ਜਸਟਿਨ ਟਰੂਡੋ ਵੱਲੋਂ ਨਿਊਜ਼ੀਲੈਂਡ ਗੋਲੀਬਾਰੀ ਮਗਰੋਂ ਖੁਣਸੀ ਤੇ ਵੰਡ ਪਾਊ ਤੱਤਾਂ ਦੀ ਨਿਖੇਧੀ

ਓਟਵਾ/ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਇੱਕ ਬੇਹੱਦ ਜਜ਼ਬਾਤੀ ਅਪੀਲ ਵਿਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਨਫਰਤ ਵਾਲੀ ਵਿਚਾਰਧਾਰਾ ਨੂੰ ਤਿਆਗਣ ਲਈ ਕਿਹਾ ਅਤੇ ਉਸ ਅਸਹਿਣਸ਼ੀਲਤਾ ਦੀ ਸਖ਼ਤ ਨਿਖੇਧੀ ਕੀਤੀ, ਜਿਹੜੀ ਨਿਊਜ਼ੀਲੈਡ ਵਿਚ 50 ਮੁਸਲਮਾਨਾਂ ਦਾ ਬੇਰਹਿਮੀ ਨਾਲ ਕਤਲ ਕਰਵਾਉਣ ਦੀ ਵਜ੍ਹਾ ਬਣੀ ਹੈ।
ਗੁੱਸੇ ਵਿਚ ਨਜ਼ਰ ਆ ਰਹੇ ਟਰੂਡੋ ਨੇ ਸਮਾਜ ਦੇ ਉਹਨਾਂ ਛੋਟੇ ਖੁਣਸੀ ਅਤੇ ਵੰਡ ਪਾਊ ਤੱਤਾਂ ਨੂੰ ਭੰਡਿਆ, ਜਿਹੜੇ ਇਹ ਪ੍ਰਚਾਰ ਕਰਦੇ ਹਨ ਕਿ ਵੰਨ-ਸੁਵੰਨਤਾ ਇੱਕ ਕਮਜ਼ੋਰੀ ਹੈ ਅਤੇ ਨਫਰਤ ਉਗਲਦੇ ਅਤੇ ਕਰੂਰਤਾ ਨੂੰ ਉਕਸਾਉਂਦੇ ਹਨ।
ਉਹਨਾਂ ਨੇ ਕ੍ਰਾਈਸਟਚਰਚ ਦੇ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਇੱਕਮੁੱਠਤਾ ਜ਼ਾਹਿਰ ਲਈ ਜੁੜੇ ਹਾਊਸ ਆਫ ਕਾਮਨਜ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਨਲਾਇਨ ਪਰੇਸ਼ਾਨ ਕਰਨਾ, ਅਗਿਆਤ ਚਿੱਠੀਆਂ, ਪੂਜਾ ਦੇ ਸਥਾਨਾਂ ਦਾ ਨਿਰਾਦਰ, ਹਿੰਸਾ ਅਤੇ ਇੱਥੋਂ ਤਕ ਕਿ ਕਤਲ ਕਰਨਾ, ਅਸੀਂ ਇਹ ਕੈਨੇਡਾ ਵਿਚ ਵੇਖਿਆ ਹੈ। ਉਹਨਾਂ ਕਿਹਾ ਕਿ ਜਦੋਂ ਅਸੀਂ ਡਟ ਕੇ ਨਫਰਤ ਦੀ ਨਿਖੇਧੀ ਨਹੀਂ ਕਰਦੇ ਤਾਂ ਅਸੀਂ ਅਜਿਹੇ ਲੋਕਾਂ ਨੂੰ ਤਾਕਤਵਰ ਬਣਾਉਂਦੇ ਹਾਂ ਅਤੇ ਉਹਨਾਂ ਦੀ ਹਿੰਸਾ ਨੂੰ ਜਾਇਜ਼ ਠਹਿਰਾਉਂਦੇ ਹਾਂ।
ਟਰੂਡੋ ਨੇ ਪਿਛਲੇ ਸਾਲਾਂ ਦੌਰਾਨ ਹੋਏ ਉਹਨਾਂ ਬਹੁਤ ਸਾਰੇ ਹਮਲਿਆਂ ਉਤੇ ਦੁੱਖ ਅਤੇ ਅਫਸੋਸ ਪ੍ਰਗਟ ਕੀਤਾ, ਜਿਹੜੇ ਮੰਦਿਰਾਂ, ਮਸਜਿਦਾਂ, ਚਰਚਾਂ, ਸਕੂਲਾਂ, ਮਾਲਾਂ ਅਤੇ ਸੰਗੀਤਕ ਪ੍ਰੋਗਰਾਮਾਂ ਦੌਰਾਨ ਕੀਤੇ ਗਏ ਅਤੇ ਜਿਹਨਾਂ ਦੌਰਾਨ ਸੈਕੜੇ ਬੇਗੁਨਾਹਾਂ ਦੀਆਂ ਜਾਨਾਂ ਚਲੀਆਂ ਗਈਆਂ। ਉਹਨਾਂ ਕਿਹਾ ਕਿ ਮੈਂ ਪ੍ਰਾਰਥਨਾਵਾਂ ਕਰਕੇ ਥੱਕ ਗਿਆ ਹਾਂ। ਪੂਰੀ ਦੁਨੀਆਂ ਦੇ ਲੋਕ ਇਸ ਕਿਸਮ ਦੀ ਹਿੰਸਾ ਤੋਂ ਅੱਕੇ ਪਏ ਹਨ। ਸਾਨੂੰ ਇਸ ਨਫਰਤ ਨੂੰ ਪਾਰਟੀਆਂ ਵਿਚੋਂ ਬਾਹਰ ਕੱਢਣਾ ਪੈਣਾ ਹੈ। ਇਸ ਖਿਲਾਫ ਆਨਲਾਇਨ ਜੰਗ ਕਰਨੀ ਪੈਣੀ ਹੈ, ਟਾਊਨ ਹਾਲਾਂ ਅੰਦਰ ਇਸ ਦੀ ਨਿਖੇਧੀ ਕਰਨੀ ਪੈਣੀ ਅਤੇ ਸਾਡੇ ਦਰਵਾਜ਼ੇ ਉੱਤੇ ਪਹੁੰਚਣ ‘ਤੇ ਇਸ ਨੂੰ ਪਿਛਾਹ ਧੱਕਣਾ ਪੈਣਾ ਹੈ।
ਇਸ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਡਰਿਊ ਸ਼ੀਅਰ ਨੇ ਵੀ ਟਰੂਡੋ ਦਾ ਸਾਥ ਦਿੰਦਿਆਂ ਸਾਰੀਆਂ ਨਸਲੀ ਵਿਚਾਰਧਾਰਾਵਾਂ ਅਤੇ ਪੱਖਪਾਤੀ ਸਿਧਾਂਤਾਂ ਦੀ ਨਿਖੇਧੀ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਕੈਨੇਡਾ ਮੁੱਢ ਤੋਂ ਹੀ ਇਕ ਅਜਿਹਾ ਦੇਸ਼ ਰਿਹਾ ਹੈ, ਜਿਹੜਾ ਅਜਿਹੀਆਂ ਕਦਰਾਂ-ਕੀਮਤਾਂ ਉਤੇ ਉੱਸਰਿਆ ਹੈ, ਜੋ ਕਿ ਧਾਰਮਿਕ, ਨਸਲੀ ਅਤੇ ਭਾਸ਼ਾਵੀ ਵਖਰੇਂਵਿਆਂ ਤੋਂ ਪਾਰ ਦੀ ਗੱਲ ਕਰਦੀਆਂ ਹਨ। ਅਸੀਂ ਅਜਿਹੇ ਹਾਂ ਅਤੇ ਅਜਿਹੇ ਹੀ ਰਹਾਂਗੇ। ਜਿਹੜੇ ਇਸ ਤੋਂ ਉਲਟ ਸੋਚਦੇ ਹਨ, ਉਹਨਾਂ ਲਈ ਸਾਡੇ ਲੋਕਤੰਤਰ ਅੰਦਰ ਕੋਈ ਥਾਂ ਨਹੀਂ ਹੈ।
ਹਾਊਸ ਆਫ ਕਾਮਨਜ਼ ਵਿਚ ਦਿੱਤੇ ਆਪਣੇ ਪਹਿਲੇ ਭਾਸ਼ਣ ਦੌਰਾਨ ਐਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਗਲਤ ਭਾਸ਼ਾ ਦੀ ਵਰਤੋਂ ਅਤੇ ਪਰਵਾਸ ਨੂੰ ਇੱਕ ਖਤਰਾ ਦੱਸਣਾ ਡਰ ਅਤੇ ਨਫਰਤ ਪੈਦਾ ਕਰ ਸਕਦਾ ਹੈ। ਆਓ ਆਪਣੇ ਦਿਲਾਂ ਨੂੰ ਖੋਲ੍ਹੀਏ ਅਤੇ ਅਗਿਆਨਤਾ ਨੂੰ ਪਾਸੇ ਕਰਕੇ ਸਮਝਦਾਰੀ ਨੂੰ ਅਪਣਾਈਏ, ਜਿਸ ਨਾਲ ਇਕ ਹਮਦਰਦੀ ਵਾਲਾ ਮਾਹੌਲ ਪੈਦਾ ਹੋਵੇਗਾ ਕਿ ਅਸੀਂ ਇਕ ਦੂਜੇ ਦੀ ਪਰਵਾਹ ਕਰਦੇ ਹਾਂ।

 

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *