ਸਮਝੌਤਾ ਐਕਸਪ੍ਰੈਸ ਕੇਸ ‘ਚ ਸਵਾਮੀ ਅਸੀਮਾਨੰਦ ਤੇ ਤਿੰਨ ਹੋਰ ਬਰੀ


ਚਸ਼ਮਦੀਦ ਗਵਾਹਾਂ ਦੇ ਬਿਆਨ ਦਰਜ ਕਰਨ ਸਬੰਧੀ ਪਾਕਿਸਤਾਨੀ ਔਰਤ ਦੀ ਪਟੀਸ਼ਨ ਖਾਰਜ
ਪੰਚਕੂਲਾ/ਇੱਥੇ ਵਿਸ਼ੇਸ਼ ਐਨਆਈਏ ਅਦਾਲਤ ਨੇ ਸਮਝੌਤਾ ਐਕਸਪ੍ਰੈੱਸ ਬੰਬ ਧਮਾਕੇ ਦੇ ਮਾਮਲੇ ‘ਚ ਸਵਾਮੀ ਅਸੀਮਾਨੰਦ ਤੇ ਤਿੰਨ ਹੋਰਾਂ ਨੂੰ ਬਰੀ ਕਰ ਦਿੱਤਾ। ਐਨਆਈਏ ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਨੇ ਫ਼ੈਸਲਾ ਸੁਣਾਉਣ ਤੋਂ ਪਹਿਲਾਂ ਪਾਕਿਸਤਾਨੀ ਔਰਤ ਦੀ ਉਹ ਪਟੀਸ਼ਨ ਵੀ ਖਾਰਜ ਕਰ ਦਿੱਤੀ, ਜਿਸ ਵਿਚ ਉਸ ਨੇ ਪਾਕਿਸਤਾਨ ਨਾਲ ਸਬੰਧਤ ਕੁਝ ਚਸ਼ਮਦੀਦ ਗਵਾਹਾਂ ਦੇ ਬਿਆਨ ਦਰਜ ਕਰਨ ਦੀ ਮੰਗ ਕੀਤੀ ਸੀ। 18 ਫਰਵਰੀ 2007 ਨੂੰ ਹੋਏ ਇਸ ਧਮਾਕੇ ਵਿੱਚ 68 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਪਾਕਿਸਤਾਨ ਦੇ ਨਾਗਰਿਕ ਸਨ।
ਕੌਮੀ ਜਾਂਚ ਏਜੰਸੀ (ਐਨਆਈਏ) ਦੇ ਵਕੀਲ ਰਾਜਨ ਮਲਹੋਤਰਾ ਨੇ ਦੱਸਿਆ ਕਿ ਸਾਰੇ ਚਾਰ ਮੁਲਜ਼ਮਾਂ ਨਬਾ ਕੁਮਾਰ ਸਰਕਾਰ ਉਰਫ਼ ਸਵਾਮੀ ਅਸੀਮਾਨੰਦ, ਲੋਕੇਸ਼ ਸ਼ਰਮਾ, ਕਮਲ ਚੌਹਾਨ ਤੇ ਰਾਜਿੰਦਰ ਚੌਧਰੀ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਭਾਰਤ-ਪਾਕਿਸਤਾਨ ਵਿਚਾਲੇ ਚੱਲਦੀ ਇਸ ਰੇਲ ਗੱਡੀ ਵਿਚ ਧਮਾਕਾ ਹਰਿਆਣਾ ਸੂਬੇ ਦੇ ਪਾਣੀਪਤ ਨੇੜੇ 18 ਫਰਵਰੀ 2007 ਨੂੰ ਹੋਇਆ ਸੀ। ਰੇਲਗੱਡੀ ਉਸ ਵੇਲੇ ਭਾਰਤੀ ਪਾਸੇ ਆਪਣੇ ਆਖ਼ਰੀ ਸਟੇਸ਼ਨ ਅੰਮ੍ਰਿਤਸਰ ਦੇ ਅਟਾਰੀ ਵੱਲ ਵੱਧ ਰਹੀ ਸੀ। ਮਲਹੋਤਰਾ ਨੇ ਦੱਸਿਆ ਕਿ ਅਦਾਲਤ ਨੂੰ ਪਾਕਿਸਤਾਨੀ ਔਰਤ ਦੀ ਅਰਜ਼ੀ ਵਿਚ ਕੋਈ ਦਮ ਨਜ਼ਰ ਨਹੀਂ ਆਇਆ। ਧਮਾਕੇ ਵਿਚ ਰੇਲਗੱਡੀ ਦੇ ਦੋ ਡੱਬੇ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ। ਇਸ ਮਾਮਲੇ ਵਿਚ ਪਹਿਲਾਂ ਹਰਿਆਣਾ ਪੁਲੀਸ ਨੇ ਕੇਸ ਦਰਜ ਕੀਤਾ ਸੀ, ਪਰ ਮਗਰੋਂ ਇਸ ਨੂੰ ਐਨਆਈਏ ਨੂੰ ਸੌਂਪ ਦਿੱਤਾ ਗਿਆ। ਐਨਆਈਏ ਨੇ ਜੁਲਾਈ 2011 ਵਿਚ ਅੱਠ ਵਿਅਕਤੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਨ੍ਹਾਂ ਅੱਠਾਂ ਵਿਚੋਂ ਸਵਾਮੀ ਅਸੀਮਾਨੰਦ, ਲੋਕੇਸ਼, ਕਮਲ ਤੇ ਰਾਜਿੰਦਰ ਨੇ ਅਦਾਲਤ ਵਿਚ ਕੇਸ ਦਾ ਸਾਹਮਣਾ ਕੀਤਾ। ਧਮਾਕੇ ਦਾ ਮੁੱਖ ਸਾਜ਼ਿਸ਼ਘਾੜਾ ਸੁਨੀਲ ਜੋਸ਼ੀ ਮੱਧ ਪ੍ਰਦੇਸ਼ ਦੇ ਦੇਵਸ ਜ਼ਿਲ੍ਹੇ ਵਿਚ ਦਸੰਬਰ 2007 ‘ਚ ਆਪਣੇ ਘਰ ਲਾਗੇ ਹੀ ਮਾਰਿਆ ਗਿਆ ਸੀ। ਤਿੰਨ ਹੋਰ ਮੁਲਜ਼ਮਾਂ ਰਾਮਚੰਦਰ ਕਲਸੰਗਰਾ, ਸੰਦੀਪ ਡਾਂਗੇ ਤੇ ਅਮਿਤ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਤੇ ਹਾਲੇ ਤੱਕ ਗ੍ਰਿਫ਼ਤਾਰੀ ਨਹੀਂ ਹੋ ਸਕੀ। ਅਸੀਮਾਨੰਦ ਜ਼ਮਾਨਤ ‘ਤੇ ਜਦਕਿ ਬਾਕੀ ਤਿੰਨ ਮੁਲਜ਼ਮ ਨਿਆਂਇਕ ਹਿਰਾਸਤ ਵਿਚ ਸਨ। ਐਨਆਈਏ ਨੇ ਇਨ੍ਹਾਂ ਉੱਤੇ ਹੱਤਿਆ ਤੇ ਅਪਰਾਧਕ ਸਾਜ਼ਿਸ਼ ਘੜਨ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਸੀ।
ਇਸ ਦੌਰਾਨ ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਸਮਝੌਤਾ ਐੈਕਸਪ੍ਰੈੱਸ ਧਮਾਕਾ ਕੇਸ ਵਿੱਚ ਸਵਾਮੀ ਅਸੀਮਾਨੰਦ ਤੇ ਤਿੰਨ ਹੋਰ ਮੁਲਜ਼ਮਾਂ ਨੂੰ ਬਰੀ ਕਰਨ ਦੇ ਫੈਸਲੇ ‘ਤੇ ਉਜਰ ਜਤਾਉਂਦਿਆਂ ਭਗਵਾ ਦਹਿਸ਼ਤਗਰਦੀ ਖ਼ਿਲਾਫ਼ ਦੋਹਰੇ ਮਾਪਦੰਡ ਤੇ ਨਰਮ ਰੁਖ਼ ਅਖ਼ਤਿਆਰ ਕਰਨ ‘ਤੇ ਸਵਾਲ ਉਠਾਇਆ ਹੈ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ, ‘ਕੇਸ ਵਿੱਚ ਆਰਐਸਐਸ ਦੇ ਸਾਬਕਾ ਮੈਂਬਰ ਸਮੇਤ ਹੋਰਨਾਂ ਮੁਲਜ਼ਮਾਂ ਖ਼ਿਲਾਫ ਕਾਫ਼ੀ ਸਬੂਤ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਅੱਲ੍ਹਾ ਮੁਆਫ ਕਰੇ, ਜੇਕਰ ਉਹ (ਮੁਲਜ਼ਮ) ਕਸ਼ਮੀਰੀ/ਮੁਸਲਿਮ ਹੁੰਦੇ ਤਾਂ ਉਨ੍ਹਾਂ ਨੂੰ ਬਿਨਾਂ ਨਿਰਪੱਖ ਸੁਣਵਾਈ ਦੇ ਹੀ ਦੋਸ਼ੀ ਕਰਾਰ ਦੇ ਕੇ ਸਲਾਖਾਂ ਪਿੱਛੇ ਡਕ ਦਿੱਤਾ ਜਾਂਦਾ। ਭਗਵਾ ਦਹਿਸ਼ਤਗਰਦੀ ਖ਼ਿਲਾਫ਼ ਦੋਹਰੇ ਮਾਪਦੰਡ ਤੇ ਨਰਮ ਰੁਖ਼ ਕਿਉਂ ਅਪਣਾਇਆ ਜਾਂਦਾ ਹੈ?’
ਇਸ ਦੌਰਾ ਪਾਕਿਸਤਾਨ ਨੇ ਭਾਰਤ ਦੇ ਹਾਈ ਕਮਿਸ਼ਨਰ ਅਜੈ ਬਿਸਾੜੀਆ ਨੂੰ ਤਲਬ ਕਰਕੇ ਸਮਝੌਤਾ ਐਕਸਪ੍ਰੈੱਸ ਧਮਾਕਾ ਕੇਸ ਦੇ ਸਾਰੇ ਮੁਲਜ਼ਮਾਂ ਨੂੰ ਬਰੀ ਕਰਨ ‘ਤੇ ਉਜਰ ਜਤਾਇਆ। ਪਾਕਿਸਤਾਨ ਦੇ ਕਾਰਜਕਾਰੀ ਵਿਦੇਸ਼ ਸਕੱਤਰ ਨੇ ਇਕ ਬਿਆਨ ਵਿੱਚ ਕਿਹਾ ਕਿ ਪਾਕਿ ਇਸ ਮੁੱਦੇ (ਕੇਸ ਦੀ ਮੱਠੀ ਰਫ਼ਤਾਰ ਤੇ ਭਾਰਤ ਵੱਲੋਂ ਧਮਾਕੇ ਦੇ ਸਾਜ਼ਿਸ਼ਘਾੜਿਆਂ ਨੂੰ ਦੋਸ਼ ਮੁਕਤ ਕਰਾਉਣ ਸਬੰਧੀ ਤੌਖਲਿਆਂ) ਨੂੰ ਕਈ ਮੌਕਿਆਂ ‘ਤੇ ਭਾਰਤ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ ਚੁੱਕਾ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *