੇ। ਉਨ੍ਹਾਂ ਕਿਹਾ ਕਿ ਅਨੰਤਨਾਗ ਅਤੇ ਬਾਰਮੂਲਾ ਸੀਟਾਂ ‘ਤੇ ਦੋਵੇਂ ਪਾਰਟੀਆਂ ਵਿਚਕਾਰ ‘ਦੋਸਤਾਨਾ ਮੁਕਾਬਲਾ’ ਹੋਵੇਗਾ। ਸ੍ਰੀ ਅਬਦੁੱਲਾ ਨੇ ਕਿਹਾ ਕਿ ਦੋਵੇਂ ਪਾਰਟੀਆਂ ਲੱਦਾਖ਼ ਸੀਟ ਲਈ ਸਮਝੌਤੇ ਬਾਰੇ ਵਿਚਾਰ ਕਰ ਰਹੀਆਂ ਹਨ। ਸ੍ਰੀ ਆਜ਼ਾਦ ਨੇ ਕਿਹਾ,”ਜੀਓ ਅਤੇ ਜਿਊਣ ਦਿਓ। ਇਹ ਦੇਸ਼ ਹਿੱਤ ‘ਚ ਲਿਆ ਗਿਆ ਵਧੀਆ ਫ਼ੈਸਲਾ ਹੈ। ਕਾਂਗਰਸ ਜਾਂ ਨੈਸ਼ਨਲ ਕਾਨਫਰੰਸ ‘ਚੋਂ ਕੋਈ ਵੀ ਪਾਰਟੀ ਜਿੱਤੇ, ਦੋਹਾਂ ਲਈ ਇਹ ਸਾਂਝੀ ਜਿੱਤ ਹੋਵੇਗੀ।” ਉਨ੍ਹਾਂ ਕਿਹਾ ਕਿ ਗਠਜੋੜ ਨਾਲ ਧਰਮ ਨਿਰਪੱਖ ਵੋਟਾਂ ਦੀ ਵੰਡ ਨਹੀਂ ਹੋਵੇਗੀ ਅਤੇ ਭਾਜਪਾ ਨੂੰ ਕੋਈ ਲਾਭ ਨਹੀਂ ਪਹੁੰਚੇਗਾ।
ਇਸ ਦੌਰਾਨ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਵਿਚਕਾਰ ਸੂਬੇ ‘ਚ ਗਠਜੋੜ ਹੋਣ ਮਗਰੋਂ ਭਾਜਪਾ ਦੀ ਜੰਮੂ ਕਸ਼ਮੀਰ ਇਕਾਈ ਨੇ ਦੋਸ਼ ਲਾਇਆ ਹੈ ਕਿ ਕਾਂਗਰਸ, ਨੈਸ਼ਨਲ ਕਾਨਫਰੰਸ ਦੇ ਵੱਖਵਾਦ ਪੱਖੀ ਏਜੰਡੇ ਅੱਗੇ ਝੁਕ ਗਈ ਹੈ। ਭਾਜਪਾ ਦੇ ਤਰਜਮਾਨ ਬ੍ਰਿਗੇਡੀਅਰ (ਸੇਵਾਮੁਕਤ) ਅਨਿਲ ਗੁਪਤਾ ਨੇ ਕਿਹਾ ਕਿ ਇਹ ਗਠਜੋੜ ਅੱਖਾਂ ‘ਚ ਮਿੱਟੀ ਪਾਉਣ ਵਾਲਾ ਹੈ। ਗਠਜੋੜ ਨੂੰ ਮੌਕਾਪ੍ਰਸਤ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਕਸ਼ਮੀਰੀ ਪ੍ਰਭਾਵ ਨੂੰ ਉਤਸ਼ਾਹਿਤ ਕਰਨ ‘ਤੇ ਕੇਂਦਰਤ ਹੈ ਕਿਉਂਕਿ ਉਨ੍ਹਾਂ ਜੰਮੂ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੋਵੇਂ ਪਾਰਟੀਆਂ ‘ਚ ਗਠਜੋੜ ਨਾਲ ਦਹਿਸ਼ਤੀ ਨੈੱਟਵਰਕ ਨੂੰ ਹਮਾਇਤ ਮਿਲੇਗੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *