ਫੈਡਰਲ ਬਜਟ 2019 ‘ਚ ਕਾਮਿਆਂ, ਸਰਹੱਦੀ ਸੁਰੱਖਿਆ ਅਤੇ ਮੂਲ ਨਿਵਾਸੀ ਪਰਿਵਾਰਾਂ ਨੂੰ ਪਹਿਲ

ਓਟਵਾ/ ਵਿੱਤ ਮੰਤਰੀ ਬਲ ਮੌਰਨਿਊ ਦੁਆਰਾ ਮੰਗਲਵਾਰ ਨੂੰ ਪੇਸ਼ ਕੀਤੇ ਗਏ ਫੈਡਰਲ ਬਜਟ ‘ਚ ਕਾਮਿਆਂ, ਸਰਹੱਦੀ ਸੁਰੱਖਿਆ, ਕਿਫਾਇਤੀ ਘਰਾਂ, ਕਿਸਾਨਾਂ, ਫਸਟ ਨੇਸ਼ਨਜ਼ ਅਤੇ ਇੰਡੀਜੀਨੀਅਸ ਪਰਿਵਾਰਾਂ ਨੂੰ ਮੁੱਖ ਕੇਂਦਰ ਵਿਚ ਰੱਖਿਆ ਗਿਆ ਹੈ ਅਤੇ ਇਹਨਾਂ ਵਾਸਤੇ ਵੱਧ ਤੋਂ ਵੱਧ ਫੰਡ ਰਾਂਖਵੇਂ ਰੱਖਣ ਨੂੰ ਪਹਿਲ ਦਿੱਤੀ ਗਈ ਹੈ।
ਕੈਨੇਡਾ ਟਰੇਨਿੰਗ ਬੈਨੇਫਿਟ ਤਹਿਤ ਨੌਕਰੀ ਕਰਦੇ ਕਾਮਿਆਂ ਦੇ ਹੁਨਰ ਨੂੰ ਤਰਾਸ਼ਣ ਅਤੇ ਉਹਨਾਂ ਨੂੰ ਨਵੇਂ ਹੁਨਰ ਸਿਖਾਉਣ ਵਾਸਤੇ ਅਗਲੇ ਪੰਜ ਸਾਲ ਲਈ 1.7 ਬਿਲੀਅਨ ਡਾਲਰ ਅਤੇ ਉਸ ਤੋਂ ਅਗਲੇ ਇੱਕ ਸਾਲ ਲਈ 586 ਮਿਲੀਅਨ ਡਾਲਰ ਰਾਂਖਵੇਂ ਰੱਖੇ ਗਏ ਹਨ। ਇਹਨਾਂ ਫਾਇਦਿਆਂ ਵਿਚ ਸਿਖਲਾਈ ਪ੍ਰੋਗਰਾਮਾਂ ਲਈ 250 ਡਾਲਰ ਸਾਲਾਨਾ ਟੈਕਸ ਛੋਟ ਅਤੇ ਰੁਜ਼ਗਾਰ ਬੀਮਾ ਵੀ ਸ਼ਾਮਿਲ ਹਨ, ਜਿਸ ਤਹਿਤ ਕੰਮ ਤੋਂ 4 ਹਫਤੇ ਦੂਰ ਰਹਿਣ ਸਮੇਂ ਆਉਣ ਵਾਲੇ ਖਰਚਿਆਂ ਦੀ ਭਰਪਾਈ ਕੀਤੀ ਜਾਵੇਗੀ।
ਅਗਲੇ ਪੰਜ ਸਾਲਾਂ ਦੌਰਾਨ ਸਰਹੱਦੀ ਸੁਰੱਖਿਆ ਦੀ ਮਜ਼ਬੂਤੀ ਲਈ 1.18 ਬਿਲੀਅਨ ਡਾਲਰ ਰੱਖੇ ਗਏ ਹਨ, ਜਿਸ ਵਿਚ ਸ਼ਰਨਾਰਥੀ ਅਰਜ਼ੀਆਂ ਦੀ ਨਿਆਂਇਕ ਨਜ਼ਰਸਾਨੀ ਲਈ ਵਧੇਰੇ ਜੱਜਾਂ ਦੀ ਭਰਤੀ ਕਰਨਾ ਵੀ ਸ਼ਾਮਿਲ ਹੈ।
ਕੈਨੇਡਾ ਅੰਦਰ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਵਾਸਤੇ ਘਰਾਂ ਨੂੰ ਵਧੇਰੇ ਕਿਫਾਇਤੀ ਬਣਾਉਣ ਲਈ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਜਿਸ ਤਹਿਤ ਉਹਨਾਂ ਨੂੰ ਆਰਆਰਐਸਪੀਜ਼ (25 ਹਜ਼ਾਰ ਡਾਲਰ ਤਕ) ਕੋਲੋਂ 35 ਹਜ਼ਾਰ ਡਾਲਰ ਤਕ ਕਰਜ਼ਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ।ਇਸ ਦੇ ਨਾਲ ਹੀ ਕੈਨੇਡਾ ਮਾਰਗੇਜ ਅਤੇ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਡਾਊਨ ਪੇਮੈਂਟਸ ਵਾਸਤੇ ਕੁੱਝ ਹਿੱਸਾ ਅਦਾ ਕੀਤਾ ਜਾਣਾ ਹੈ।
ਇਸ ਵਾਰ ਬਜਟ ਵਿਚ 19.8 ਬਿਲੀਅਨ ਡਾਲਰ ਦਾ ਵਿੱਤੀ ਘਾਟਾ ਵਿਖਾਇਆ ਗਿਆ ਹੈ, ਜਿਸ ਵਿਚ 3 ਬਿਲੀਅਨ ਡਾਲਰ ‘ਰਿਸਕ ਐਡਜਸਟਮੈਂਟ’ ਵੀ ਸ਼ਾਮਿਲ ਹੈ। ਇਹ ਘਾਟਾ ਪਿਛਲੇ ਸਾਲ ਦੇ ਅਨੁਮਾਨ ਨਾਲੋਂ 200ਮਿਲੀਅਨ ਡਾਲਰ ਵਧੇਰੇ ਹੈ। ਲਿਬਰਲਾਂ ਨੇ ਆਪਣੇ ਅਨੁਮਾਨ ਵਿਚ ਮੁੜ ਵਿੱਤੀ ਘਾਟਾ ਵਿਖਾਇਆ ਹੈ, ਪਰ ਇਹ ਪਿਛਲੇ ਸਾਲ ਜਿੰਨਾ ਤੇਜ਼ ਨਹੀਂ ਹੈ। 2023-2024 ਤਕ ਫੈਡਰਲ ਘਾਟੇ ਦਾ ਅਨੁਮਾਨ 11.4 ਬਿਲੀਅਨ ਵਿਖਾਇਆ ਗਿਆ ਹੈ।
ਨਵੇਂ ਬਜਟ ਵਿਚ 3.9 ਬਿਲੀਅਨ ਉਹਨਾਂ ਕਿਸਾਨਾਂ ਲਈ ਰੱਖੇ ਗਏ ਹਨ, ਜਿਹੜੇ ਯੂਰਪ ਅਤੇ ਪੈਸੀਫਿਕ ਰਿਮ ਦੇਸ਼ਾਂ ਦੇ ਇੱਕ ਬਲਾਕ ਨਾਲ ਹੋਏ ਨਵੇਂ ਵਪਾਰ ਸਮਝੌਤਿਆਂ ਨਾਲ ਸਪਲਾਈ ਮੈਨੇਜਿਡ ਇੰਡਰਸਟਰੀਜ਼ ਉੱਤੇ ਹੋਏ ਅਸਰ ਤੋਂ ਪ੍ਰਭਾਵਿਤ ਹੋਏ ਹਨ।
ਨਵੇਂ ਬਜਟ ਵਿਚ 2.2 ਬਿਲੀਅਨ ਡਾਲਰ ਮਿਉਂਸੀਪੈਲਟੀਜ਼ ਅਤੇ ਫਸਟ ਨੇਸ਼ਨਜ਼ ਦੇ ਬੁਨਿਆਦੀ ਪ੍ਰਾਜੈਕਟਾਂ ਲਈ ਰੱਖੇ ਗਏ ਹਨ। ਨਵੇਂ ਬਜਟ ਵਿਚ ਅਗਲੇ ਤਿੰਨ ਸਾਲਾਂ ਦੌਰਾਨ ਇੰਡੀਜੀਨੀਅਸ ਪਰਿਵਾਰਾਂ ਅਤੇ ਬੱਚਿਆਂ ਲਈ ਸਮਾਜਿਕ ਸਹੂਲਤਾਂ ਵਧਾਉਣ ਵਾਸਤੇ 1.2 ਬਿਲੀਅਨ ਰੱਖੇ ਗਏ ਹਨ। ਇਸ ਪੈਕਜ ਤਹਿਤ ਜ਼ਿਆਦਾਤਰ ਖਰਚਾ ਇੰਡੀਜੀਨੀਅਸ ਪਰਿਵਾਰਾਂ ਉੱਤੇ ਕੀਤਾ ਜਾਣਾ ਹੈ।
ਨਵੇਂ ਬਜਟ ਵਿਚ ਕੈਨੇਡਾ ਵਿਦਿਆਰਥੀ ਕਰਜ਼ਿਆਂ ਦੀ ਵਿਆਜ ਦਰਜ ਮੌਜੂਦਾ ਪ੍ਰਾਈਮ ਪਲੱਸ 2.5 ਫੀਸਦੀ ਪੋਆਇੰਟ ਤੋਂ ਘਟਾ ਕੇ ਪ੍ਰਾਈਮ ਰੇਟ ਉੱਤੇ ਲਿਆਂਦੀ ਜਾ ਰਹੀ ਹੈ।
ਨਵੇਂ ਬਜਟ ਵਿਚ ਨਵੀਆਂ ਦਵਾਈਆਂ ਦੀ ਕੁਸ਼ਲਤਾ ਅਤੇ ਅਸਰ ਦੇ ਕੇਂਦਰੀ ਮੁਲੰਕਣ ਲਈ ਅਤੇ ਦਵਾਈਆਂ ਦੀ ਸੂਬਾਈ ਪੱਧਰ ਦੀ ਬਜਾਇ ਰਾਸ਼ਟਰੀ ਪੱਧਰ ਉੱਤੇ ਖਰੀਦਦਾਰੀ ਲਈ ਇੱਕ ਨਵੀਂ ਕੈਨੇਡੀਅਨ ਡਰੱਗ ਏਜੰਸੀ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਵਿਲੱਖਣ ਬੀਮਾਰੀਆਂ ਦੀਆਂ ਦਵਾਈਆਂ ਵਾਜਿਬ ਰੇਟਾਂ ਉੱਤੇ ਦੇਣ ਲਈ 2022 ਤੋਂ ਸਾਲਾਨਾ 500 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ।
ਨਵੇਂ ਬਜਟ ਵਿਚ ਅਗਲੇ ਤਿੰਨ ਸਾਲਾਂ ਦੌਰਾਨ ਇਲੈਕਟ੍ਰਿਕ ਜਾਂ ਹਾਈਡਰੋਜਨ ਨਾਲ ਚੱਲਣ ਵਾਲੇ ਵਾਹਨਾਂ( ਵੱਧ ਤੋਂ ਵੱਧ 45 ਹਜ਼ਾਰ ਡਾਲਰ ਦੀ ਕੀਮਤ ਵਾਲੇ) ਉੱਤੇ 5 ਹਜ਼ਾਰ ਡਾਲਰ ਤਕ ਦੀ ਸਬਸਿਡੀ ਦੇਣ ਲਈ 300 ਮਿਲੀਅਨ ਡਾਲਰ ਰੱਖੇ ਗਏ ਹਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *