ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਲੰਡਨ ‘ਚ ਗ੍ਰਿਫ਼ਤਾਰ


ਅਦਾਲਤ ਨੇ 29 ਮਾਰਚ ਤੱਕ ਹਿਰਾਸਤ ‘ਚ ਭੇਜਿਆ
ਲੰਡਨ/ਪੰਜਾਬ ਨੈਸ਼ਨਲ ਬੈਂਕ ਘੁਟਾਲਾ ਕੇਸ ਦੇ ਮੁੱਖ ਮੁਲਜ਼ਮ ਨੀਰਵ ਮੋਦੀ ਨੂੰ ਬਰਤਾਨੀਆ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਇਸ ਭਗੌੜੇ ਹੀਰਾ ਕਾਰੋਬਾਰੀ ਨੂੰ ਇੱਥੋਂ ਦੀ ਇੱਕ ਅਦਾਲਤ ਨੇ 29 ਮਾਰਚ ਤੱਕ ਹਿਰਾਸਤ ‘ਚ ਭੇਜ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਇਹ ਗੱਲ ਪੱਕੀ ਹੈ ਕਿ ਜੇਕਰ ਮੁਲਜ਼ਮ ਨੂੰ ਜ਼ਮਾਨਤ ‘ਤੇ ਛੱਡ ਦਿੱਤਾ ਗਿਆ ਤਾਂ ਉਹ ਬਾਅਦ ਵਿੱਚ ਆਤਮ ਸਮਰਪਣ ਲਈ ਪੇਸ਼ ਨਹੀਂ ਹੋਵੇਗਾ। ਮੈਟਰੋਪੋਲਿਟਨ ਪੁਲੀਸ ਨੇ ਦੱਸਿਆ ਕਿ ਨੀਰਵ ਦੀਪਕ ਮੋਦੀ (48) ਨੂੰ 19 ਮਾਰਚ ਨੂੰ ਹੌਲਬਰਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੇ ਆਪਣੀ ਭਾਰਤ ਸਪੁਰਦਗੀ ਨੂੰ ਚੁਣੌਤੀ ਦਿੱਤੀ। ਜ਼ਿਲ੍ਹਾ ਜੱਜ ਮੈਰੀ ਨੀਰਵ ਮੋਦੀ ਗ੍ਰਿਫ਼ਤਾਰ ਮੈਲਨ ਨੇ ਮੋਦੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਉਸ ਨੂੰ 29 ਮਾਰਚ ਤੱਕ ਦੀ ਹਿਰਾਸਤ ‘ਚ ਭੇਜ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਉਸ ਦੀ ਜ਼ਮਾਨਤ ਇਸ ਲਈ ਰੱਦ ਕੀਤੀ ਗਈ ਹੈ ਕਿਉਂਕਿ ਇਸ ਗੱਲ ਦਾ ਪੱਕਾ ਆਧਾਰ ਹੈ ਕਿ ਜੇਕਰ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਤਾਂ ਉਹ ਦੋਬਾਰਾ ਆਪਣੇ ਆਪ ਨੂੰ ਅਦਾਲਤ ‘ਚ ਆਤਮ ਸਮਰਪਣ ਲਈ ਪੇਸ਼ ਨਹੀਂ ਕਰੇਗਾ।
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਲੇ ਧਨ ਨੂੰ ਸਫੈਦ ਕਰਨ ਦੇ ਕੇਸ ‘ਚ ਲੰਡਨ ਦੀ ਅਦਾਲਤ ‘ਚ ਨੀਰਵ ਮੋਦੀ ਦੀ ਹਵਾਲਗੀ ਲਈ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਬੀਤੇ ਦਿਨ ਨੇ ਨੀਰਵ ਮੋਦੀ ਦੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਗਏ। ਉਸ ਨੂੰ ਜਿੱਥੇ ਗ੍ਰਿਫ਼ਤਾਰ ਕੀਤਾ ਗਿਆ ਹੈ ਉਸ ਤੋਂ ਇਸ ਗੱਲ ਦੇ ਸੰਕੇਤ ਮਿਲਦੇ ਹਨ ਕਿ ਨੀਰਵ ਮੋਦੀ ਪੱਛਮੀ ਕਿਨਾਰੇ ਦੇ ਸੈਂਟਰ ਪੁਆਇੰਟ ਦੇ ਉਸੇ ਆਲੀਸ਼ਾਨ ਅਪਾਰਟਮੈਂਟ ‘ਚ ਰਹਿ ਰਿਹਾ ਸੀ ਜਿੱਥੇ ਉਸ ਦੇ ਹੋਣ ਦਾ ਸ਼ੱਕ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਬਰਤਾਨੀਆ ਦੀ ਅਦਾਲਤ ਨੇ ਦੱਸਿਆ ਕਿ ਨੀਰਵ ਮੋਦੀ ਕੋਲ ਤਿੰਨ ਪਾਸਪੋਰਟ ਸਨ। ਇਨ੍ਹਾਂ ‘ਚੋਂ ਇੱਕ ਪਾਸਪੋਰਟ ਇਸ ਸਮੇਂ ਮੈਟਰੋਪੋਲੀਟਨ ਪੁਲੀਸ ਕੋਲ ਹੈ, ਦੂਜਾ ਮਿਆਦ ਪੁਗਾ ਚੁੱਕਾ ਪਾਸਪੋਰਟ ਬਰਤਾਨੀਆ ਦੇ ਗ੍ਰਹਿ ਵਿਭਾਗ ਕੋਲ ਹੈ ਅਤੇ ਤੀਜਾ ਪਾਸਪੋਰਟ ਬਰਤਾਨੀਆ ਦੀ ਡਰਾਈਵਿੰਗ ਤੇ ਵਾਹਨ ਲਾਇਸੈਂਸਸਿੰਗ ਅਥਾਰਿਟੀ ਕੋਲ ਪਿਆ ਹੈ। ਇਸੇ ਦੌਰਾਨ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਕਿਹਾ ਕਿ ਨੀਰਵ ਮੋਦੀ ਨੂੰ ਵੀ ਅਗਸਤਾ ਵੈਸਟਲੈਂਡ ਕੇਸ ਦੇ ਮੁਲਜ਼ਮ ਕ੍ਰਿਸਟੀਅਨ ਮਿਸ਼ੇਲ ਦੀ ਤਰ੍ਹਾਂ ਭਾਰਤ ਲਿਆਂਦਾ ਜਾਵੇਗਾ ਤੇ ਪ੍ਰਧਾਨ ਮਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਦੇ ਰਾਜ ‘ਚ ਸਾਰੇ ‘ਚੋਰ’ ਜੇਲ੍ਹਾਂ ‘ਚ ਸੁੱਟੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਭਰੋਸਾ ਦਿੰਦੀ ਹੈ ਕਿ ਦੇਸ਼ ‘ਚੋਂ ਲੁੱਟ ਕੇ ਲਿਜਾਇਆ ਗਿਆ ਧਨ ਦੇਸ਼ ‘ਚ ਵਾਪਸ ਲਿਆਂਦਾ ਜਾਵੇਗਾ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *