ਕੈਨੇਡਾ ਅੰਦਰ ਟਾਗਾਲੋਗ, ਅਰਬੀ ਅਤੇ ਉਰਦੂ ਬੋਲਣ ਵਾਲਿਆਂ ਦੀ ਗਿਣਤੀ ਵਧੀ

ਓਟਵਾ/ ਫਿਲੀਪਾਇਨਜ਼ ਦੀ ਰਾਸ਼ਟਰੀ ਭਾਸ਼ਾ ਟਾਗਾਲੋਗ, ਅਰਬੀ ਅਤੇ ਪਾਕਿਸਤਾਨ ਦੀ ਰਾਸ਼ਟਰੀ ਭਾਸ਼ਾ ਉਰਦੂ, ਜਿਸ ਨੂੰ ਭਾਰਤ ਅੰਦਰ ਵੀ ਸਰਕਾਰੀ ਭਾਸ਼ਾ ਦਾ ਰੁਤਬਾ ਹਾਸਲ ਹੈ, ਕੈਨੇਡਾ ਅੰਦਰ ਤੇਜ਼ੀ ਨਾਲ ਵਿਕਾਸ ਕਰ ਰਹੀਆਂ ਭਾਸ਼ਾਵਾਂ ਵਿਚ ਸ਼ਾਮਿਲ ਹੋ ਗਈਆਂ ਹਨ।
ਇਸ ਦੀ ਜਾਣਕਾਰੀ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਵਿਚ ਦਿੱਤੀ ਗਈ ਹੈ। ਇਹਨਾਂ ਅੰਕੜਿਆਂ ਅਨੁਸਾਰ 2006 ਦੇ ਮੁਕਾਬਲੇ ਟਾਗਾਲੋਗ ਨੂੰ ਆਪਣੀ ਮਾਂ-ਬੋਲੀ ਦੱਸਣ ਵਾਲੇ ਲੋਕਾਂ ਦੀ ਗਿਣਤੀ 431,385 ਹੋਣ ਨਾਲ ਇਸ ਵਿਚ 83.1 ਫੀਸਦੀ ਵਾਧਾ ਹੋਇਆ ਹੈ, ਜਦਕਿ ਅਰਬੀ ਬੋਲਣ ਵਾਲਿਆਂ ਦੀ ਗਿਣਤੀ 419,890 ਤਕ ਪੁੱਜਣ ਨਾਲ ਉਹਨਾਂ ਵਿਚ 60.5 ਫੀਸਦੀ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਉਰਦੂ ਬੋਲਣ ਵਾਲਿਆਂ ਦੀ ਗਿਣਤੀ 210,820 ਹੋ ਜਾਣ ਨਾਲ ਉਹਨਾਂ ਦੀ ਗਿਣਤੀ ਵਿਚ 44.6 ਫੀਸਦੀ ਵਾਧਾ ਵੇਖਣ ਨੂੰ ਮਿਲਿਆ ਹੈ।
ਇਸ ਤੋਂ ਬਾਕੀ ਭਾਸ਼ਾਵਾਂ, ਜਿਹਨਾਂ ਨੂੰ ਬੋਲਣ ਵਾਲਿਆਂ ਦੀ ਗਿਣਤੀ ਵਿਚ ਦੋਹਰੇ ਅੰਕੜੇ ਵਾਲਾ ਵਾਧਾ ਵੇਖਣ ਨੂੰ ਮਿਲਿਆ ਹੈ, ਉਹਨਾਂ ਵਿਚ ਪੰਜਾਬੀ (36.5 ਫੀਸਦੀ), ਸਪੈਨਿਸ਼ (32.9 ਫੀਸਦੀ) ਅਤੇ ਚੀਨੀ (23.8 ਫੀਸਦੀ) ਸ਼ਾਮਿਲ ਹਨ। ਇਹਨਾਂ ਬੁਲਾਰਿਆਂ ਦੀ ਕੁੱਲ ਗਿਣਤੀ 2016 ਵਿਚ ਵਧ ਕੇ 1.253 ਮਿਲੀਅਨ ਹੋ ਚੁੱਕੀ ਹੈ।
ਇਸ ਤੋਂ ਇਲਾਵਾ ਯੂਰਪੀ ਭਾਸ਼ਾਵਾਂ ਨੂੰ ਬੋਲਣ ਵਾਲਿਆਂ ਦੀ ਗਿਣਤੀ ਵਿਚ ਦੋਹਰੇ ਅੰਕੜੇ ਵਾਲੀ ਗਿਰਾਵਟ ਵੇਖਣ ਨੂੰ ਮਿਲੀ ਹੈ। ਸਰਵੇ ਦੌਰਾਨ ਪਤਾ ਚੱਲਿਆ ਹੈ ਕਿ ਇਟਾਲੀਅਨ ਅਤੇ ਜਰਮਨੀ ਨੂੰ ਮਾਂ-ਬੋਲੀ ਲਿਖਵਾਉਣ ਵਾਲਿਆਂ ਦੀ ਗਿਣਤੀ ਵਿਚ ਕ੍ਰਮਵਾਰ 17.4 ਫੀਸਦੀ ਅਤੇ 14.8 ਫੀਸਦੀ ਕਮੀ ਆਈ ਹੈ।
ਕੈਨੇਡਾ ਦੀਆਂ ਦੋ ਸਰਕਾਰੀ ਭਾਸ਼ਾਵਾਂ ਦੀ ਗੱਲ ਕੀਤੀ ਜਾਵੇ ਤਾਂ 7.16 ਮਿਲੀਅਨ ਲੋਕਾਂ ਨੇ ਆਪਣੀ ਮਾਂ ਬੋਲੀ ਫਰੈਂਚ ਹੋਣ ਦਾ ਦਾਅਵਾ ਕੀਤਾ ਹੈ, ਜੋ ਕਿ 5.1 ਫੀਸਦੀ ਵਾਧਾ ਹੈ ਜਦਕਿ ਅੰਗਰੇਜ਼ੀ ਨੂੰ ਆਪਣੀ ਮਾਂ ਬੋਲੀ ਦੱਸਣ ਵਾਲਿਆਂ ਦੀ ਗਿਣਤੀ 19.46 ਮਿਲੀਅਨ ਤਕ ਪੁੱਜ ਗਈ ਹੈ ਜੋ ਕਿ 8.8 ਫੀਸਦੀ ਵਾਧਾ ਹੈ।
ਅਜਿਹੇ ਅੰਕੜਿਆਂ ਰਾਹੀਂ ਪਰਵਾਸ ਦੇ ਤਰੀਕਿਆਂ ਅਤੇ ਕੁਦਰਤੀ ਜਨਮ ਦਰ ਵਿਚ ਆ ਰਹੇ ਪਰਿਵਰਤਨਾਂ ਸਦਕਾ ਸਥਾਨਕ ਵਸੋਂ ‘ਚ ਆਉਣ ਵਾਲੀਆਂ ਤਬਦੀਲੀਆਂ ਦੀ ਝਲਕ ਮਿਲਦੀ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *